ਪਿਤਾ ਤੇ ਪਤਨੀ ਨਾਲ ਸੈਰ ਕਰਨ ਨਿਕਲੇ ਨੌਜਵਾਨ ਦਾ ਦੋ ਨਸ਼ੇੜੀਆਂ ਵੱਲੋਂ ਕਤਲ

ਪਟਿਆਲਾ : ਰਾਤ ਨੂੰ ਰੋਟੀ ਖਾ ਕੇ ਪਿਤਾ ਤੇ ਪਤਨੀ ਨਾਲ ਸੈਰ ਲਈ ਨਿਕਲੇ 21 ਸਾਲਾ ਨੌਜਵਾਨ ਦਾ ਦੋ ਵਿਅਕਤੀਆਂ ਨੇ ਕਤਲ ਕਰ ਦਿੱਤਾ। ਮੁਲਜ਼ਮ ਨਸ਼ੇ ਦੀ ਹਾਲਤ ਵਿਚ ਸਨ। ਘਟਨਾ 22 ਜੂਨ ਦੀ ਰਾਤ 12 ਵਜੇ ਤੋਂ ਬਾਅਦ ਦੀ ਹੈ, ਜਿਸ ਤੋਂ ਬਾਅਦ ਜ਼ਖ਼ਮੀ ਹਾਲਤ ਵਿਚ ਨੌਜਵਾਨ ਨੂੰ ਰਜਿੰਦਰਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਜਿਥੇ ਇਲਾਜ ਦੌਰਾਨ ਨੌਜਵਾਨ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ 23 ਜੂਨ ਨੂੰ ਦਮ ਤੋੜ ਦਿੱਤਾ। ਮਿ੍ਤਕ ਨੌਜਵਾਨ ਦੀ ਪਛਾਣ ਮਿਥੁਨ ਪਟੇਲ ਵਾਸੀ ਫੈਕਟਰੀ ਏਰੀਆ ਪਟਿਆਲਾ ਵਜੋਂ ਹੋਈ ਹੈ।
ਘਟਨਾ ਤੋਂ ਬਾਅਦ ਰਜਿੰਦਰਾ ਹਸਪਤਾਲ ਪੁੱਜੀ ਪੁਲਿਸ ਨੇ ਮਿਥੁਨ ਦੇ ਪਿਤਾ ਕਿਸ਼ੋਰ ਪਟੇਲ ਵਾਸੀ ਪਿੰਡ ਕਠਾਰ ਧਰਨਾ ਬਿਹਾਰ ਦੀ ਸ਼ਿਕਾਇਤ ‘ਤੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਕਿਸ਼ੋਰ ਪਟੇਲ ਇਨ੍ਹੀਂ ਦਿਨੀਂ ਲੁਧਿਆਣਾ ਵਿਖੇ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਹੈ। ਫਿਲਹਾਲ ਦੋਵੇਂ ਮੁਲਜ਼ਮ ਫਰਾਰ ਹਨ ਤੇ ਪੁਲਿਸ ਵੱਲੋਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਕਿਸ਼ੋਰ ਪਟੇਲ ਅਨੁਸਾਰ ਉਸਦਾ ਲੜਕਾ ਮਿਥੁਨ ਫੈਕਟਰੀ ਏਰੀਆ ਇਲਾਕੇ ਵਿਚ ਕਰੀਬ ਇਕ ਸਾਲ ਤੋਂ ਰਹਿ ਰਿਹਾ ਸੀ ਤੇ ਦਿਹਾੜੀ ਦਾ ਕੰਮ ਕਰਦਾ ਸੀ। ਕਿਸ਼ੋਰ ਤੇ ਉਸਦਾ ਪਰਿਵਾਰ ਲੁਧਿਆਣਾ ਤੋਂ 22 ਜੂਨ ਨੂੰ ਮਿਥੁਨ ਨੂੰ ਮਿਲਣ ਪਟਿਆਲਾ ਆਏ ਸਨ। ਰਾਤ ਨੂੰ ਖਾਣਾ ਖਾ ਘਰ ਦੇ ਬਾਹਰ ਸੈਰ ਕਰਨ ਲਈ ਨਿਕਲੇ ਸਨ। ਸੈਰ ਕਰਦਿਆਂ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਤੋਂ ਹੋ ਕੇ ਵਾਪਸ ਆ ਰਹੇ ਸਨ।
ਕਰੀਬ 12 ਵਜੇ ਰਸਤੇ ਵਿਚ ਨਸ਼ੇ ਦੀ ਹਾਲਤ ਵਿਚ ਦੋ ਵਿਅਕਤੀ ਆਏ ਤੇ ਕਥਿੱਤ ਤੌਰ ’ਤੇ ਝਗੜਾ ਕਰਨ ਲੱਗੇ। ਇਸ ਦੌਰਾਨ ਇਕ ਜਣੇ ਨੇ ਬੋਤਲ ਤੋੜ ਕੇ ਮਿਥੁਨ ਦੇ ਢਿੱਡ ਵਿਚ ਮਾਰ ਦਿੱਤੀ ਤੇ ਦੂਜੇ ਨੇ ਪੱਥਰ ਨਾਲ ਹਮਲਾ ਕਰ ਦਿੱਤਾ। ਮਿਥੁਨ ਦੇ ਸਿਰ ਤੇ ਛਾਤੀ ‘ਤੇ ਸੱਟਾਂ ਲੱਗੀਆਂ। ਕਿਸ਼ੋਰ ਨੇ ਤੇ ਮਿਥੁਨ ਦੀ ਪਤਨੀ ਨੇ ਰੌਲਾ ਪਾਇਆ ਤਾਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਮਿਥੁਨ ਨੂੰ ਜ਼ਖ਼ਮੀ ਹਾਲਤ ਵਿਚ ਰਜਿੰੰਦਰਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਕਿਸ਼ੋਰ ਨੂੰ ਸ਼ੱਕ ਹੈ ਕਿ ਲੁੱਟਣ ਦੀ ਨੀਅਤ ਨਾਲ ਉਕਤ ਵਿਅਕਤੀਆਂ ਨੇ ਹਮਲਾ ਕੀਤਾ ਹੈ।
ਮੁਲਜ਼ਮ ਜਲਦ ਹੋਣਗੇ ਗਿ੍ਫ਼ਤਾਰ : ਥਾਣਾ ਮੁਖੀ
ਥਾਣਾ ਅਨਾਜ ਮੰਡੀ ਇੰਚਾਰਜ ਗੁਰਨਾਮ ਸਿੰਘ ਨੇ ਕਿਹਾ ਕਿ ਲਾਸ਼ ਦਾ ਪੋਸਟਮਾਰਟਮ ਕਰਨ ਤੋਂ
ਬਾਅਦ ਪਰਿਵਾਰ ਨੂੰ ਸੌਂਪ ਦਿੱਤੀ ਸੀ, ਜੋ ਲਾਸ਼ ਲੈ ਕੇ ਪਿੰਡ ਚਲੇ ਗਏ ਹਨ। ਇਸ ਮਾਮਲੇ
ਵਿਚ ਫ਼ਰਾਰ ਮੁਲਜ਼ਮਾਂ ਨੂੰ ਜਲਦ ਗਿ੍ਫ਼ਤਾਰ ਕੀਤਾ ਜਾਵੇਗਾ।