ਲੰਗਰ ਘਪਲਾ: ਮੈਨੇਜਰ ਸਣੇ ਪੰਜ ਮੁਲਾਜ਼ਮ ਮੁਅੱਤਲ

ਸ੍ਰੀ ਆਨੰਦਪੁਰ ਸਾਹਿਬ : ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਲੰਗਰ ਲਈ ਆਉਂਦੀਆਂ ਸਬਜ਼ੀਆਂ ਦੀ ਖਰੀਦ ਮਾਮਲੇ ਵਿੱਚ ਪਾਈਆਂ ਗਈਆਂ ਬੇਨਿਯਮੀਆਂ ਮਗਰੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੋਸ਼ੀ ਪਾਏ ਗਏ ਮੈਨੇਜਰ ਸਣੇ ਪੰਜ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਨ੍ਹਾਂ ਪੰਜਾਂ ਨੂੰ ਇਥੋਂ ਹੈੱਡਕੁਆਰਟਰ ਤਬਦੀਲ ਕਰਨ ਦਾ ਫੈਸਲਾ ਲਿਆ ਹੈ। ਸ਼੍ਰੋਮਣੀ ਕਮੇਟੀ ਦੇ ਆਲਾਮਿਆਰੀ ਸੂਤਰਾਂ ਨੇ ਦੱਸਿਆ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪੜਤਾਲੀਆ ਕਮੇਟੀ ਵੱਲੋਂ ਪੇਸ਼ ਕੀਤੀ ਰਿਪੋਰਟ ਦੀ ਸਮੀਖਿਆ ਕਰਨ ਉਪਰੰਤ ਇਹ ਫ਼ੈਸਲਾ ਲਿਆ ਹੈ। ਸ੍ਰੀ ਲੌਂਗੋਵਾਲ ਨੇ ਕਿਹਾ ਕਿ ਮੁਅੱਤਲ ਅਧਿਕਾਰੀਆਂ ਦੇ ਕਾਰਜਕਾਲ ਦੌਰਾਨ ਹੋਏ ਕੰਮਾਂ ਦੀ ਜਾਂਚ ਹੋਵੇਗੀ। ਇਸ ਦੇ ਨਾਲ ਹੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗੁਰਦੀਪ ਸਿੰਘ ਕੰਗ ਨੂੰ ਨਵਾਂ ਮੈਨੇਜਰ ਨਿਯੁਕਤ ਕਰ ਦਿੱਤਾ ਹੈ, ਜਿਨ੍ਹਾਂ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ।

ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਪੀਏ ਤੇ ਸਕੱਤਰ ਮਹਿੰਦਰ ਸਿੰਘ ਆਹਲੀ ਨੇ ਇਸ ਕਾਰਵਾਈ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਸਵੀਰ ਸਿੰਘ ਮੈਨੇਜਰ, ਲਖਵਿੰਦਰ ਸਿੰਘ ਮੀਤ ਮੈਨੇਜਰ, ਕੋਰ ਸਿੰਘ ਅਕਾਊਂਟੈਂਟ, ਪਰਮਿੰਦਰ ਸਿੰਘ ਸਟੋਰ ਕੀਪਰ ਅਤੇ ਬਖਸ਼ੀਸ਼ ਸਿੰਘ ਇੰਸਪੈਕਟਰ ਨੂੰ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰਕੇ ਹੈੱਡਕੁਆਰਟਰ ਤਬਦੀਲ ਕਰ ਦਿੱਤਾ ਹੈ। ਉਧਰ ਨਵੇਂ ਮੈਨੇਜਰ ਗੁਰਦੀਪ ਸਿੰਘ ਕੰਗ ਨੇ ਅਹੁਦਾ ਸੰਭਾਲਣ ਉਪਰੰਤ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਕੰਮ ਕਰਨਗੇ।

‘ਸਮੁੱਚੇ ਖਰਚਿਆਂ ਅਤੇ ਹੋਰ ਮਾਮਲਿਆਂ ਦੀ ਵੀ ਜਾਂਚ ਹੋਵੇਗੀ’

ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਕਰੋਨਾ ਸੰਕਟ ਦੌਰਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਲੰਗਰ ਘੁਟਾਲੇ ਦੇ ਮਾਮਲੇ ਵਿਚ ਚੱਲ ਰਹੀ ਜਾਂਚ ਦੌਰਾਨ ਹੁਣ ਸ਼੍ਰੋਮਣੀ ਕਮੇਟੀ ਵਲੋਂ ਸਮੁੱਚੇ ਖਰਚਿਆਂ ਅਤੇ ਹੋਰ ਮਾਮਲਿਆਂ ਦੀ ਮੁਕੰਮਲ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਪੰਜ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਾਂਚ ਫਿਲਹਾਲ ਬੰਦ ਨਹੀਂ ਹੋਵੇਗੀ ਸਗੋਂ ਹੁਣ ਸਮੁੱਚੇ ਖਰਚਿਆਂ ਅਤੇ ਹੋਰ ਸਬੰਧਤ ਮਾਮਲਿਆਂ ਵਿਚ ਵੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗੁਰੂ ਘਰ ਦੀ ਗੋਲਕ ਨਾਲ ਘਪਲਾ ਕਰਨ ਵਾਲਾ ਕੋਈ ਵੀ ਬਖਸ਼ਿਆ ਨਹੀਂ ਜਾਵੇਗਾ।

Leave a Reply

Your email address will not be published. Required fields are marked *