ਅੱਜ ਸਾਰਾ ਬਾਦਲ ਟੱਬਰ ਪੋਸਟਰਾਂ ਤੋਂ ਗਾਇਬ ਭਗਵੰਤ ਮਾਨ

ਮਲੇਰਕੋਟਲਾ/ ਬਰਨਾਲਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਸਰਪੰਚ ਗੁਰਮੇਲ ਸਿੰਘ ਘਰਾਚੋ ਦੇ ਹੱਕ ਵਿੱਚ ਵਿਧਾਨ ਸਭਾ ਹਲਕਾ ਮਲੇਰਕੋਟਲਾ ਅਤੇ ਮਹਿਲ ਕਲਾਂ ਵਿੱਚ ‘ਰੋਡ ਸ਼ੋਅ’ ਕਰਕੇ ਹਲਕੇ ਦੇ ਵੋਟਰਾਂ ਨੂੰ ‘ਝਾੜੂ’ ਵਾਲਾ ਬਟਨ ਦੱਬਣ ਦੀ ਅਪੀਲ ਕੀਤੀ।

ਮੁੱਖ ਮੰਤਰੀ ਮਾਨ ਅਤੇ ਉਮੀਦਾਵਰ ਗੁਰਮੇਲ ਸਿੰਘ ਨੇ ਐਤਵਾਰ ਨੂੰ ਰੋਡ ਸ਼ੋਅ ਕਰਕੇ ਪਿੰਡ ਠੀਕਰੀਵਾਲ, ਰਾਏਸਰ, ਚੰਨਣਵਾਲ, ਛੀਨੀਵਾਲ ਕਲਾਂ, ਮਹਿਲ ਕਲਾਂ, ਮਹਿਲ ਖੁਰਦ, ਪੰਡੋਰੀ, ਕੁਰੜ, ਮਨਾਲ, ਪੰਜਗਰਾਈਆਂ, ਬਾਪਲਾ, ਕਸਬਾ ਭਰਾਲ, ਸੰਦੌੜ, ਖੁਰਦ, ਸ਼ੇਰਗੜ੍ਹ ਚੀਮਾ, ਕੁਠਾਲਾ, ਭੂਦਨ, ਸਿਕੰਦਰਪੁਰਾ, ਕੇਲੋਂ, ਸ਼ੇਰਵਾਨੀ ਕੋਟ, ਮਲੇਰਕੋਟਲਾ ਸਿਟੀ, ਪੁੱਲ ਤੋਂ ਕੁਟੀ ਰੋਡ, ਸੱਟਾ ਚੌਂਕ, ਕਾਲੀ ਮਾਤਾ ਮੰਦਰ, ਪਿੱਪਲੀ ਪੈਟਰੌਲ ਪੰਪ, ਸਰਹੰਦੀ ਗੇਟ , ਕੂਲਰ ਚੌਂਕ, 786 ਚੌਂਕ, ਬੱਸ ਸਟੈਂਡ, ਠੰਡੀ ਸੜਕ ਅਤੇ ਧੂਰੀ ਚੌਂਕ ’ਚ ਚੋਣ ਪ੍ਰਚਾਰ ਕੀਤਾ।

ਇਸ ਮੌਕੇ ਭਗਵੰਤ ਮਾਨ ਨੇ ਲੋਕਾਂ ਨੂੰ ਦੱਸਿਆ ਕਿ ‘ਆਪ’ ਸਰਕਾਰ ਨੇ ਕੇਵਲ 3 ਮਹੀਨਿਆਂ ’ਚ ਉਹ ਕੰਮ ਕੀਤੇ ਹਨ, ਜਿਹੜੇ ਹੋਰਨਾਂ ਪਾਰਟੀਆਂ ਦੀਆਂ ਸਰਕਾਰਾਂ ਆਪਣੇ ਆਖਰੀ 3 ਮਹੀਨਿਆਂ ਵਿੱਚ ਕਰਦੀਆਂ ਹਨ। ਹੁਣ ਰਿਸ਼ਵਤਖੋਰੀ ਬੰਦ ਹੋ ਗਈ ਹੈ ਅਤੇ ਭ੍ਰਿਸ਼ਟਾਚਾਰੀਆਂ ਨੂੰ ਜੇਲ੍ਹਾਂ ’ਚ ਸੁੱਟਿਆ ਜਾ ਰਿਹਾ ਹੈ। ਲੋਕਾਂ ਦੀ ਕਮਾਈ ਖਾਣ ਵਾਲੀਆਂ ਚਿੰਟਫੰਡ ਕੰਪਨੀਆਂ ਦੀਆਂ ਜਾਇਦਾਦਾਂ ਵੇਚ ਕੇ ਪੀੜਤ ਪਰਿਵਾਰਾਂ ਦਾ ਇੱਕ ਇੱਕ ਪੈਸਾ ਵਾਪਸ ਦਿੱਤਾ ਜਾਵੇਗਾ। ਮਾਨ ਨੇ ਕਿਹਾ ਕਿ ਪੰਜਾਬੀਆਂ ਨੇ ਉਨ੍ਹਾਂ ਦੀ ਅਪੀਲ ਨੂੰ ਮੰਨਦਿਆਂ ਝੋਨੇ ਦੀ ਸਿੱਧੀ ਬਿਜਾਈ 21 ਲੱਖ ਏਕੜ ਜ਼ਮੀਨ ’ਤੇ ਕੀਤੀ ਹੈ ਅਤੇ ਮੂੰਗ ਦਾਲ ਦੀ ਬਿਜਾਈ 1 ਲੱਖ 25 ਹਜ਼ਾਰ ਏਕੜ ਵਿੱਚ ਕੀਤੀ ਹੈ।

ਮਾਨ ਨੇ ਸ਼੍ਰੋਮਣੀ ਆਕਲੀ ਦਲ ਬਾਦਲ ਦੀ ਤਿੱਖੀ ਅਲੋਚਨਾ ਕਰਦਿਆਂ ਕਿਹਾ, ‘‘ਜਦੋਂ ਲੋਕ ਆਪਣੀ ਆਈ ’ਤੇ ਆ ਜਾਂਦੇ ਹਨ ਤਾਂ ਫਿਰ ਨਹੀਂ ਦੇਖਦੇ ਸਾਹਮਣੇ ਕਿੰਨਾ ਵੱਡਾ ਲੀਡਰ ਹੈ। ਵੱਡੇ ਵੱਡੇ ਲੀਡਰਾਂ ਨੂੰ ਲੋਕ ਹਰਾ ਦਿੰਦੇ ਹਨ। ਸੁਖਬੀਰ ਬਾਦਲ ਪੰਜਾਬ ’ਤੇ 25 ਸਾਲ ਰਾਜ ਕਰਨ ਦੀਆਂ ਗੱਲਾਂ ਕਰਦਾ ਸੀ, ਪਰ ਹੁਣ ਉਸ ਦੇ ਕੇਵਲ 3 ਵਿਧਾਇਕ ਹਨ। ਭਾਵੇਂ ਸਕੂਟਰ ’ਤੇ ਵਿਧਾਨ ਸਭਾ ਆ ਜਾਣ। ਅੱਜ ਚੋਣ ਪ੍ਰਚਾਰ ’ਚ ਅਕਾਲੀ ਦਲ ਦੇ ਪੋਸਟਰਾਂ ’ਤੇ ਸੁਖਬੀਰ ਬਾਦਲ ਦੀ ਫ਼ੋਟੋ ਵੀ ਨਹੀਂ ਹੈ, ਸਾਰਾ ਟੱਬਰ ਹੀ ਗਾਇਬ ਹੋ ਗਿਆ ਹੈ। ’’ ਮਾਨ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵੱਡੇ ਵੱਡੇ ਲੀਡਰਾਂ ਨੂੰ ਤੁਸੀਂ (ਲੋਕਾਂ) ਹੀ ਹਰਾਇਆ ਸੀ, ਹੁਣ ਵੀ ਹਰਾਓਗੇ ਅਤੇ ਅੱਗੇ ਨੂੰ ਵੀ ਹਰਾਉਂਦੇ ਰਹੋਗੇ।

ਮੁੱਖ ਮੰਤਰੀ ਨੇ ਵਿਰੋਧੀ ਪਾਰਟੀਆਂ ਭਾਜਪਾ, ਅਕਾਲੀ ਦਲ ਅੰਮ੍ਰਿਤਸਰ ਅਤੇ ਕਾਂਗਰਸ ਦੀ ਸ਼ਖਤ ਅਲੋਚਨਾ ਕਰਦਿਆਂ ਕਿਹਾ, ‘‘ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਪਹਿਲਾਂ ਕਿਸਾਨਾਂ ਅਤੇ ਮਜ਼ਦੂਰਾਂ ਖ਼ਿਲਾਫ਼ ਕਾਲ਼ੇ ਕਾਨੂੰਨ ਲਿਆਂਦੇ ਸਨ ਅਤੇ ਹੁਣ ਦੇਸ਼ ਦੇ ਨੌਜਵਾਨਾਂ ਖ਼ਿਲਾਫ਼ ਅਗਨੀਪੱਥ ਨਾਂ ਦੀ ਕਾਲ਼ੀ ਸਕੀਮ ਲਿਆਂਦੀ ਹੈ, ਜਿਸ ਦਾ ਦੇਸ਼ ਭਰ ’ਚ ਵਿਰੋਧ ਹੋ ਰਿਹਾ ਹੈ।

ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਪਾਰਟੀ ਬਦਲ ਲੈਂਦਾ, ਪਰ ਕਾਂਗਰਸ ਵਾਲੀ ਜੈਕਟ ਨਹੀਂ ਬਦਲਦਾ। ਦੂਜੇ ਪਾਸੇ ਕਾਂਗਰਸ ਵਾਲੇ ਆਪਣੇ ਭ੍ਰਿਸ਼ਟਾਚਾਰੀ ਮੰਤਰੀ ਧਰਮਸੋਤ ਦੀ ਸੋਚ ’ਤੇ ਪਹਿਰਾ ਦੇਣ ਦੇ ਨਾਅਰੇ ਲਾ ਰਹੇ ਹਨ ਅਤੇ ਭ੍ਰਿਸ਼ਟਾਚਾਰ ਨੂੰ ਆਪਣਾ ਹੱਕ ਮੰਨਣ ਲੱਗੇ ਹਨ। ਜਦੋਂ ਕਿ ਸਿਮਰਨਜੀਤ ਸਿੰਘ ਮਾਨ ਚੋਣਾ ਲੜਨ ਦਾ ਰਿਕਾਰਡ ਬਣਾਉਣ ’ਚ ਲੱਗੇ ਹੋਏ ਹਨ।’’

ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਅਸਤੀਫ਼ਾ ਦੇਣ ਕਾਰਨ ਸੰਗਰੂਰ ਸੀਟ ਖਾਲੀ ਹੋਈ ਹੈ, ਕਿਉਂਕਿ ਤੁਸੀਂ (ਲੋਕਾਂ ਨੇ) ਸੰਸਦ ਮੈਂਬਰ ਤੋਂ ਮੁੱਖ ਮੰਤਰੀ ਬਣਾ ਕੇ ਹੋਰ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਸੰਗਰੂਰ ਸੀਟ ’ਤੇ ‘ਆਪ’ ਨੇ ਸਰਪੰਚ ਗੁਰਮੇਲ ਸਿੰਘ ਘਰਾਚੋ ਨੂੰ ਮੈਦਾਨ ਵਿੱਚ ਉਤਾਰਿਆ ਹੈ। ਇਸ ਲਈ 23 ਜੂਨ ਨੂੰ ਆਪਣਾ ਕੀਮਤੀ ਵੋਟ ‘ਝਾੜੂ’ ਦਾ ਬਟਨ ਦੱਬ ਕੇ ਗੁਰਮੇਲ ਸਿੰਘ ਨੂੰ ਸੰਸਦ ਵਿੱਚ ਭੇਜ ਦੇਣਾ ਅਤੇ ਸੰਸਦ ’ਚ ਬੋਲਣ ਦਾ ਪਾਸਵਰਡ ਉਹ (ਮਾਨ) ਗੁਰਮੇਲ ਸਿੰਘ ਨੂੰ ਦੱਸ ਦੇਣਗੇ।

ਸੇਵਾ ਸਿੰਘ ਠੀਕਰੀਵਾਲ ਦੇਸ਼, ਕੌਮ ਅਤੇ ਮਨੁੱਖੀ ਹੱਕਾਂ ਦੇ ਰਾਖੇ: ਮੁੱਖ ਮੰਤਰੀ ਮਾਨ
ਮੁੱਖ ਮੰਤਰੀ ਭਗਵੰਤ ਮਾਨ ਅਤੇ ਉਮੀਦਵਾਰ ਗੁਰਮੇਲ ਸਿੰਘ ਨੇ ਪ੍ਰਸਿੱਧ ਪਿੰਡ ਠੀਕਰੀਵਾਲ ਪਹੁੰਚ ਕੇ ਸੇਵਾ ਸਿੰਘ ਠੀਕਰੀਵਾਲ ਦੀ ਯਾਦਗਾਰ ’ਤੇ ਮੱਥਾ ਟੇਕ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਸਮੇਂ ਮੁੱਖ ਮੰਤਰੀ ਨੇ ਕਿਹਾ, ‘ਸੇਵਾ ਸਿੰਘ ਠੀਕਰੀਵਾਲ ਦੇਸ਼, ਕੌਮ ਅਤੇ ਮਨੁੱਖੀ ਹੱਕਾਂ ਦੇ ਰਾਖੇ ਸਨ। ਉਨ੍ਹਾਂ ਸਮਾਜ ਦੇ ਦੱਬੇ ਕੁੱਚਲੇ ਲੋਕਾਂ ਦੇ ਹੱਕਾਂ ਲਈ ਸੰਘਰਸ਼ ਕੀਤਾ ਅਤੇ ਸੰਘਰਸ਼ ਕਰਦਿਆਂ ਆਪਣੀ ਜਾਨ ਕੁਰਬਾਨ ਕਰ ਦਿੱਤੀ। ਸੇਵਾ ਸਿੰਘ ਠੀਕਰੀਵਾਲ ਦੀ ਸ਼ਹਾਦਤ ਸਾਡੇ ਮਨਾਂ ’ਚ ਦੱਬੇ ਕੁਚਲੇ ਲੋਕਾਂ ਦੇ ਮਾਨਵੀਂ ਹੱਕਾਂ ਲਈ ਸੰਰਘਸ਼ ਕਰਨ ਦੀ ਮਿਸਾਲ ਜਗਾਉਂਦੀ ਰਹੇਗੀ।’

Leave a Reply

Your email address will not be published. Required fields are marked *