ਸੰਗਰੂਰ ਜ਼ਿਮਨੀ ਚੋਣ ’ਚ ਸ਼੍ਰੋਮਣੀ ਅਕਾਲੀ ਦਲ ਦੀ ਸ਼ਰਮਨਾਕ ਹਾਰ

ਬੇਦਅਬੀ ਮਾਮਲੇ ਅਕਾਲੀ ਦਲ ਲਈ ਬਣੇ ਵੱਡੀ ਚੁਣੌਤੀ
ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ 2015 ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਮਾਮਲੇ ਅਕਾਲੀ ਦਲ ਦਾ ਪਿੱਛਾ ਨਹੀਂ ਛੱਡ ਰਹੇ ਤੇ ਇਸ ਲਈ ਅਜੇ ਤਕ ਵੀ ਵੱਡੀ ਚੁਣੌਤੀ ਬਣੇ ਹੋਏ ਹਨ। 2017 ਵਿਧਾਨ ਸਭਾ ਚੋਣਾਂ ਦੌਰਾਨ ਸਾਰੀਆਂ ਸਿਆਸੀ ਪਾਰਟੀਆਂ ਨੇ ਬੇਅਦਬੀ ਮਾਮਲਿਆਂ ਨੂੰ ਲੈ ਕੇ ਅਕਾਲੀ ਦਲ ਨੂੰ ਘੇਰਿਆ ਸੀ। ਬੇਅਦਬੀ ਮਾਮਲਿਆਂ ਕਾਰਨ ਹੀ ਇਸ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਨਸ਼ਿਆਂ ਦਾ ਮੁੱਦਾ ਨਹੀਂ ਛੱਡ ਰਿਹਾ ਅਕਾਲੀ ਦਲ ਦਾ ਪਿੱਛਾ
ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਨਸ਼ਿਆਂ ਦਾ ਮੁੱਦਾ ਵੀ ਛਾਇਆ ਰਿਹਾ ਤੇ ਵਿਰੋਧੀ ਪਾਰਟੀਆਂ ਵੀ ਸਮੇਂ-ਸਮੇਂ ’ਤੇ ਇਸ ਸਰਕਾਰ ’ਤੇ ਨਸ਼ਿਆਂ ਦੇ ਸੌਦਾਗਰਾਂ ’ਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਾਉਂਦੀਆਂ ਰਹੀਆਂ। ਨਸ਼ਿਆਂ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਵੀ ਬਿਕਰਮ ਮਜੀਠੀਆ ’ਤੇ ਇਲਜ਼ਾਮ ਲਾਏ ਸਨ ਪਰ ਬਾਅਦ ’ਚ ਮਾਣਹਾਨੀ ਦਾ ਮੁਕੱਦਮਾ ਕਰਨ ਤੋਂ ਬਾਅਦ ਕੇਜਰੀਵਾਲ ਨੂੰ ਮਜੀਠੀਆ ਤੋਂ ਮੁਆਫ਼ੀ ਮੰਗਣੀ ਪਈ ਸੀ।

ਬਿਕਰਮ ਮਜੀਠੀਆ ਦਾ ਜੇਲ੍ਹ ਜਾਣਾ
ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ’ਤੇ ਡਰੱਗਜ਼ ਦੇ ਮਾਮਲੇ ’ਚ ਪਰਚਾ ਦਰਜ ਹੋਇਆ। ਇਸ ਦੌਰਾਨ ਉਨ੍ਹਾਂ ਵਿਧਾਨ ਸਭਾ ਚੋਣ ਲੜੀ ਪਰ ਹਾਰ ਗਏ ਸਨ। ਇਸ ਸਮੇਂ ਮਜੀਠੀਆ ਪਟਿਆਲਾ ਜੇਲ੍ਹ ’ਚ ਬੰਦ ਹਨ। ਇਸ ਨਾਲ ਵੀ ਵੋਟਰਾਂ ’ਚ ਗ਼ਲਤ ਪ੍ਰਭਾਵ ਗਿਆ ਤੇ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਤੋਂ ਕਿਨਾਰਾ ਕੀਤਾ।

ਵਿਧਾਨ ਸਭਾ ਚੋਣਾਂ ਦੀ ਹਾਰ ਤੋਂ ਉੱਭਰ ਨਹੀਂ ਸਕਿਆ ਅਕਾਲੀ ਦਲ
ਫਰਵਰੀ 2022 ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਹੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਨ੍ਹਾਂ ਚੋਣਾਂ ’ਚ ਇਸ ਦੇ 3 ਉਮੀਦਵਾਰ ਹੀ ਵਿਧਾਨ ਸਭਾ ’ਚ ਪਹੁੰਚ ਸਕੇ ਸਨ। ਅਕਾਲੀ ਦਲ ਦੀ ਕਰਾਰੀ ਹਾਰ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਨ੍ਹਾਂ ਚੋਣਾਂ ’ਚ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਨੂੰ ਵੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਬੈਂਕ ਬਹੁਤ ਘਟ ਗਿਆ।

ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਦੀ ਪ੍ਰਧਾਨਗੀ ’ਤੇ ਵੀ ਉੱਠੇ ਸਵਾਲ 
2022 ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਦੀ ਕਰਾਰੀ ਹਾਰ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਵੀ ਸਵਾਲ ਉੱਠੇ ਸਨ ਕਿ ਉਨ੍ਹਾਂ ਨੂੰ ਇਸ ਹਾਰ ਦੀ ਜ਼ਿੰਮੇਵਾਰੀ ਸਮਝਦਿਆਂ ਆਪਣੀ ਪ੍ਰਧਾਨਗੀ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ। ਕਈ ਟਕਸਾਲੀ ਆਗੂਆਂ ਨੇ ਕਿਹਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਨੇ ਪਾਰਟੀ ਦੀ ਵਾਗਡੋਰ ਸੁਖਬੀਰ ਬਾਦਲ ਨੂੰ ਸੰਭਾਲ ਦਿੱਤੀ, ਜਿਸ ਤੋਂ ਬਾਅਦ ਅਕਾਲੀ ਦਲ ਦਿਨੋ-ਦਿਨ ਨਿਘਾਰ ਵੱਲ ਜਾਂਦਾ ਰਿਹਾ।

ਬੰਦੀ ਸਿੰਘਾਂ ਦਾ ਮਾਮਲਾ: ਭਾਵੇਂ ਸਿੱਖ ਵੋਟਰਾਂ ਨੂੰ ਭਰਮਾਉਣ ਲਈ ਅਕਾਲੀ ਦਲ ਬਾਦਲ ਨੇ ਇਹ ਚੋਣ ਬੰਦੀ ਸਿੰਘਾਂ ਦੇ ਮੁੱਦੇ ’ਤੇ ਲੜੀ ਹੈ ਪਰ ਇਸ ਮਾਮਲੇ ’ਚ ਪਾਰਟੀ ਦੀ ਜ਼ਮੀਨੀ ਕਾਰਗੁਜ਼ਾਰੀ ਹਮੇਸ਼ਾਂ ਬੰਦੀ ਸਿੰਘਾਂ ਦੇ ਖਿਲਾਫ਼ ਹੀ ਰਹੀ ਹੈ ਜਿਸ ਕਾਰਨ ਬਾਦਲ ਦਲ ਸਿੱਖ ਵੋਟਰਾਂ ਨੂੰ ਭਰਮਾਉਣ ਵਿੱਚ ਕਾਮਯਾਬ ਨਹੀਂ ਹੋ ਸਕਿਆ। ਅਕਾਲੀ ਦਲ ਨੇ ਆਪਣੇ ਸਮਰਥਕ ਬਲਵੰਤ ਰਾਜੋਆਣਾ ਦੀ ਕਥਿੱਤ ਭੈਣ ਨੂੰ ਆਪਣੀ ਉਮੀਦਵਾਰ ਬਣਾਇਆ ਸੀ। ਪਰ ਬਲਵੰਤ ਸਿੰਘ ਰਾਜੋਆਣਾ ਦਾ ਸਿੱਖ ਕੌਮ ਵਿੱਚ ਹੁਣ ਉਹ ਸਤਿਕਾਰ ਨਹੀਂ ਰਿਹਾ ਜੋ ਸਾਲ 2012 ਤੋਂ ਪਹਿਲਾਂ ਹੋਇਆ ਕਰਦਾ ਸੀ। ਸਿੱਖ ਮੁੱਖ ਧਾਰਾ ਦੇ ਇੱਕ ਵੱਡੇ ਹਿੱਸੇ ਵਿੱਚ ਰਾਜੋਆਣਾ ਪ੍ਰਤੀ ਬਹੁਤ ਨਾਰਾਜ਼ਗੀ ਪਾਈ ਜਾ ਰਹੀ ਹੈ।

Leave a Reply

Your email address will not be published. Required fields are marked *