ਯੂਕਰੇਨ: ਰੂਸ ਵੱਲੋਂ ਰੇਲਵੇ ਸਟੇਸ਼ਨਾਂ ਅਤੇ ਨਾਗਰਿਕਾਂ ’ਤੇ ਬੰਬਾਰੀ

ਕੀਵ: ਰੂਸ ਨੇ ਅੱਜ ਯੂਕਰੇਨ ਦੇ ਅੰਦਰ ਕਈ ਰੇਲ ਸਟੇਸ਼ਨਾਂ ਅਤੇ ਤੇਲ ਭੰਡਾਰ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਹ ਹਮਲੇ ਯੂਕਰੇਨ ਨੂੰ ਮਿਲ ਰਹੀ ਮਦਦ ਰੋਕਣ ਦੇ ਮਕਸਦ ਨਾਲ ਕੀਤੇ ਗਏ ਹਨ। ਇਨ੍ਹਾਂ ਹਮਲਿਆਂ ਵਿਚ ਇਕ ਵਰਕਰ ਮਾਰਿਆ ਗਿਆ ਹੈ। ਲਵੀਵ ਨੇੜੇ ਮਿਜ਼ਾਈਲ ਨਾਲ ਹਮਲਾ ਕੀਤਾ ਗਿਆ ਹੈ। ਯੂਕਰੇਨ ਦੇ ਕੇਂਦਰੀ ਖਿੱਤੇ ਵਿਚ ਇਕ ਹਮਲੇ ’ਚ ਪੰਜ ਜਣੇ ਮਾਰੇ ਗਏ ਹਨ। 

ਰੂਸ ਵੱਲੋਂ ਕੀਤੀ ਬੰਬਾਰੀ ’ਚ ਦੋਨੇਤਸਕ ਖਿੱਤੇ ’ਚ ਚਾਰ ਲੋਕ ਮਾਰੇ ਗਏ ਹਨ ਤੇ 9 ਫੱਟੜ ਹੋ ਗਏ ਹਨ। ਮ੍ਰਿਤਕਾਂ ਵਿਚ 9 ਸਾਲਾਂ ਦੀ ਬੱਚੀ ਤੇ 14 ਸਾਲਾਂ ਦਾ ਲੜਕਾ ਸ਼ਾਮਲ ਹਨ। ਲੁਹਾਂਸਕ ਵਿਚ ਪਿਛਲੇ 24 ਘੰਟਿਆਂ ਦੌਰਾਨ ਰੂਸ ਨੇ 17 ਵਾਰ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਹੈ। ਇਸੇ ਦੌਰਾਨ ਮੋਲਡੋਵਾ ਦੀ ਪੁਲੀਸ ਨੇ ਯੂਕਰੇਨ ਦੀ ਪੱਛਮੀ ਸਰਹੱਦ ਉਤੇ ਦੋ ਧਮਾਕਿਆਂ ਦੀ ਸੂਚਨਾ ਦਿੱਤੀ ਹੈ। ਮੋਲਡੋਵਾ ਦੇ ਇਕ ਵੱਖਵਾਦੀ ਖੇਤਰ ਵਿਚ ਰੂਸ ਦੇ 1500 ਸੈਨਿਕ ਤਾਇਨਾਤ ਹਨ। ਇਸੇ ਦੌਰਾਨ ਅਮਰੀਕਾ ਨੇ ਯੂਕਰੇਨ ਨੂੰ ਹੋਰ ਹਥਿਆਰ ਭੇਜੇ ਹਨ। 

ਉਨ੍ਹਾਂ ਕਿਹਾ ਕਿ ਪੱਛਮੀ ਸਹਿਯੋਗੀਆਂ ਵੱਲੋਂ ਭੇਜੀ ਜਾ ਰਹੀ ਮਦਦ ਨਾਲ ਦੋ ਮਹੀਨੇ ਤੋਂ ਚੱਲ ਰਹੀ ਜੰਗ ਨੇ ਨਵਾਂ ਮੋੜ ਲਿਆ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਹੈ ਕਿ ‘ਰੂਸ ਡਿੱਗ ਰਿਹਾ ਹੈ ਤੇ ਯੂਕਰੇਨ ਸਫ਼ਲ ਹੋ ਰਿਹਾ ਹੈ।’ ਜ਼ਿਕਰਯੋਗ ਹੈ ਕਿ ਸੋਮਵਾਰ ਅਮਰੀਕੀ ਵਿਦੇਸ਼ ਮੰਤਰੀ ਤੇ ਰੱਖਿਆ ਮੰਤਰੀ ਲੌਇਡ ਆਸਟਿਨ ਨੇ ਕੀਵ ਦਾ ਦੌਰਾ ਕੀਤਾ ਸੀ ਤੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨਾਲ ਮੁਲਾਕਾਤ ਕੀਤੀ ਸੀ। ਬਲਿੰਕਨ ਨੇ ਦੱਸਿਆ ਕਿ ਅਮਰੀਕਾ, ਯੂਕਰੇਨ ਦੀ ਹਥਿਆਰਾਂ ਦੇ ਪੱਖ ਤੋਂ ਪੂਰੀ ਮਦਦ ਕਰ ਰਿਹਾ ਹੈ। ਅਮਰੀਕਾ ਦੇ ਰੱਖਿਆ ਮੰਤਰੀ ਲੌਇਡ ਆਸਟਿਨ ਨੇ ਕਿਹਾ ਕਿ ਉਹ ਯੂਕਰੇਨ ਨੂੰ ਇਕ ਖ਼ੁਦਮੁਖਤਿਆਰ, ਲੋਕਤੰਤਰਿਕ ਮੁਲਕ ਵਜੋਂ ਦੇਖਣਾ ਚਾਹੁੰਦੇ ਹਨ, ਪਰ ਨਾਲ ਹੀ ਇਹ ਵੀ ਚਾਹੁੰਦੇ ਹਨ ਕਿ ਰੂਸ ਇੱਥੇ ਐਨਾ ਕਮਜ਼ੋਰ ਪੈ ਜਾਵੇ ਕਿ ਯੂਕਰੇਨ ਉਤੇ ਹਮਲੇ ਜਿਹੀਆਂ ਕਾਰਵਾਈਆਂ ਦੁਬਾਰਾ ਨਾ ਕਰ ਸਕੇ। -ਏਪੀ/ਰਾਇਟਰਜ਼

ਰੂਸੀ ਵਿਦੇਸ਼ ਮੰਤਰੀ ਨੇ ਪਰਮਾਣੂ ਟਕਰਾਅ ਦੀ ਚਿਤਾਵਨੀ ਦੁਹਰਾਈ

ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲੈਵਰੋਵ ਨੇ ਕਿਹਾ ਹੈ ਕਿ ਉਹ ਪੱਛਮੀ ਦੇਸ਼ਾਂ ਵੱਲੋਂ ਯੂਕਰੇਨ ਭੇਜੇ ਜਾ ਰਹੇ ਹਥਿਆਰਾਂ ਨੂੰ ਨਿਸ਼ਾਨਾ ਬਣਾਉਣਗੇ। ਇਕ ਇੰਟਰਵਿਊ ਵਿਚ ਲੈਵਰੋਵ ਨੇ ਪਰਮਾਣੂ ਟਕਰਾਅ ਦੀ ਚਿਤਾਵਨੀ ਨੂੰ ਵੀ ਦੁਹਰਾਇਆ। ਰੂਸੀ ਆਗੂ ਨੇ ਕਿਹਾ ਕਿ ਇਸ ਨੂੰ ਹਲਕੇ ਵਿਚ ਨਾ ਲਿਆ ਜਾਵੇ। ਦੱਸਣਯੋਗ ਹੈ ਕਿ ਜਦ ਰੂਸ ਨੇ 24 ਫਰਵਰੀ ਨੂੰ ਯੂਕਰੇਨ ’ਤੇ ਹਮਲਾ ਕੀਤਾ ਸੀ ਤਾਂ ਇਸ ਦਾ ਸਪੱਸ਼ਟ ਮਕਸਦ ਕੀਵ ਉਤੇ ਕਬਜ਼ਾ ਕਰਨਾ ਸੀ ਪਰ ਯੂਕਰੇਨ ਨੇ ਪੱਛਮੀ ਤਾਕਤਾਂ ਦੀ ਮਦਦ ਨਾਲ ਇਸ ਹੱਲੇ ਨੂੰ ਨਾਕਾਮ ਕਰ ਦਿੱਤਾ ਤੇ ਰੂਸ ਨੂੰ ਪਿੱਛੇ ਧੱਕ ਦਿੱਤਾ। ਰੂਸ ਹੁਣ ਡੋਨਬਾਸ ਖਿੱਤੇ ਉਤੇ ਕਬਜ਼ੇ ਲਈ ਜੂਝ ਰਿਹਾ ਹੈ ਜੋ ਕਿ ਉਦਯੋਗਿਕ ਕੇਂਦਰ ਹੈ।

Leave a Reply

Your email address will not be published. Required fields are marked *