ਥਰਮਲ ਬੰਦ ਹੋਣ ਤੋਂ ਦੁਖੀ ਕਿਸਾਨ ਨੇ ਜਾਨ ਦਿੱਤੀ

ਬਠਿੰਡਾ : ਇੱਥੋਂ ਦੇ ਥਰਮਲ ਪਲਾਂਟ ਨੂੰ ਸਰਕਾਰ ਵੱਲੋਂ ਬੰਦ ਕਰਨ ਦੇ ਫ਼ੈਸਲੇ ਦੇ ਵਿਰੋਧ ਵਿਚ ਅੱਜ ਇਕ ਕਿਸਾਨ ਕਾਰਕੁਨ ਨੇ ਆਪਣੀ ਜਾਨ ਦੇ ਦਿੱਤੀ। ਮ੍ਰਿਤਕ ਦੀ ਪਛਾਣ ਜ਼ਿਲ੍ਹਾ ਸੰਗਰੂਰ ਦੇ ਪਿੰਡ ਚੀਮਾ ਵਾਸੀ ਕਿਸਾਨ ਜੋਗਿੰਦਰ ਸਿੰਘ ਉਰਫ਼ ਭੋਲਾ (56) ਵਜੋਂ ਹੋਈ ਹੈ। ਊਹ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦਾ ਮੈਂਬਰ ਸੀ।

ਸੂਤਰਾਂ ਅਨੁਸਾਰ ਅੱਜ ਸਵੇਰੇ ਇੱਕ ਵਿਅਕਤੀ ਥਰਮਲ ਪਲਾਂਟ ਦੇ ਗੇਟ ’ਤੇ ਪੁੱਜਿਆ। ਉਸ ਦੇ ਮੋਟਰਸਾਈਕਲ ’ਤੇ ਕਿਸਾਨ ਯੂਨੀਅਨ ਦਾ ਝੰਡਾ ਲੱਗਿਆ ਹੋਇਆ ਸੀ ਅਤੇ ਉਸ ਕੋਲ ਇਕ ਤਖ਼ਤੀ ਸੀ, ਜਿਸ ਊੱਪਰ ਗੁਰੂ ਨਾਨਕ ਦੇਵ ਦੀ ਤਸਵੀਰ ਸੀ। ਉਸ ’ਤੇ ਲਿਖਿਆ ਹੋਇਆ ਸੀ, ‘ਸ੍ਰੀ ਗੁਰੂ ਨਾਨਕ ਥਰਮਲ ਪਲਾਂਟ ਬਠਿੰਡਾ ਦੀ ਇਤਿਹਾਸਕ ਸ਼ਾਨ, ਮੈਂ ਕਰਦਾ ਹਾਂ ਇਸ ਨੂੰ ਵੇਚਣ ਤੋਂ ਰੋਕਣ ਲਈ ਜ਼ਿੰਦ ਕੁਰਬਾਨ’। ਤਖ਼ਤੀ ਹੱਥਾਂ ’ਚ ਫੜ ਕੇ ਉਹ ਥਰਮਲ ਦੇ ਗੇਟ ਨੇੜੇ ਬੈਠ ਗਿਆ। ਥਰਮਲ ਦੇ ਸੁਰੱਖਿਆ ਕਰਮੀਆਂ ਵਲੋਂ ਰੋਕਣ ’ਤੇ ਉਸ ਨੇ ਕਿਹਾ ਕਿ ਊਹ ਥਰਮਲ ਬੰਦ ਹੋਣ ਦੇ ਵਿਰੋਧ ’ਚ ਇੱਥੇ ਮਰਨ ਵਰਤ ’ਤੇ ਬੈਠਣ ਆਇਆ ਹੈ। ਧਰਨਾ ਲਾ ਕੇ ਬੈਠਾ ਇਹ ਪ੍ਰਦਰਸ਼ਨਕਾਰੀ ਕਰੀਬ ਘੰਟਾ ਮਗਰੋਂ ਥਾਏਂ ਦਮ ਤੋੜ ਗਿਆ। ਸੂਚਨਾ ਮਿਲਣ ’ਤੇ ਥਾਣਾ ਥਰਮਲ ਦੀ ਪੁਲੀਸ ਮੌਕੇ ’ਤੇ ਪੁੱਜੀ ਅਤੇ ਮੁੱਢਲੀ ਕਾਰਵਾਈ ਪਿੱਛੋਂ ਲਾਸ਼ ਸਿਵਲ ਹਸਪਤਾਲ ਲੈ ਗਈ। ਅਪੁਸ਼ਟ ਸੂਤਰਾਂ ਅਨੁਸਾਰ ਮ੍ਰਿਤਕ ਕੋਲ ‘ਖੁਦਕੁਸ਼ੀ ਨੋਟ’ ਵੀ ਸੀ, ਜੋ ਪੁਲੀਸ ਨੇ ਕਬਜ਼ੇ ’ਚ ਲੈ ਲਿਆ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਊਣ ਮਗਰੋਂ ਹਕੀਕਤ ਦਾ ਪਤਾ ਲੱਗੇਗਾ। ਇੱਥੇ ਪੁੱਜੇ ਮ੍ਰਿਤਕ ਦੇ ਪੁੱਤਰ ਕੁਲਵਿੰਦਰ ਸਿੰਘ ਅਤੇ ਭਰਾ ਅਨੁਸਾਰ ਜੋਗਿੰਦਰ ਸਿੰਘ ਥਰਮਲ ਮਾਮਲੇ ’ਤੇ ਕੁਝ ਦਿਨਾਂ ਤੋਂ ਚਿੰਤਤ ਸੀ। ਮਰਹੂਮ ਕਿਸਾਨ ਦੇ ਪਰਿਵਾਰ ਅਤੇ ਕਿਸਾਨ ਜਥੇਬੰਦੀ ਨੇ ਕਿਹਾ ਕਿ 10 ਲੱਖ ਰੁਪੲੇ ਮੁਆਵਜ਼ਾ ਮਿਲਣ ਤੱਕ ਲਾਸ਼ ਦਾ ਪੋਸਟਮਾਰਟਮ ਨਹੀਂ ਹੋਣ ਦਿੱਤਾ ਜਾਵੇਗਾ। ਸ਼ਾਮ ਤੱਕ ਪ੍ਰਸ਼ਾਸਨ ਅਤੇ ਮ੍ਰਿਤਕ ਦੇ ਵਾਰਸਾਂ ਵਿਚਾਲੇ ਕਈ ਵਾਰ ਗੱਲਬਾਤ ਹੋਈ ਪਰ ਬੇਸਿੱਟਾ ਰਹੀ।

ਫੇਰੂਮਾਨ ਤੋਂ ਬਾਅਦ ਦੀ ਸਭ ਤੋਂ ਵੱਡੀ ਕੁਰਬਾਨੀ: ਮਲੂਕਾ

ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨਾਲ ਬਠਿੰਡਾ ਆ ਕੇ ਵਾਰਸਾਂ ਨੂੰ ਮਿਲੇ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਇਸ ਨੂੰ ਸੰਤ ਫੇਰੂਮਾਨ ਤੋਂ ਬਾਅਦ ਸਭ ਤੋਂ ਵੱਡੀ ਤੇ ਇਤਿਹਾਸਕ ਕੁਰਬਾਨੀ ਦੱਸਦਿਆਂ ਮਰਹੂਮ ਦੀ ਯਾਦ ’ਚ ਰਲ ਕੇ ਵੱਡੀ ਯਾਦਗਾਰ ਉਸਾਰਨ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਥਰਮਲ ਚਾਲੂ ਰੱਖਣ ਦੇ ਵਾਅਦੇ ਤੋਂ ਮੁੱਕਰ ਕੇ ਲੋਕਾਂ ਨਾਲ ਵੱਡਾ ਧੋਖਾ ਕੀਤਾ। ਉਨ੍ਹਾਂ ਕਿਹਾ ਕਿ ਥਰਮਲ ਦੀ ਸੰਪਤੀ ਵੇਚਣ ਦਾ ਫ਼ੈਸਲਾ ਪੰਜਾਬ ਸਰਕਾਰ ਵਾਪਸ ਲਵੇ।

‘ਘਟਨਾ ’ਤੇ ਸਿਆਸਤ ਕਰਨ ਤੋਂ ਗੁਰੇਜ਼ ਕੀਤਾ ਜਾਵੇ’

ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਜੋਗਿੰਦਰ ਸਿੰਘ ਉਨ੍ਹਾਂ ਦੀ ਜਥੇਬੰਦੀ ਦਾ ਮੈਂਬਰ ਸੀ। ਉਨ੍ਹਾਂ ਕਿਹਾ ਕਿ ਪਹਿਲੀ ਨਜ਼ਰੇ ਮ੍ਰਿਤਕ ਵੱਲੋਂ ਧਾਰਮਿਕ ਭਾਵਨਾਵਾਂ ’ਚ ਵਹਿ ਕੇ ਇਹ ਕਦਮ ਚੁੱਕਿਆ ਜਾਪਦਾ ਹੈ। ਉਨ੍ਹਾਂ ਕਿਹਾ ਕਿ ਫਿਰ ਵੀ ਇਹ ਕੁਰਬਾਨੀ ਅਜਾਈਂ ਨਹੀਂ ਜਾਣੀ ਚਾਹੀਦੀ, ਸਰਕਾਰ ਨੂੰ ਨਿੱਜੀਕਰਨ ਵੱਲੋਂ ਮੁਹਾਰਾਂ ਮੋੜ ਕੇ ਥਰਮਲ ਪਲਾਂਟ ਨੂੰ ਚਾਲੂ ਰੱਖਣ ਦਾ ਫ਼ੈਸਲਾ ਕਰਨਾ ਚਾਹੀਦਾ ਹੈ। ਉਨ੍ਹਾਂ ਸਰਕਾਰ ਤੋਂ ਮ੍ਰਿਤਕ ਦੇ ਇਕ ਪਰਿਵਾਰਕ ਜੀਅ ਨੂੰ ਸਰਕਾਰੀ ਨੌਕਰੀ, ਉਨ੍ਹਾਂ ਦੀ ਕਰਜ਼ਾ ਮੁਆਫ਼ੀ ਅਤੇ ਦਸ ਲੱਖ ਰੁਪਏ ਮੁਆਵਜ਼ੇ ਵਜੋਂ ਮੰਗ ਕੀਤੀ। ਉਨ੍ਹਾਂ ਆਖਿਆ ਕਿ ਥਰਮਲ ਬੰਦ ਕਰਨ ਦਾ ਮੁੱਢ ਬਾਦਲ ਸਰਕਾਰ ਨੇ ਬੰਨ੍ਹਿਆ ਸੀ। ਉਨ੍ਹਾਂ ਸਿਆਸਤਦਾਨਾਂ ਨੂੰ ਅਜਿਹੀਆਂ ਘਟਨਾਵਾਂ ’ਤੇ ਸਿਆਸਤ ਕਰਨ ਤੋਂ ਸੰਕੋਚ ਕਰਨ ਲਈ ਆਖਿਆ।

Leave a Reply

Your email address will not be published. Required fields are marked *