ਸੁਖਬੀਰ ਨੇ ਅਪਣਾਈ ਦੋਗਲੀ ਨੀਤੀ: ਅਮਰਿੰਦਰ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਬ ਪਾਰਟੀ ਮੀਟਿੰਗ ਵਿੱਚ ਖੇਤੀ ਆਰਡੀਨੈਂਸਾਂ ’ਤੇ ਲੰਘੇ ਕੱਲ੍ਹ ਪਾਸ ਕੀਤੇ ਮਤੇ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਸਥਿਤੀ ਸਪਸ਼ਟ ਕਰਨ ਦੀ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਦੋਗਲੀ ਨੀਤੀ ਅਪਣਾ ਰਿਹਾ ਹੈ। ਮੁੱਖ ਮੰਤਰੀ ਨੇ ਸੁਆਲ ਕੀਤਾ ਕਿ ਕੀ ਅਕਾਲੀ ਦਲ ਇਸ ਤੱਥ ਨਾਲ ਸਹਿਮਤ ਹੈ ਕਿ ਖੇਤੀਬਾੜੀ ਸੂਬੇ ਦਾ ਵਿਸ਼ਾ ਹੈ ਅਤੇ ਕੇਂਦਰ ਨੂੰ ਇਸ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਸੁਖਬੀਰ ਬਾਦਲ ਨੇ ਅੱਜ ਮੀਟਿੰਗ ਦੇ ਚੋਣਵੇਂ ਵੀਡੀਓ ਕਲਿੱਪ ਜਾਰੀ ਕੀਤੇ ਸਨ, ਜਿਸ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਰਬ ਪਾਰਟੀ ਮੀਟਿੰਗ ਦੌਰਾਨ ਪਾਸ ਮਤੇ ਦੇ ਤਿੰਨ ਨੁਕਤਿਆਂ ਵਿੱਚੋਂ ਦੋ ਨੁਕਤਿਆਂ ’ਤੇ ਅਕਾਲੀ ਦਲ ਦੇ ਪ੍ਰਧਾਨ ਨੇ ਸਪਸ਼ਟ ਹਮਾਇਤ ਦਿੱਤੀ ਸੀ। ਉਨ੍ਹਾਂ ਕਿਹਾ ਕਿ ਝੂਠ ਬੋਲਣ ਨਾਲ ਤੱਥ ਨਹੀਂ ਬਦਲ ਸਕਦੇ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਨੇ ਬੀਤੇ ਕੱਲ੍ਹ ਦੀ ਵੋਟਿੰਗ ਸਮੇਂ ਮਤੇ ਦਾ ਪੂਰਾ ਵਿਰੋਧ ਕੀਤਾ ਜਦਕਿ ਸੁਖਬੀਰ ਨੇ ਸ਼ੁਰੂਆਤ ਵਿੱਚ ਸਿੱਧਾ ਹੁੰਗਾਰਾ ਭਰਨ ਤੋਂ ਬਚਣ ਦੀ ਕੋਸ਼ਿਸ਼ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਯਾਦ ਕਰਵਾਇਆ ਕਿ ਉਹ ਇਹ ਕਹਿਣ ਤੱਕ ਗਏ ਕਿ ਜੇਕਰ ਆਰਡੀਨੈਂਸ ਸੰਘੀ ਢਾਂਚੇ ਦੀ ਭਾਵਨਾ ਦੇ ਉਲਟ ਪਾਏ ਜਾਂਦੇ ਹਨ ਤਾਂ, ‘‘ਅਸੀਂ ਇਸ ’ਤੇ ਵੀ ਤੁਹਾਡੇ ਨਾਲ ਹਾਂ।’’ ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਵੀ ਵਧ ਕੇ, ਸੁਖਬੀਰ ਵੱਲੋਂ ਭਾਜਪਾ ਵਾਂਗ ਨਾਂਹ ਨਹੀਂ ਕੀਤੀ ਗਈ ਜਦੋਂ ਉਨ੍ਹਾਂ (ਕੈਪਟਨ ਅਮਰਿੰਦਰ ਸਿੰਘ) ਇਹ ਕਹਿੰਦਿਆਂ ਗੱਲ ਮੁਕਾਈ, ‘‘ਭਾਜਪਾ-ਸ਼੍ਰੋਮਣੀ ਅਕਾਲੀ ਦਲ ਅੰਸ਼ਕ ਤੌਰ ’ਤੇ ਮਤੇ ਦੇ ਹੱਕ ਵਿੱਚ ਹਨ ਅਸ਼ੰਕ ਤੌਰ ’ਤੇ ਵਿਰੋਧ ਵਿੱਚ ਅਤੇ ਉਨ੍ਹਾਂ ਦੇ ਇਤਰਾਜ਼ ਦਰਜ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਸਭ ਰਿਕਾਰਡ ਵਿੱਚ ਦਰਜ ਹੈ।’’

ਅਮਰਿੰਦਰ ਨੇ ਕਿਹਾ ਕਿ ਸੁਖਬੀਰ ਕਸੂਤੇ ਫਸ ਗਏ ਹਨ ਅਤੇ ਉਨ੍ਹਾਂ ਨੂੰ ਜ਼ਰੂਰਤ ਹੈ ਕਿ ਕੇਂਦਰੀ ਸੱਤਾ ਭਾਈਵਾਲੀ ਵਿੱਚ ਹੋਂਦ ਰੱਖਣ ਲਈ ਭਾਜਪਾ ਦਾ ਸਮਰਥਨ ਕਰਨ ਦੀ ਅਤੇ ਪੰਜਾਬ ਵਿੱਚ ਪਾਰਟੀ ਵੋਟ ਬੈਂਕ ਬਚਾਉਣ ਦੀ। ਉਨ੍ਹਾਂ ਕਿਹਾ ਕਿ ‘‘ਇੰਜ ਜਾਪਦਾ ਹੈ ਕਿ ਸੁਖਬੀਰ ਮਤੇ ਲਈ ਆਪਣੀ ਸ਼ਰਤਾਂ ਨਾਲ ਕੀਤੀ ਹਮਾਇਤ ਵਾਪਸ ਲੈਣ ਲਈ ਭਾਜਪਾ ਵਿਚਲੇ ਆਪਣੇ ਸਿਆਸੀ ਅਕਾਵਾਂ ਦੇ ਦਬਾਅ ਹੇਠ ਹੈ, ਪਰ ਅਜਿਹਾ ਜ਼ੋਰਦਾਰ ਤਰੀਕੇ ਨਾਲ ਕਰਨ ਦੀ ਸਥਿਤੀ ਵਿੱਚ ਨਹੀਂ।’

Leave a Reply

Your email address will not be published. Required fields are marked *