ਪੁਲਿਸ ਤੇ ਵਲੰਟੀਅਰਾਂ ਦੀ ਵਰਦੀ ‘ਚ ਆਏ ਲੁਟੇਰੇ, ਪਰਿਵਾਰ ਨੂੰ ਬੰਧਕ ਬਣਾ ਕੇ 15 ਲੱਖ ਲੁੱਟੇ

ਅੰਮਿ੍ਤਸਰ : ਭਾਰਤ-ਪਾਕਿ ਸਰਹੱਦ ਸਥਿਤ ਪਿੰਡ ਅਟਾਰੀ ‘ਚ ਲੁਟੇਰਿਆਂ ਨੇ ਇਕ ਪਰਿਵਾਰ ਨੂੰ ਬੰਧਕ ਬਣਾ ਕੇ ਸੱਤ ਲੱਖ ਰੁਪਏ ਦੀ ਨਕਦੀ ਤੇ ਲਗਪਗ ਸਾਢੇ ਸੱਤ ਲੱਖ ਰੁਪਏ ਦੇ ਗਹਿਣੇ ਲੁੱਟ ਲਏ।

ਪੁਲਿਸ ਵਰਦੀ ਤੇ ਕੋਰੋਨਾ ਕਾਲ ਦੌਰਾਨ ਪੁਲਿਸ ਦਾ ਸਹਿਯੋਗ ਦੇਣ ਵਾਲੇ ਵਲੰਟੀਅਰਾਂ ਨੂੰ ਦਿੱਤੀਆਂ ਗਈਆਂ ਟੀ ਸ਼ਰਟਾਂ ‘ਚ ਆਏ ਸੱਤ ਲੁਟੇਰਿਆਂ ਨੇ ਅਟਾਰੀ ਦੇ ਇਸ ਪਰਿਵਾਰ ਦੇ ਦੋ ਸਾਲ ਦੇ ਬੱਚੇ ਨੂੰ ਅਗਵਾ ਕਰਨ ਦੀ ਧਮਕੀ ਦੇ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਨੇ ਜੱਗੂ ਭਗਵਾਨਪੁਰੀਆ ਦਾ ਨਾਂ ਲੈ ਕੇ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਤੇ ਜਾਂਦੇ ਵੇਲੇ ਘਰ ‘ਚ ਪਈ 32 ਬੋਰ ਦੀ ਲਾਈਸੈਂਸੀ ਰਾਈਫਲ ਤੇ ਕਾਰਤੂਸ ਵੀ ਲੈ ਗਏ।

ਕੋਲਡ ਡਰਿੰਕ ਕੰਪਨੀ ਦੇ ਏਜੰਸੀ ਸੰਚਾਲਕ ਅਟਾਰੀ ਦੇ ਰਹਿਣ ਵਾਲੇ ਕੁਲਵੰਤ ਸਿੰਘ ਨੇ ਦੱਸਿਆ ਕਿ ਸੋਮਵਾਰ ਸਵੇਰੇ ਦੋ ਨੌਜਵਾਨ ਉਨ੍ਹਾਂ ਦੇ ਘਰ ਆਏ। ਉਨ੍ਹਾਂ ਦੇ ਬੇਟੇ ਜਸਵਿੰਦਰ ਸਿੰਘ ਨੇ ਦਰਵਾਜ਼ਾ ਖੋਲਿਆ ਤਾਂ ਦੋਵਾਂ ਨੇ ਕਿਹਾ ਕਿ ਤੁਹਾਡੀ ਸਕਾਰਪੀਓ ਗੱਡੀ ਨਾਲ 26 ਜੂਨ ਨੂੰ ਹਾਦਸਾ ਹੋਇਆ ਹੈ। ਉਨ੍ਹਾਂ ਦੇ ਬੇਟੇ ਨੇ ਕਿਹਾ ਕਿ 26 ਜੂਨ ਨੂੰ ਤਾਂ ਉਹ ਘਰੋਂ ਬਾਹਰ ਹੀ ਨਹੀਂ ਨਿਕਲੇ। ਉਹ ਦੋਵੇਂ ਸਕਾਰਪੀਓ ਦੀ ਆਰਸੀ ਵੇਖਣ ਦੇ ਬਹਾਨੇ ਘਰ ਅੰਦਰ ਆ ਗਏ।

ਕੁਝ ਹੀ ਸਮੇਂ ‘ਚ ਦੋ ਹੋਰ ਨੌਜਵਾਨ ਪੁਲਿਸ ਵਲੰਟੀਅਰ ਦੀ ਵਰਦੀ ‘ਚ ਕੋਲਡ ਡਰਿੰਕ ਖਰੀਦਣ ਲਈ ਆ ਗਏ। ਇਸ ਤੋਂ ਬਾਅਦ ਚਾਰਾਂ ਨੌਜਵਾਨਾਂ ਨੇ ਉਨ੍ਹਾਂ ‘ਤੇ ਪਿਸਤੌਲ ਤਾਨ ਦਿੱਤੀ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਏ। ਉਹ ਗਹਿਣੇ ਤੇ ਨਕਦੀ ਮੰਗਣ ਲੱਗ ਪਏ। ਜਦੋਂ ਉਨ੍ਹਾਂ ਨੇ ਲੁਟੇਰਿਆਂ ਦਾ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਉਨ੍ਹਾਂ ਦੇ ਦੋ ਸਾਲ ਦੇ ਪੋਤੇ ਨੂੰ ਚੁੱਕ ਲਿਆ। ਉਨ੍ਹਾਂ ਨੇ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਕਿ ਉਹ ਜੱਗੂ ਭਗਵਾਨਪੁਰੀਆ ਗਿਰੋਹ ਦੇ ਮੈਂਬਰ ਹਨ ਜੇ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਉਹ ਬੱਚੇ ਨੂੰ ਚੁੱਕ ਕੇ ਨਾਲ ਲੈ ਜਾਣਗੇ।

ਬੱਚੇ ਦੇ ਅਗਵਾ ਦੀ ਗੱਲ ਸੁਣਦੇ ਹੀ ਉਨ੍ਹਾਂ ਦੀ ਪਤਨੀ ਪ੍ਰਕਾਸ਼ ਕੌਰ ਨੇ ਲੁਟੇਰਿਆਂ ਨੂੰ ਅਲਮਾਰੀ ਦੀਆਂ ਚਾਬੀਆਂ ਦੇ ਦਿੱਤੀਆਂ। ਲੁਟੇਰਿਆਂ ਨੇ ਪਰਿਵਾਰ ਨੂੰ ਬੰਧਕ ਬਣਾ ਕੇ ਅਲਮਾਰੀ ‘ਚ ਪਏ ਸੱਤ ਲੱਖ ਰੁਪਏ, ਕਰੀਬ ਸਾਢੇ ਸੱਤ ਲੱਖ ਦੇ ਗਹਿਣੇ, 32 ਬੋਰ ਦੀ ਲਾਈਸੈਂਸੀ ਰਾਈਫਲ ਤੇ ਕਾਰਤੂਸ ਲੈ ਕੇ ਫ਼ਰਾਰ ਹੋ ਗਏ। ਉਨ੍ਹਾਂ ਦੇ ਜਾਣ ਤੋਂ ਬਾਅਦ ਪੂਰੇ ਪਰਿਵਾਰ ਨੇ ਘਰੋਂ ਨਿਕਲ ਕੇ ਰੌਲਾ ਪਾਇਆ ਵਪਰ ਉਦੋਂ ਤਕ ਲੁਟੇਰੇ ਫ਼ਰਾਰ ਹੋ ਚੁੱਕੇ ਸਨ।

ਵਾਰਦਾਤ ਤੋਂ ਪਹਿਲਾਂ ਪਾਲਤੂ ਕੁੱਤਿਆਂ ਨੂੰ ਕਮਰੇ ‘ਚ ਬੰਦ ਕਰਵਾਇਆ
ਪੁਲਿਸ ਵਰਦੀ ‘ਚ ਆਏ ਲੁਟੇਰੇ ਗੱਡੀ ਦੀ ਆਰਸੀ ਵੇਖਣ ਬਹਾਨੇ ਅੰਦਰ ਦਾਖਲ ਹੋਏ। ਉਨ੍ਹਾਂ ਨੇ ਜਸਵਿੰਦਰ ਸਿੰਘ ਨੂੰ ਕਿਹਾ ਕਿ ਉਹ ਕੁੱਤਿਆਂ ਨੂੰ ਅੰਦਰ ਬੰਦ ਕਰ ਦੇਣ। ਜਸਵਿੰਦਰ ਸਿੰਘ ਨੇ ਲੁਟੇਰਿਆਂ ਨੂੰ ਪੁਲਿਸ ਮੁਲਾਜ਼ਮ ਸਮਝ ਕੇ ਕੁੱਤਿਆਂ ਨੂੰ ਕਮਰੇ ‘ਚ ਅੰਦਰ ਬੰਦ ਕਰ ਦਿੱਤਾ।

ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਨਾਂ ਲੈ ਕੇ ਧਮਕਾਇਆ
ਲੁਟੇਰਿਆਂ ਨੇ ਕਿਹਾ ਕਿ ਉਹ ਜੱਗੂ ਭਗਵਾਨਪੁਰੀਆ ਦੇ ਸਾਥੀ ਹਨ। ਉਸ ਦਾ ਨਾਂ ਲੈ ਕੇ ਉਨ੍ਹਾਂ ਨੇ ਜਸਵਿੰਦਰ ਸਿੰਘ ਨੂੰ ਕਿਹਾ ਕਿ ਉਹ ਕਾਫੀ ਸਮੇਂ ਤੋਂ ਜੱਗੂ ਨਾਲ ਪੰਗਾ ਲੈ ਰਹੇ ਹਨ। ਹੁਣ ਤੁਹਾਨੂੰ ਉਸ ਦਾ ਅੰਜਾਮ ਭੁਗਤਨਾ ਪਵੇਗਾ। ਪਰ ਪੁਲਿਸ ਦੀ ਮੁੱਢਲੀ ਜਾਂਚ ਤੋਂ ਬਾਅਦ ਜਸਵਿੰਦਰ ਤੇ ਜੱਗੂ ਵਿਚਕਾਰ ਕਿਸੇ ਵੀ ਤਰ੍ਹਾਂ ਦਾ ਕੋਈ ਤੱਥ ਸਾਹਮਣੇ ਨਹੀਂ ਆਇਆ ਹੈ।

ਤਿੰਨ ਸਾਥੀ ਬੈਠੇ ਰਹੇ ਕਾਰ ‘ਚ, ਨੌਕਰਾਨੀ ਨੂੰ ਬਾਹਰੋਂ ਹੀ ਵਾਪਸ ਭੇਜਿਆ
ਘਟਨਾ ਵੇਲੇ ਕੁਲਵੰਤ ਸਿੰਘ ਦੇ ਘਰ ਕੰਮ ਕਰਨ ਵਾਲੀ ਨੌਕਰਾਨੀ ਪੁੱਜੀ ਤਾਂ ਬਾਹਰ ਕਾਰ ‘ਚ ਬੈਠੇ ਲੁਟੇਰਿਆਂ ਦੇ ਸਾਥੀਆਂ ਨੇ ਉਸ ਨੂੰ ਰੋਕ ਲਿਆ। ਘਰ ‘ਚ ਪੁਲਿਸ ਜਾਂਚ ਦੀ ਗੱਲ ਕਹੀ, ਜਿਸ ਤੋਂ ਬਾਅਦ ਉਹ ਡਰ ਗਈ ਤੇ ਵਾਪਸ ਚਲੀ ਗਈ।

ਅਣਪਛਾਤਿਆਂ ਖ਼ਿਲਾਫ਼ ਥਾਣਾ ਘਰਿੰਡਾ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਘਟਨਾ ਵਾਲੀ ਥਾਂ ਦੇ ਨੇੜੇ ਕੋਈ ਸੀਸੀਟੀਵੀ ਕੈਮਰਾ ਵੀ ਨਹੀਂ ਲੱਗਾ ਹੈ। ਛੇਤੀ ਹੀ ਲੁਟੇਰਿਆਂ ਦਾ ਪਤਾ ਲਗਾ ਲਿਆ ਜਾਵੇਗਾ।

– ਵਿਕਰਮਜੀਤ ਦੁੱਗਲ, ਐੱਸਐੱਸਪੀ ਦੇਹਾਤੀ, ਅੰਮਿ੍ਤਸਰ।

Leave a Reply

Your email address will not be published. Required fields are marked *