ਉਸਤਾਦਾਂ ਦੀਆਂ ਮਾਰਾਂ ‘ਚੋ ਉਪਜੀ ਕਲਮ : ਫੈਸਲ ਖਾਨ

-ਪ੍ਰੀਤਮ ਲੁਧਿਆਣਵੀ, ਚੰਡੀਗੜ, 9876428641

ਅਨੰਦਪੁਰ ਸਾਹਿਬ ਅਤੇ ਨੰਗਲ ਦੇ ਵਿਚਕਾਰ ਵਸਦੇ ਪਿੰਡ ਢੇਰ ਵਿਖੇ ਪਿਤਾ ਸਾਵੀਰ ਅਤੇ ਮਾਤਾ ਅਨਵਰੀ ਨਾਂ ਦੇ ਇਕ ਐਸੇ ਸਾਧਾਰਨ ਪਰਿਵਾਰ ਵਿਚ ਫੈਸਲ ਖਾਨ ਦਾ ਜਨਮ ਹੋਇਆ, ਜਿਸ ਦਾ ਕਿ ਕੋਈ ਵੀ ਮੈਂਬਰ ਹਾਈ ਸਕੂਲ ਤੱਕ ਵੀ ਨਹੀਂ ਸੀ ਪਹੁੰਚਿਆ। ਮਿਹਨਤ- ਮਜ਼ਦੂਰੀ ਕਰਕੇ ਗੁਜ਼ਾਰਾ ਕਰਨ ਵਾਲੇ ਇਸ ਪਰਿਵਾਰ ਵਿਚ ਜਨਮਿਆ ਫੈਸਲ ਖਾਨ ਗ੍ਰੇਜ਼ੂਏਸ਼ਨ ਨਾਨ-ਮੈਡੀਕਲ ਵਿਚ ਕਰਨ ਪਿੱਛੋਂ ਅੱਜ ਕੱਲ ਪੋਸਟ-ਗ੍ਰੇਜ਼ੂਏਸ਼ਨ ਕਮਿਸਟਰੀ ਵਿਚ ਕਰਨ ਦੀ ਤਿਆਰੀ ਕਰ ਰਿਹਾ ਹੈ। ਉਹ ਦਸਦਾ ਹੈ ਕਿ ਬਚਪਨ ਵਿਚ ਉਹ ਥੋੜਾ ਨਟਖਟ, ਪਰ ਪੜਾਈ ਵਿਚ ਹੁਸ਼ਿਆਰ ਸੀ। ਸਰਕਾਰੀ ਹਾਈ ਸਕੂਲ ਦਸਗਰਾਈਂ ਤੋਂ ਵਧੀਆ ਅੰਕਾਂ ਨਾਲ ਦਸਵੀਂ ਪਾਸ ਕਰਕੇ ਉਸ ਨੇ +2 ਮੈਰੀਟੋਰੀਅਸ ਸਕੂਲ ਮੋਹਾਲੀ ਤੋਂ ਨਾਨ-ਮੈਡੀਕਲ ਵਿਸ਼ੇ ਵਿਚ ਪਾਸ ਕੀਤੀ ਤੇ ਗ੍ਰੇਜ਼ੂਏਸ਼ਨ ਸਿਵਾਲਿਕ ਕਾਲਜ਼ ਨਯਾ ਨੰਗਲ ਤੋਂ। ਹਾਈ ਸਕੂਲ ‘ਚ ਪੜਦਿਆਂ ਫੈਸਲ ਖ਼ਾਨ ਵਿਗਿਆਨ ਦੀਆਂ ਗਤੀਵਿਧੀਆ ਨਾਲ਼ ਜੁੜਿਆ ਰਿਹਾ। ਵਿਗਿਆਨ ਨਾਲ ਸਬੰਧਿਤ ਹਰੇਕ ਗਤੀਵਿਧੀ ਵਿਚ ਉਹ ਵੱਧ ਚੜ ਕੇ ਹਿੱਸਾ ਲੈਂਦਾ। ਭਾਸ਼ਣ, ਕੁਇਜ਼, ਪ੍ਰੋਜੈਕਟ ਕੰਪੀਟੀਸ਼ਨ, ਵਿਗਿਆਨ ਦੇ ਮਾਡਲ ਹਰੇਕ ਪ੍ਰਤਿਯੋਗਤਾ ਵਿਚ ਉਹ ਵਧੀਆ ਪ੍ਰਦਰਸ਼ਨ ਕਰਦਾ। ਇਹ ਇਸ ਨੌਜਵਾਨ ਦੀ ਮਿਹਨਤ ਅਤੇ ਲਗਨ ਦਾ ਨਤੀਜਾ ਹੀ ਸੀ ਕਿ ਇਸ ਨੇ ਨੈਸ਼ਨਲ ਪੱਧਰ ਤੱਕ ਵਿਗਿਆਨਿਕ ਗਤੀਵਿਧੀਆਂ ਵਿਚ ਭਾਗ ਲਿਆ ਅਤੇ ”ਬਾਲ-ਵਿਗਿਆਨੀ” ਦਾ ਖਿਤਾਬ ਹਾਸਿਲ ਕੀਤਾ।

ਇਕ ਮੁਲਾਕਾਤ ਦੌਰਾਨ ਫੈਸਲ ਨੇ ਦੱਸਿਆ ਕਿ ਬਚਪਨ ਤੋਂ ਹੀ ਉਸ ਨੂੰ ਕੋਰਸ ਦੀਆਂ ਕਿਤਾਬਾਂ ਦੇ ਨਾਲ-ਨਾਲ ਹੋਰ ਸਾਹਿਤਕ ਪੁਸਤਕਾਂ ਪੜਨ ਦਾ ਵੀ ਬਹੁਤ ਸ਼ੌਂਕ ਸੀ। ਜਿਸ ਸਦਕਾ ਸਕੂਲ ਸਮੇਂ ਤੋਂ ਹੀ ਫੈਸਲ ਜਿੱਥੇ ਇਕ ਵਧੀਆ ਬੁਲਾਰਾ ਬਣ ਗਿਆ ਸੀ ਉਥੇ ਆਪਣੇ ਭਾਸ਼ਣ ਖੁਦ ਲਿਖਣ ਵਾਲਾ ਵਧੀਆ ਲੇਖਕ ਬਣਨ ਦੇ ਵੀ ਉਸ ਅੰਦਰ ਬੀਜ ਪੁੰਗਰਨ ਲੱਗ ਪਏ ਸਨ। ਉਸ ਕੋਲ ਅਨਮੋਲ ਵਿਚਾਰਾਂ ਦਾ ਭੰਡਾਰ ਸੀ ਜਿਨਾਂ ਨੂੰ ਅਧਿਆਪਕਾਂ ਦੀ ਦਿੱਤੀ ਹੱਲਾ-ਸ਼ੇਰੀ ਅਤੇ ਸਲਾਹਵਾਂ ਦੇ ਫਲ-ਸਰੂਪ ਫੈਸਲ ਖਾਨ ਨੇ ਕਲਮਬੰਧ ਕਰਕੇ ਅਖਬਾਰਾਂ ਅਤੇ ਰਸਾਲਿਆਂ ਨੂੰ ਭੇਜਣਾ ਸ਼ੁਰੂ ਕਰ ਦਿੱਤਾ। ਉਸਦਾ ਪਹਿਲਾ ਲੇਖ ”ਪੋਲੀਥੀਨ ਦਾ ਕਹਿਰ” ਸੀ। ਇੱਥੋਂ ਫੈਸਲ ਖਾਨ ਨੂੰ ਇਕ ਨਵੀਂ ਦਿਸ਼ਾ ਮਿਲੀ ਕਿ ਉਹ ਲੇਖਣੀ ਦੇ ਖੇਤਰ ਵਿਚ ਵੀ ਵਧੀਆ ਕਰ ਸਕਦਾ ਹੈ। ਇਸ ਤੋਂ ਬਾਅਦ ਉਸ ਦੇ ਵੱਖ-ਵੱਖ ਲੇਖ ਪੰਜਾਬ ਭਰ ਦੇ ਅਖਬਾਰਾਂ ਅਤੇ ਮੈਗਜ਼ੀਨਾ ਵਿਚ ਛਪਣ ਲੱਗੇ। ਇਸ ਤਰਾਂ ਫੈਸਲ ਖਾਨ ਨੂੰ ਇਕ ਨਵੀਂ ਪਹਿਚਾਣ ਮਿਲੀ ਕਿ ਫੈਸਲ ਖਾਨ ਵਿਗਿਆਨ ਦਾ ਵਧੀਆ ਵਿਦਿਆਰਥੀ ਹੋਣ ਦੇ ਨਾਲ-ਨਾਲ ਇਕ ਚੰਗਾ ਲੇਖਕ ਵੀ ਹੈ। ਕਾਲਜ ਪੁੱਜਦੇ-ਪੁੱਜਦੇ ਉਸ ਨੇ ਵੱਖ-ਵੱਖ ਸਾਹਿਤਕ ਸਮਾਗਮਾਂ ਵਿਚ ਵੀ ਸ਼ਿਰਕਤ ਕਰਨੀ ਸ਼ੁਰੂ ਕਰ ਦਿੱਤੀ। ਸਾਹਿਤਕ ਸਮਾਗਮਾਂ ਵਿਚ ਉਸ ਨੇ ਦੇਖਿਆ ਕਿ ਇੱਥੇ ਗ਼ਜ਼ਲ ਅਤੇ ਕਵਿਤਾ ਦਾ ਪ੍ਰਭਾਵ ਬਹੁਤ ਜਿਆਦਾ ਹੈ। ਜਿਆਦਾਤਰ ਬੁਲਾਰੇ ਗ਼ਜ਼ਲ ਜਾਂ ਕਵਿਤਾ ਪੜਕੇ ਵਾਹ-ਵਾਹ ਖੱਟਦੇ ਹਨ। ਸੋ ਫੈਸਲ ਖਾਨ ਨੇ ਵੀ ਆਪਣਾ ਰੁਖ ਗ਼ਜ਼ਲ ਵੱਲ ਕੀਤਾ। ਅਰੂਜ਼ ਦੀਆਂ ਬਰੀਕਿਆਂ ਸਿੱਖਣ ਲਈ ਉਹ ਗ਼ਜ਼ਲ ਖੇਤਰ ਦੇ ਥੰਮ, ਉਸਤਾਦ-ਸ਼ਾਇਰ ਸ੍ਰ. ਬਲਬੀਰ ਸਿੰਘ ਸੈਣੀ (ਸੂਲ ਸੁਰਾਹੀ) ਜੀ ਦੇ ਲੜ ਜਾ ਲੱਗਾ। ਉਸਤਾਦ ਜੀ ਨੇ ਸ਼ਗਿਰਦ ਨੂੰ ਗ਼ਜ਼ਲ ਅਤੇ ਅਰੂਜ਼ ਦੀਆਂ ਬਰੀਕਿਆ ਨੂੰ ਬਰੀਕੀ ਨਾਲ ਸਮਝਾਇਆ ਅਤੇ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ। ਫੈਸਲ ਖਾਨ ਦੇ ਸ਼ਿਅਰ ਦੇਖੋ:

”ਮੇਰਾ ਇਹ ਦੇਸ਼ ਜੰਨਤ ਬਣ ਗਿਆ ਹੁੰਦਾ ਹਕੀਕਤ ਵਿਚ,
ਅਸੀਂ ਰਾਵਣ ਦੀ ਥਾਂ ‘ਤੇ ਅਹਮ ਨੂੰ ਜੇ ਸਾੜਦੇ ਹੁੰਦੇ।”
”ਸੁਹੱਪਣ ਤੇ ਤੂੰ ਆਪਣੇ ਮਾਣ ਨਾ ਕਰ।
ਮੁਹੱਬਤ ਇਸ ਤਰਾਂ ਕੁਰਬਾਨ ਨਾ ਕਰ।
ਤੇਰੀ ਮਰਜ਼ੀ ਹੈ ਜੋ ਕਰਨਾ ਹੈ ਕਰ ਲੈ,
ਵਫ਼ਾਦਾਰੀ ਤਾਂ ਕਰ ਅਹਿਸਾਨ ਨਾ ਕਰ।”

ਸ਼ੋਸ਼ਲ ਮੀਡੀਆ ਤੇ ਵੀ ਫੈਸਲ ਖਾਨ ਦੇ ਸ਼ਿਅਰ, ਗ਼ਜ਼ਲਾਂ, ਦੋਹੇ ਅਤੇ ਲੇਖ ਬਹੁਤ ਪਸੰਦ ਕੀਤੇ ਜਾਂਦੇ ਹਨ। ਕਈ ਸਥਾਨਕ ਸੰਸਥਾਵਾਂ ਵਲੋਂ ਸਨਮਾਨਿਤ ਕੀਤਾ ਜਾ ਚੁੱਕਾ ਇਹ ਨੌਜਵਾਨ ਜਲਦੀ ਹੀ ਆਪਣੀ ਪਲੇਠੀ ਪੁਸਤਕ ”ਗੱਲਾਂ ਚੌਗਿਰਦੇ ਦੀਆਂ” ਲੈ ਕੇ ਪਾਠਕਾਂ ਨਾਲ ਰੂਬਰੂ ਹੋਣ ਜਾ ਰਿਹਾ ਹੈ। ਸਾਹਿਤ ਦੀ ਜਿਸ ਸਖ਼ਸ਼ੀਅਤ ਦਾ ਉਸ ਨੇ ਪੱਲਾ ਫੜਿਆ ਹੈ, ਮੈਨੂੰ ਆਸ ਹੀ ਨਹੀਂ ਬਲਕਿ ਪੂਰਨ ਵਿਸਵਾਸ਼ ਵੀ ਹੈ ਕਿ ਗ਼ਜ਼ਲ ਖੇਤਰ ਵਿਚ ਆਪਣੇ ਉਸਤਾਦ ਦੀ ਤਰਾਂ ਤਹਿਲਕਾ ਮਚਾ ਕੇ ਰੱਖ ਦਏਗਾ, ਉਸਤਾਦਾਂ ਦੀਆਂ ਮਾਰਾਂ ‘ਚੋਂ ਉਪਜਿਆ ਨੌਜਵਾਨ ਸ਼ਗਿਰਦ ਫੈਸਲ ਖਾਨ ਵੀ। ਰੱਬ ਕਰੇ ਉਸ ਦੀ ਮਿਹਨਤ ਨੂੰ ਭਰਵਾਂ ਬੂਰ ਪਵੇ!

ਸੰਪਰਕ : ਫੈਸਲ ਖਾਨ, 99149-65937

Leave a Reply

Your email address will not be published. Required fields are marked *