ਤੇਜ਼ ਝੱਖੜ ਨਾਲ ਪਾਵਰਕਾਮ ਦੇ ਸੈਂਕੜੇ ਖੰਭੇ ਤੇ ਟਰਾਂਸਫਾਰਮਰ ਡਿਗੇ, ਵੱਡੀ ਗਿਣਤੀ ’ਚ ਟੁੱਟੇ ਦਰਖ਼ਤ

ਖੰਨਾ/ਸਮਰਾਲਾ/ਫ਼ਤਹਿਗੜ੍ਹ ਸਾਹਿਬ : ਬੀਤੀ ਰਾਤ ਤੇਜ਼ ਝੱਖੜ ਝੁੱਲਣ ਕਾਰਨ ਬਿਜਲੀ ਦੇ ਸੈਂਕੜੇ ਖੰਭੇ ਤੇ ਟਰਾਂਸਫਾਰਮਰ ਡਿਗ ਗਏ ਜਿਸ ਕਾਰਨ ਬਿਜਲੀ ਸਪਲਾਈ ਠੱਪ ਹੋ ਗਈ। ਸੋਮਵਾਰ ਦੇਰ ਸ਼ਾਮ ਤੱਕ ਕਾਫ਼ੀ ਹੱਦ ਤੱਕ ਬਿਜਲੀ ਸਪਲਾਈ ਮੁੜ ਚਾਲੂ ਕਰ ਦਿੱਤੀ ਗਈ ਪਰ ਕਈ ਥਾਵਾਂ ’ਤੇ ਦੇਰ ਰਾਤ ਖ਼ਬਰ ਲਿਖੇ ਜਾਣ ਤੱਕ ਵੀ ਬਿਜਲੀ ਬੰਦ ਸੀ। ਹਾਲਾਂਕਿ ਖੇਤਾਂ ਲਈ ਬਿਜਲੀ ਚਾਲੂ ਕਰਨ ਲਈ ਅਜੇ 2 ਦਿਨ ਹੋਰ ਲੱਗ ਸਕਦੇ ਹਨ। ਪੰਜਾਬ ਵਿੱਚ ਬਹੁਤ ਲੰਮੇ ਸਮੇਂ ਪਿੱਛੋਂ ਇੰਨਾ ਤੇਜ਼ ਤੂਫ਼ਾਨ ਦੇਖਿਆ ਗਿਆ ਹੈ। ਪਾਵਰਕਾਮ ਦਾ ਲੱਖਾਂ ਰੁਪਏ ਦਾ ਮਾਲੀ ਨੁਕਸਾਨ ਹੋਇਆ।

ਇਸ ਝੱਖੜ ਕਾਰਨ ਸੜਕਾਂ ਕੰਢੇ ਖੜ੍ਹੇ ਵੱਡੀ ਗਿਣਤੀ ‘ਚ ਰੁੱਖ ਵੀ ਟੁੱਟ ਗਏ, ਜਿਸ ਕਾਰਨ ਕਈ ਇਲਾਕਿਆਂ ਵਿਚ ਆਵਾਜਾਈ ਦੀ ਪ੍ਰਭਾਵਿਤ ਹੋਈ। ਬੇਸ਼ੱਕ ਜੰਗਲਾਤ ਵਿਭਾਗ ਦੀਆਂ ਟੀਮਾਂ ਸੜਕਾਂ ਕਿਨਾਰੇ ਡਿੱਗੇ ਰੁੱਖਾਂ ਨੂੰ ਸਾਂਭਦੀਆਂ ਰਹੀਆਂ, ਪਰ ਇਸ ਦੇ ਬਾਵਜੂਦ ਲੋਕ ਸੜਕਾਂ ਕੰਢੇ ਡਿਗੇ ਦਰੱਖਤ ਵੱਢ ਕੇ ਲੈ ਗਏ। ਪਿੰਡ ਬੌਂਦਲ ਵਿਖੇ ਇਕ ਘਰ ਦੀ ਸ਼ੈੱਡ ਉੱਡ ਗਈ।

ਹਨੇਰੀ ਦੀ ਰਫ਼ਤਾਰ ਏਨੀ ਜ਼ਿਆਦਾ ਸੀ ਕਿ ਸੜਕਾਂ ਕੰਢੇ ਖੜ੍ਹੇ ਦਰੱਖਤ ਦੂਰ-ਦੂਰ ਤਕ ਖੇਤਾਂ ਵਿਚ ਘੜੀਸ ਕੇ ਲੈ ਗਈ, ਜਿਸ ਕਾਰਨ ਕਈ ਕਿਸਾਨਾਂ ਦੀ ਝੋਨੇ ਦੀ ਫਸਲ ਦਾ ਵੀ ਨੁਕਸਾਨ ਹੋਇਆ ਹੈ। ਕਈ ਪਿੰਡਾਂ ਵਿਚ ਅੱਜ ਕਿਸਾਨ ਆਪਣੇ ਖੇਤਾਂ ਵਿਚ ਡਿਗੇ ਦਰਖੱਤ ਮਜ਼ਦੂਰ ਲਗਾ ਕੇ ਕਢਦੇ ਰਹੇ ਤਾਂ ਕਿ ਉਨ੍ਹਾਂ ਦੀ ਫਸਲ ਬਚ ਸਕੇ। ਪਿੰਡ ਘਰਖਣਾ ਦੇ ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਉਸਦੀ ਤੇਜ ਝੱਖੜ ਨੇ ਸੜਕ ਕੰਢੇ ਖੜ੍ਹੇ ਰੁੱਖ ਤੋੜ ਕੇ ਉਸਦੀ ਕਰੀਬ 2 ਏਕੜ ਵਿਚ ਜ਼ਮੀਨ ਵਿਚ ਸੁੱਟ ਦਿੱਤੇ।

ਪਾਵਰਕਾਮ ਦੇ ਐਕਸੀਅਨ ਕੰਵਲਜੀਤ ਸਿੰਘ ਸਿੱਧੂ ਨੇ ਕਿਹਾ ਕਿ ਮੁਲਾਜ਼ਮ ਸਪਲਾਈ ਬਹਾਲ ਕਰਨ ਲੱਗੇ ਰਹੇ। ਗਰਮੀ ਦੇ ਬਾਵਜੂਦ ਮੁਲਾਜ਼ਮਾਂ ਦੀ ਮਿਹਨਤ ਸਦਕਾ ਕਈ ਇਲਾਕਿਆਂ ‘ਚ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ ਤੇ ਕੁਝ ਰਹਿੰਦੇ ਇਲਾਕੇ ਦੀ ਸਪਲਾਈ ਠੀਕ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *