ਪੰਜਾਬ ਵਿੱਚ 18 ਜੂਨ ਤੋਂ ਸ਼ੁਰੂ ਹੋਵੇਗੀ ਝੋਨੇ ਦੀ ਲੁਆਈ

ਚੰਡੀਗੜ੍ਹ: ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਨਵੀਂ ਪਹਿਲ ਕਰਦਿਆਂ ਪੰਜਾਬ ’ਚ ਇਸ ਵਾਰ ਝੋਨੇ ਦੀ ਲੁਆਈ 18 ਜੂਨ ਤੋਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਵਾਰ ਪੰਜਾਬ ਨੂੰ ਚਾਰ ਜ਼ੋਨਾਂ ’ਚ ਵੰਡ ਕੇ ਪੜਾਅਵਾਰ ਝੋਨੇ ਦੀ ਲੁਆਈ ਹੋਵੇਗੀ। ਮਾਲਵਾ ਖਿੱਤੇ ਵਿਚ ਝੋਨੇ ਦੀ ਲੁਆਈ ਸਭ ਤੋਂ ਪਹਿਲਾਂ 18 ਜੂਨ ਤੋਂ ਹੋਵੇਗੀ ਅਤੇ ਅਖੀਰ ਵਿਚ ਮਾਝਾ ਖਿੱਤੇ ਵਿੱਚ ਝੋਨੇ ਦੀ ਲੁਆਈ 26 ਜੂਨ ਤੋਂ ਸ਼ੁਰੂ ਹੋਵੇਗੀ। ਪੰਜਾਬ ਸਰਕਾਰ ਵੱਲੋਂ 18 ਜੂਨ ਤੋਂ ਖੇਤੀ ਸੈਕਟਰ ਨੂੰ ਬਿਜਲੀ ਸਪਲਾਈ ਦਿੱਤੀ ਜਾਵੇਗੀ। ਖੇਤੀ ਵਿਭਾਗ ਵੱਲੋਂ ਅੱਜ ਜਾਰੀ ਨੋਟੀਫ਼ਿਕੇਸ਼ਨ ਅਨੁਸਾਰ ਪੰਜਾਬ ਵਿੱਚ ਝੋਨੇ ਦੀ ਸਿੱਧੀ ਬਿਜਾਈ 20 ਮਈ ਤੋਂ ਸ਼ੁਰੂ ਹੋਵੇਗੀ। ਨੋਟੀਫਿਕੇਸ਼ਨ ਅਨੁਸਾਰ ਮਾਲਵਾ ਖਿੱਤੇ ਦੇ ਜ਼ਿਲ੍ਹਾ ਸੰਗਰੂਰ, ਬਰਨਾਲਾ, ਮਾਲੇਰਕੋਟਲਾ, ਲੁਧਿਆਣਾ, ਪਟਿਆਲਾ ਅਤੇ ਸ੍ਰੀ ਫ਼ਤਿਹਗੜ੍ਹ ਸਾਹਿਬ ਵਿੱਚ ਝੋਨੇ ਦੀ ਲੁਆਈ 18 ਜੂਨ ਤੋਂ ਸ਼ੁਰੂ ਹੋਣੀ ਹੈ ਜਦਕਿ ਜ਼ਿਲ੍ਹਾ ਬਠਿੰਡਾ, ਮਾਨਸਾ, ਮੋਗਾ, ਫ਼ਰੀਦਕੋਟ, ਫ਼ਿਰੋਜ਼ਪੁਰ ਤੇ ਫ਼ਾਜ਼ਿਲਕਾ ’ਚ ਝੋਨੇ ਦੀ ਲੁਆਈ 22 ਜੂਨ ਤੋਂ ਸ਼ੁਰੂ ਹੋਵੇਗੀ। ਇਸੇ ਤਰ੍ਹਾਂ ਜ਼ਿਲ੍ਹਾ ਐੱਸਏਐੱਸ ਨਗਰ (ਮੁਹਾਲੀ), ਰੂਪਨਗਰ, ਨਵਾਂ ਸ਼ਹਿਰ, ਜਲੰਧਰ, ਕਪੂਰਥਲਾ, ਸ੍ਰੀ ਮੁਕਤਸਰ ਸਾਹਿਬ ’ਚ ਝੋਨੇ ਦੀ ਲੁਆਈ 24 ਜੂਨ ਤੋਂ ਸ਼ੁਰੂ ਹੋਵੇਗੀ। ਅਖੀਰ ਵਿਚ ਮਾਝਾ ਖਿੱਤੇ ਦੇ ਜ਼ਿਲ੍ਹਾ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨ ਤਾਰਨ ਅਤੇ ਹੁਸ਼ਿਆਰਪੁਰ ਦੇ ਕਿਸਾਨ 26 ਜੂਨ ਤੋਂ ਝੋਨੇ ਦੀ ਲੁਆਈ ਸ਼ੁਰੂ ਕਰ ਸਕਣਗੇ।

ਨੋਟੀਫਿਕੇਸ਼ਨ ਅਨੁਸਾਰ ਪਾਵਰਕੌਮ ਵੱਲੋਂ 20 ਤੋਂ 31 ਮਈ ਤੱਕ ਝੋਨੇ ਦੀ ਸਿੱਧੀ ਬਿਜਾਈ ਲਈ ਹਰ ਬਦਲਵੇਂ ਦਿਨ ਅੱਠ ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ ਅਤੇ 31 ਮਈ ਤੋਂ 17 ਜੂਨ ਤੱਕ ਖੇਤੀ ਸੈਕਟਰ ਨੂੰ ਬਿਜਲੀ ਰੋਜ਼ਾਨਾ ਤਿੰਨ ਘੰਟੇ ਮਿਲੇਗੀ। ਪਾਵਰਕੌਮ 18 ਜੂਨ ਤੋਂ ਖੇਤੀ ਸੈਕਟਰ ਨੂੰ ਅੱਠ ਘੰਟੇ ਬਿਜਲੀ ਸਪਲਾਈ ਦੇਵੇਗਾ। ਪਾਵਰਕੌਮ ਵੱਲੋਂ ਫ਼ਸਲ ਪੱਕਣ ਤੱਕ ਬਿਜਲੀ ਸਪਲਾਈ ਦਿੱਤੀ ਜਾਣੀ ਹੈ। ਪੰਜਾਬ ਸਰਕਾਰ ਵੱਲੋਂ ਪਾਣੀ ਤੇ ਬਿਜਲੀ ਦੀ ਬੱਚਤ ਲਈ ਇਹ ਨਵਾਂ ਫ਼ਾਰਮੂਲਾ ਲਿਆਂਦਾ ਗਿਆ ਹੈ ਤਾਂ ਜੋ ਪੀਕ ਸੀਜ਼ਨ ਸਮੇਂ ਬਿਜਲੀ ਸੰਕਟ ਤੋਂ ਬਚਿਆ ਜਾ ਸਕਿਆ ਅਤੇ ਧਰਤੀ ਹੇਠਲੇ ਪਾਣੀ ਦਾ ਬਚਾਓ ਵੀ ਕੀਤਾ ਜਾ ਸਕੇ। ਲੰਘੇ ਤਿੰਨ ਸਾਲਾਂ ਤੋਂ ਝੋਨੇ ਦੀ ਲੁਆਈ 13 ਜੂਨ ਤੋਂ ਸ਼ੁਰੂ ਹੁੰਦੀ ਸੀ। ਪੰਜਾਬ ਸਰਕਾਰ ਦਾ ਤਰਕ ਹੈ ਕਿ ਸੂਬੇ ਨੂੰ ਜ਼ੋਨਾਂ ’ਚ ਵੰਡ ਕੇ ਝੋਨੇ ਦੀ ਲੁਆਈ ਨਾਲ ਜਿੱਥੇ ਬਿਜਲੀ ਦਾ ਸੰਕਟ ਨਹੀਂ ਬਣੇਗਾ, ਉੱਥੇ ਲੇਬਰ ਦੀ ਵੀ ਕੋਈ ਮੁਸ਼ਕਲ ਨਹੀਂ ਆਵੇਗੀ। ਪਾਵਰਕੌਮ ਦਾ ਅੰਦਾਜ਼ਾ ਹੈ ਕਿ ਝੋਨੇ ਦੀ ਲੁਆਈ ਮੌਕੇ ਬਿਜਲੀ ਦੀ ਮੰਗ 15 ਹਜ਼ਾਰ ਮੈਗਾਵਾਟ ਨੂੰ ਵੀ ਪਾਰ ਕਰ ਸਕਦੀ ਹੈ। ਇਸ ਵਾਰ ਕਰੀਬ 30 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਲੁਆਈ ਹੋਣ ਦਾ ਅਨੁਮਾਨ ਹੈ ਜਿਸ ’ਚੋਂ 12 ਲੱਖ ਹੈਕਟੇਅਰ ਰਕਬਾ ਸਿੱਧੀ ਬਿਜਾਈ ਹੇਠ ਲਿਆਉਣ ਦੀ ਯੋਜਨਾ ਹੈ।

Leave a Reply

Your email address will not be published. Required fields are marked *