ਬਿਜਲੀ ਮੰਤਰਾਲੇ ਦੀਆਂ ਹਦਾਇਤਾਂ ਨਾਲ ਪੰਜਾਬ ਨੂੰ ਆਵੇਗਾ ਸਾਹ

ਚੰਡੀਗੜ੍ਹ: ਕੇਂਦਰੀ ਬਿਜਲੀ ਮੰਤਰਾਲੇ ਨੇ ਬਿਜਲੀ ਸੰਕਟ ਨਾਲ ਨਜਿੱਠਣ ਲਈ ਵਿਦੇਸ਼ੀ ਕੋਲੇ ’ਤੇ ਚੱਲਣ ਵਾਲੇ ਤਾਪ ਬਿਜਲੀ ਘਰਾਂ ਨੂੰ ਪੂਰੀ ਸਮਰੱਥਾ ਨਾਲ ਚਲਾਉਣ ਲਈ ਐਮਰਜੈਂਸੀ ਹਦਾਇਤਾਂ ਦਿੱਤੀਆਂ ਹਨ। ਕੇਂਦਰੀ ਊਰਜਾ ਮੰਤਰਾਲੇ ਦੇ ਇਸ ਫ਼ੈਸਲੇ ਨਾਲ ਪੰਜਾਬ ਨੂੰ ਰਾਹਤ ਮਿਲੇਗੀ ਕਿਉਂਕਿ ਟਾਟਾ ਮੁੰਦਰਾ ਥਰਮਲ ਪਲਾਂਟ (ਗੁਜਰਾਤ) ਵੱਲੋਂ ਪੰਜਾਬ ਨੂੰ ਬਿਜਲੀ ਸਮਝੌਤੇ ਮੁਤਾਬਿਕ 475 ਮੈਗਾਵਾਟ ਬਿਜਲੀ ਸਪਲਾਈ ਸਤੰਬਰ 2021 ਤੋਂ ਦੇਣੀ ਬੰਦ ਕੀਤੀ ਹੋਈ ਹੈ। ਉਪਰੋਕਤ ਹਦਾਇਤਾਂ ਨਾਲ ਪੰਜਾਬ ਲਈ ਹੁਣ ਰਾਹ ਖੁੱਲ੍ਹ ਗਿਆ ਹੈ। ਕੇਂਦਰੀ ਬਿਜਲੀ ਮੰਤਰਾਲੇ ਨੇ ਬਿਜਲੀ ਐਕਟ-2003 ਦੀ ਧਾਰਾ 11 ਤਹਿਤ ਮੌਜੂਦਾ ਐਮਰਜੈਂਸੀ ਵਾਲੇ ਹਾਲਾਤ ਦੇ ਮੱਦੇਨਜ਼ਰ ਸਖ਼ਤ ਹਦਾਇਤਾਂ ਦਿੱਤੀਆਂ ਹਨ ਜਿਨ੍ਹਾਂ ਤਹਿਤ ਵਿਦੇਸ਼ੀ ਕੋਲੇ ’ਤੇ ਚੱਲਣ ਵਾਲੇ ਸਾਰੇ ਤਾਪ ਬਿਜਲੀ ਘਰ ਹੁਣ ਪੂਰੀ ਸਮਰੱਥਾ ਨਾਲ ਚੱਲ ਸਕਣਗੇ। ਵਿਦੇਸ਼ੀ ਕੋਲੇ ਵਾਲੇ ਥਰਮਲਾਂ ਦੀ ਸਮਰੱਥਾ 17,600 ਮੈਗਾਵਾਟ ਹੈ ਜਦੋਂ ਕਿ ਇਨ੍ਹਾਂ ’ਚੋਂ ਸਿਰਫ਼ 10 ਹਜ਼ਾਰ ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਸੀ। ਵਿਦੇਸ਼ੀ ਕੋਲਾ ਮਹਿੰਗਾ ਹੋਣ ਕਰਕੇ ਇਹ ਥਰਮਲ ਬੰਦ ਪਏ ਸਨ ਜਾਂ ਫਿਰ ਘੱਟ ਸਮਰੱਥਾ ’ਤੇ ਚੱਲ ਰਹੇ ਸਨ।

ਵਿਦੇਸ਼ੀ ਕੋਲੇ ਵਾਲੇ ਇਨ੍ਹਾਂ ਪਲਾਂਟਾਂ ਨੂੰ ਪਾਬੰਦ ਕੀਤਾ ਗਿਆ ਹੈ ਕਿ ਉਹ ਬਿਜਲੀ ਸਮਝੌਤਿਆਂ ਵਾਲੇ ਸੂਬਿਆਂ ਨੂੰ ਪਹਿਲਾਂ ਬਿਜਲੀ ਸਪਲਾਈ ਦੇਣਗੇ, ਜੋ ਬਿਜਲੀ ਬਚੇਗੀ, ਉਸ ਨੂੰ ਇਹ ਪਲਾਟ ਐਕਸਚੇਂਜ ਵਿਚ ਵੇਚ ਸਕਣਗੇ। ਕੋਈ ਸੂਬਾ ਜੇਕਰ ਬਿਜਲੀ ਖ਼ਰੀਦ ਨਹੀਂ ਕਰੇਗਾ ਤਾਂ ਵੀ ਇਹ ਪਲਾਂਟ ਐਕਸਚੇਂਜ ਵਿਚ ਬਿਜਲੀ ਦੇ ਸਕਣਗੇ। ਇਨ੍ਹਾਂ ਤਾਪ ਬਿਜਲੀ ਘਰਾਂ ਨੂੰ ਰਾਹਤ ਦਿੱਤੀ ਗਈ ਹੈ ਕਿ ਇਹ ਬਿਜਲੀ ਸਮਝੌਤਿਆਂ ਵਾਲੇ ਭਾਅ ਤੋਂ ਬਾਹਰ ਜਾ ਕੇ ਵਿਦੇਸ਼ੀ ਕੋਲੇ ਦੀ ਵਧੀ ਕੀਮਤ ਦੇ ਆਧਾਰ ’ਤੇ ਵੱਧ ਭਾਅ ਉੱਤੇ ਆਰਜ਼ੀ ਤੌਰ ’ਤੇ ਬਿਜਲੀ ਵੇਚ ਸਕਣਗੇ।

ਕੇਂਦਰੀ ਬਿਜਲੀ ਮੰਤਰਾਲੇ ਵੱਲੋਂ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ ਜਿਸ ਤਹਿਤ ਪ੍ਰਤੀ ਯੂਨਿਟ ਭਾਅ ਨਿਸ਼ਚਿਤ ਕੀਤਾ ਜਾਵੇਗਾ। ਬਿਜਲੀ ਸਮਝੌਤਿਆਂ ਤਹਿਤ ਪਹਿਲਾਂ ਸੂਬਿਆਂ ਵੱਲੋਂ ਪਲਾਂਟਾਂ ਨੂੰ ਅਦਾਇਗੀ ਇੱਕ ਮਹੀਨੇ ਬਾਅਦ ਕੀਤੀ ਜਾਂਦੀ ਸੀ, ਪਰ ਹੁਣ ਹਫ਼ਤਾਵਾਰੀ ਅਦਾਇਗੀ ਕਰਨ ਲਈ ਕਿਹਾ ਗਿਆ ਹੈ। ਕੋਈ ਸੂਬਾ ਜੇਕਰ ਹਫ਼ਤਾਵਾਰੀ ਅਦਾਇਗੀ ਨਹੀਂ ਕਰਦਾ ਤਾਂ ਉਸ ਨੂੰ ਪਲਾਂਟ ਬਿਜਲੀ ਦੇਣੀ ਬੰਦ ਕਰ ਸਕਦਾ ਹੈ। ਬਿਜਲੀ ਮੰਤਰਾਲੇ ਨੇ ਬਿਜਲੀ ਸੰਕਟ ਕਰਕੇ ਇਹ ਆਰਜ਼ੀ ਪ੍ਰਬੰਧ ਕੀਤਾ ਹੈ ਜੋ ਕਿ 31 ਅਕਤੂਬਰ 2022 ਤੱਕ ਲਾਗੂ ਰਹੇਗਾ। ਦੇਸ਼ ਵਿਚ ਇਸ ਵੇਲੇ 20 ਫ਼ੀਸਦੀ ਬਿਜਲੀ ਦੀ ਮੰਗ ਵੱਧ ਗਈ ਹੈ। ਬਿਜਲੀ ਦੀ ਮੰਗ ਦੇ ਲਿਹਾਜ਼ ਨਾਲ ਕੋਲੇ ਦੀ ਵਧੀ ਸਪਲਾਈ ਵੀ ਪੂਰੀ ਨਹੀਂ ਪੈ ਰਹੀ ਹੈ। ਤਾਪ ਬਿਜਲੀ ਘਰਾਂ ਵਿਚ ਦੇਸੀ ਕੋਲੇ ਦੀ ਆਮਦ ਓਨੀ ਨਹੀਂ ਹੈ ਜਿੰਨੀ ਰੋਜ਼ਾਨਾ ਦੀ ਖਪਤ ਹੈ। ਬਿਜਲੀ ਮੰਤਰਾਲੇ ਨੇ ਸੂਬਿਆਂ ਨੂੰ ਵਿਦੇਸ਼ੀ ਕੋਲਾ ਵੀ ਹੁਣ 10 ਫ਼ੀਸਦੀ ਤੱਕ ਵਰਤਣਾ ਲਾਜ਼ਮੀ ਕਰਾਰ ਕਰ ਦਿੱਤਾ ਹੈ ਜਦੋਂ ਕਿ ਪਹਿਲਾਂ 4 ਫ਼ੀਸਦੀ ਤੱਕ ਵਿਦੇਸ਼ੀ ਕੋਲਾ ਵਰਤਿਆ ਜਾਂਦਾ ਸੀ। ਇਸ ਨਾਲ ਸੂਬਿਆਂ ’ਤੇ ਵਿਦੇਸ਼ੀ ਕੋਲੇ ਦਾ ਬੋਝ ਹੋਰ ਵੱਧ ਜਾਵੇਗਾ।

ਪੰਜਾਬ ਨੂੰ ਮਿਲੇਗੀ ਸਸਤੀ ਬਿਜਲੀ

ਪੰਜਾਬ ਨੂੰ ਇਹ ਰਾਹਤ ਦੇਣ ਵਾਲਾ ਫ਼ੈਸਲਾ ਹੈ। ਬੇਸ਼ੱਕ ਵਿਦੇਸ਼ੀ ਕੋਲੇ ਵਾਲੇ ਟਾਟਾ ਮੁੰਦਰਾ ਪਲਾਂਟ ਨਾਲ ਪਾਵਰਕੌਮ ਦਾ ਕਰੀਬ ਤਿੰਨ ਰੁਪਏ ਪ੍ਰਤੀ ਯੂਨਿਟ ਦਾ ਬਿਜਲੀ ਸਮਝੌਤਾ ਹੈ, ਪਰ ਪੰਜਾਬ ਨੂੰ ਇਹ ਬਿਜਲੀ ਸਪਲਾਈ ਮਿਲ ਨਹੀਂ ਰਹੀ ਸੀ ਕਿਉਂਕਿ ਪਲਾਂਟ ਵਾਲੀ ਕੰਪਨੀ ਵੱਧ ਭਾਅ ਮੰਗ ਰਹੀ ਸੀ। ਪਾਵਰਕੌਮ ਲਈ ਨੁਕਸਾਨ ਇਹ ਹੋਵੇਗਾ ਕਿ ਤਿੰਨ ਰੁਪਏ ਯੂਨਿਟ ਦੀ ਥਾਂ ਟਾਟਾ ਮੁੰਦਰਾ ਤੋਂ 4.50 ਤੋਂ 5.50 ਰੁਪਏ ਪ੍ਰਤੀ ਯੂਨਿਟ ਬਿਜਲੀ ਮਿਲੇਗੀ, ਪਰ ਲਾਭ ਇਹ ਹੋਵੇਗਾ ਕਿ ਪਾਵਰਕੌਮ ਨੂੰ ਜੋ ਐਕਸਚੇਂਜ ’ਚੋਂ ਬਿਜਲੀ 12 ਰੁਪਏ ਪ੍ਰਤੀ ਯੂਨਿਟ ਮਿਲ ਰਹੀ ਹੈ, ਉਹ ਟਾਟਾ ਮੁਦਰਾ ਤੋਂ ਕਾਫ਼ੀ ਸਸਤੀ ਮਿਲ ਜਾਵੇਗੀ।

Leave a Reply

Your email address will not be published. Required fields are marked *