ਫਰਜ਼ੀ ਰਿਪੋਰਟ ‘ਤੇ ਫਰਜ਼ੀ ਇਲਾਜ, ਛੇ ਜਣਿਆਂ ਖ਼ਿਲਾਫ਼ ਕੇਸ ਦਰਜ

ਅੰਮ੍ਰਿਤਸਰ : ਕੋਰੋਨਾ ਕਾਲ ‘ਚ ਅਮੀਰ ਲੋਕਾਂ ਨੂੰ ਸ਼ਿਕਾਰ ਬਣਾ ਕੇ ਆਪਣਾ ਕਾਰੋਬਾਰ ਚਮਕਾਉਣ ਵਾਲੇ ਤੁਲੀ ਲੈਬ ਤੇ ਈਐੱਮਸੀ ਹਸਪਤਾਲ ਦੇ ਮਾਲਕਾਂ ਸਮੇਤ ਛੇ ਲੋਕਾਂ ‘ਤੇ ਵਿਜੀਲੈਂਸ ਨੇ ਕੇਸ ਦਰਜ ਕੀਤਾ ਹੈ। ਵਿਜੀਲੈਂਸ ਮੁਤਾਬਕ, ਕੋਰੋਨਾ ਦੀ ਫਰਜ਼ੀ ਪਾਜ਼ੇਟਿਵ ਰਿਪੋਰਟ ਬਣਾਉਣ ਤੋਂ ਬਾਅਦ ਫਰਜ਼ੀ ਇਲਾਜ ਦੇ ਕੇ ਮੁਲਜ਼ਮ ਆਪਣਾ ਕਾਰੋਬਾਰ ਚਮਕਾਉਣ ‘ਚ ਲੱਗੇ ਹੋਏ ਸਨ।

ਵਿਜੀਲੈਂਸ ਨੇ ਤੁਲੀ ਡਾਇਗਨੋਸਟਿਕ ਲੈਬ ਦੇ ਤਿੰਨ ਡਾਕਟਰਾਂ ਤੇ ਈਐੱਮਸੀ ਹਸਪਤਾਲ ਦੇ ਮਾਲਕ ਪਵਨ ਅਰੋੜਾ ਤੇ ਹਸਪਤਾਲ ਦੇ ਦੋ ਡਾਕਟਰਾਂ ‘ਤੇ ਇਰਾਦਾ-ਏ-ਕਤਲ ਧੋਖਾਧੜੀ, ਖੌਫ਼ ਪੈਦਾ ਕਰਨ ਤੇ ਫਰਜ਼ੀ ਦਸਤਾਵੇਜ਼ ਤਿਆਰ ਕਰਨ ਦੇ ਦੋਸ਼ ‘ਚ ਕੇਸ ਦਰਜ ਕੀਤਾ ਹੈ। ਪੰਜਾਬ ਸਰਕਾਰ ਨੇ ਅੰਮਿ੍ਤਸਰ ‘ਚ ਵੱਧਦੇ ਕੋਰੋਨਾ ਮਾਮਲਿਆਂ ਨੂੰ ਲੈ ਕੇ ਮਜੀਠਾ ਰੋਡ ਸਥਿਤ ਤੁਲੀ ਲੈਬ ਨੂੰ ਕੋਵਿਡ-19 ਟੈਸਟ ਕਰਨ ਦੀ ਮਨਜ਼ੂਰੀ ਦਿੱਤੀ ਸੀ।

ਵਿਜੀਲੈਂਸ ਵਲੋਂ ਦਰਜ ਕੀਤੀ ਗਈ ਐੱਫਆਈਆਰ ਮੁਤਾਬਕ ਤੁਲੀ ਲੈਬ ਦੇ ਮਾਲਕ ਡਾ. ਰੋਬਿਨ ਤੁਲੀ ਨੇ ਟੈਸਟ ਕਰਵਾਉਣ ਵਾਲੇ ਅਮੀਰ ਲੋਕਾਂ ਦੀ ਫਰਜ਼ੀ ਪਾਜ਼ੇਟਿਵ ਰਿਪੋਰਟ ਤਿਆਰ ਕਰ ਕੇ ਉਨ੍ਹਾਂ ਨੂੰ ਹਸਪਤਾਲ ‘ਚ ਫਰਜ਼ੀ ਇਲਾਜ ਦੇਣ ਲਈ ਈਐੱਮਸੀ ਹਸਪਤਾਲ ਦੇ ਡਾਕਟਰਾਂ ਨਾਲ ਗੰਢਤੁੱਪ ਕੀਤੀ। ਇਸ ਤੋਂ ਬਾਅਦ ਸਾਧਾਰਨ ਲੋਕਾਂ ਨੂੰ ਕੋਰੋਨਾ ਪਾਜ਼ੇਟਿਵ ਐਲਾਨ ਕੇ ਈਐੱਮਸੀ ਹਸਪਤਾਲ ਭੇਜ ਕੇ ਫਰਜ਼ੀ ਇਲਾਜ ਸ਼ੁਰੂ ਕਰਵਾਇਆ। ਇਨ੍ਹਾਂ ਲੋਕਾਂ ਨੂੰ ਸੱਤ ਦਿਨਾਂ ਤਕ ਫਰਜ਼ੀ ਇਲਾਜ ਦੇਣ ਤੋਂ ਬਾਅਦ ਦੁਬਾਰਾ ਕੋਵਿਡ-19 ਟੈਸਟ ਕਰਵਾ ਕੇ ਰਿਪੋਰਟ ਨੈਗੇਟਿਵ ਦੱਸੀ ਜਾਂਦੀ ਸੀ। ਉਦੋਂ ਤਕ ਉਨ੍ਹਾਂ ਤੋਂ ਫਰਜ਼ੀ ਇਲਾਜ ਵਜੋਂ ਲੱਖਾਂ ਰੁਪਏ ਲੈ ਲਏ ਜਾਂਦੇ ਸਨ।

ਵਿਜੀਲੈਂਸ ਦੇ ਐੱਸਐੱਸਪੀ ਪਰਮਪਾਲ ਸਿੰਘ ਮੁਤਾਬਕ, ਡਾ. ਮਹਿੰਦਰ ਸਿੰਘ, ਡਾ. ਰਿਧਿਮਾ ਤੁਲੀ, ਡਾ. ਸੰਜੇ ਪਿਪਲਾਨੀ, ਡਾ. ਰੋਬਿਨ ਤੁਲੀ, ਪਵਨ ਅਰੋੜਾ ਤੇ ਡਾ. ਪੰਕਜ ਸੋਨੀ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਲਗਾਤਾਰ ਸਾਹਮਣੇ ਆਈਆਂ ਸ਼ਿਕਾਇਤਾਂ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਗਈ। ਜਾਂਚ ਤੋਂ ਬਾਅਦ ਕੇਸ ਦਰਜ ਕੀਤਾ ਗਿਆ ਹੈ। ਸਾਰੇ ਮੁਲਜ਼ਮ ਹਾਲੇ ਫਰਾਰ ਹਨ ਤੇ ਉਨ੍ਹਾਂ ਦੀ ਗਿ੍ਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।

ਇਸ ਤਰ੍ਹਾਂ ਸਾਹਮਣੇ ਆਇਆ ਫਰਜ਼ੀਵਾੜਾ
ਕੇਸ-1
ਜੈ ਹੋ ਕਲੱਬ ਦੇ ਪ੍ਰਧਾਨ ਵਿੱਕੀ ਦੱਤਾ ਨੇ ਦੋਸ਼ ਲਾਏ ਸਨ ਕਿ ਉਨ੍ਹਾਂ ਦੇ ਸਹੁਰੇ ਦੀ ਕੋਰੋਨਾ ਰਿਪੋਰਟ ਭਸੀਨ ਲੈਬ ਤੋਂ ਪਾਜ਼ੇਟਿਵ ਆਈ ਸੀ। ਉਨ੍ਹਾਂ ਨੇ ਉਨ੍ਹਾਂ ਨੂੰ ਈਐੱਮਸੀ ਹਸਪਤਾਲ ਦਾਖਲ ਕਰਵਾ ਦਿੱਤਾ। ਇਸ ਤੋਂ ਬਾਅਦ ਈਐੱਮਸੀ ਹਸਪਤਾਲ ਦੇ ਮਾਲਕ ਪਵਨ ਅਰੋੜਾ ਨੇ ਪਰਿਵਾਰ ਦੇ ਹੋਰ ਮੈਂਬਰਾਂ ਦੇ ਕੋਵਿਡ-19 ਦੇ ਟੈਸਟ ਤੁਲੀ ਲੈਬ ਕਰਵਾਉਣ ਲਈ ਕਿਹਾ। ਲੈਬ ਰਿਪੋਰਟ ‘ਚ ਉਨ੍ਹਾਂ ਦੀ ਪਤਨੀ, ਮਾਂ, ਸਾਲੇ ਤੇ ਉਸ ਦੀ ਪਤਨੀ ਨੂੰ ਪਾਜ਼ੇਟਿਵ ਦੱਸਿਆ ਗਿਆ। ਜਦੋਂ ਉਨ੍ਹਾਂ ਨੇ ਸਰਕਾਰੀ ਮੈਡੀਕਲ ਕਾਲਜ ਅੰਮਿ੍ਤਸਰ ਤੋਂ ਟੈਸਟ ਕਰਵਾਇਆ ਤਾਂ ਉਹ ਨੈਗੇਟਿਵ ਨਿਕਲੇ।

ਕੇਸ-2
ਸਰਕਾਰੀ ਮੈਡੀਕਲ ਕਾਲਜ ‘ਚ ਪੀਜੀ ਕਰ ਰਹੀ ਗਰਭਵਤੀ ਮਹਿਲਾ ਡਾਕਟਰ ਨੂੰ ਵੀ ਤੁਲੀ ਲੈਬ ਨੇ ਕੋਰੋਨਾ ਪਾਜ਼ੇਟਿਵ ਦੱਸਿਆ। ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਸਥਿਤ ਆਈਸੋਲੇਸ਼ਨ ਵਾਰਡ ‘ਚ ਦਾਖਲ ਕੀਤਾ ਗਿਆ ਜਿੱਥੇ ਪਹਿਲਾਂ ਤੋਂ ਹੀ ਪਾਜ਼ੇਟਿਵ ਮਰੀਜ਼ ਦਾਖਲ ਸਨ ਪਰ ਸਰਕਾਰੀ ਮੈਡੀਕਲ ਕਾਲਜ ਦੀ ਇਨਫਲੂਐਂਜਾ ਲੈਬ ‘ਚ ਉਸ ਦੀ ਰਿਪੋਰਟ ਨੈਗੇਟਿਵ ਆਈ। ਮਹਿਲਾ ਡਾਕਟ ਦਾ ਦੋਸ਼ ਸੀ ਕਿ ਉਸ ਨੂੰ ਕੋਰੋਨਾ ਮਰੀਜ਼ਾਂ ਨਾਲ ਰੱਖ ਕੇ ਉਸ ਦੀ ਜਾਨ ਖਤਰੇ ‘ਚ ਪਾਈ ਗਈ।

Leave a Reply

Your email address will not be published. Required fields are marked *