ਕੋਟਕਪੂਰਾ ਗੋਲੀ ਕਾਂਡ: ਇੰਸਪੈਕਟਰ ਪੰਧੇਰ ਦਾ ਮੁੜ ਪੁਲੀਸ ਰਿਮਾਂਡ

ਫਰੀਦਕੋਟ : ਇੱਥੋਂ ਦੀ ਅਦਾਲਤ ਨੇ ਕੋਟਕਪੂਰਾ ਗੋਲੀ ਕਾਂਡ ਮਾਮਲੇ ’ਚ ਤਤਕਾਲੀ ਐੱਸਐਚਓ ਗੁਰਦੀਪ ਸਿੰਘ ਪੰਧੇਰ ਨੂੰ ਦੁਬਾਰਾ ਤਿੰਨ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜਣ ਦਾ ਹੁਕਮ ਦਿੱਤਾ ਹੈ।

ਵਿਸ਼ੇਸ਼ ਜਾਂਚ ਟੀਮ ਨੇ ਇੱਕ ਦਿਨ ਪਹਿਲਾਂ ਹੀ ਅਦਾਲਤ ਵਿੱਚ ਅਰਜ਼ੀ ਦੇ ਕੇ ਖੁਲਾਸਾ ਕੀਤਾ ਸੀ ਕਿ ਕੋਟਕਪੂਰਾ ਗੋਲੀ ਕਾਂਡ ਵਿੱਚ ਤਤਕਾਲੀ ਐੱਸ.ਐੱਚ.ਓ ਤੋਂ ਜਾਂਚ ਟੀਮ ਹੋਰ ਪੁੱਛਗਿੱਛ ਕਰਨਾ ਚਾਹੁੰਦੀ ਹੈ। ਡਿਊਟੀ ਮੈਜਿਸਟਰੇਟ ਨੇ ਕੱਲ੍ਹ ਗੁਰਦੀਪ ਪੰਧੇਰ ਦੇ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਸਨ। ਬਠਿੰਡਾ ਜੇਲ੍ਹ ਵਿੱਚੋਂ ਅੱਜ ਗੁਰਦੀਪ ਪੰਧੇਰ ਨੂੰ ਇੱਥੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਦੁਬਾਰਾ ਪੁਲੀਸ ਰਿਮਾਂਡ ਦੇ ਮੁੱਦੇ ’ਤੇ ਦੋਵਾਂ ਧਿਰਾਂ ਵਿਚਾਲੇ ਤਿੱਖੀ ਬਹਿਸਬਾਜ਼ੀ ਹੋਈ। ਅਦਾਲਤ ਨੇ ਪੰਧੇਰ ਨੂੰ 5 ਜੁਲਾਈ ਤੱਕ ਪੁਲੀਸ ਰਿਮਾਂਡ ’ਤੇ ਭੇਜਣ ਦਾ ਹੁਕਮ ਦਿੱਤਾ ਹੈ। ਪੁਲੀਸ ਅਧਿਕਾਰੀ ਉਤੇ ਸਰਕਾਰੀ ਕਾਰਤੂਸਾਂ ਨੂੰ ਖ਼ੁਰਦ-ਬੁਰਦ ਕਰਨ ਅਤੇ ਫ਼ਰਜ਼ੀ ਰਿਕਾਰਡ ਤਿਆਰ ਕਰਨ ਦੇ ਦੋਸ਼ ਹਨ। ਗੁਰਦੀਪ ਪੰਧੇਰ ਨੇ ਪੁਲੀਸ ਰਿਮਾਂਡ ਦੇ ਫ਼ੈਸਲੇ ਨੂੰ ਹਾਈਕੋਰਟ ਵਿੱਚ ਚੁਣੌਤੀ ਦੇਣ ਦੀ ਗੱਲ ਕੀਤੀ ਹੈ।

ਦੋ ਹੋਰ ਪੁਲੀਸ ਅਧਿਕਾਰੀ ਪੜਤਾਲ ਲਈ ਸੱਦੇ

ਵਿਸ਼ੇਸ਼ ਜਾਂਚ ਟੀਮ ਨੇ ਬਹਿਬਲ ਤੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਨੂੰ ਅੱਗੇ ਵਧਾਉਂਦਿਆਂ ਅੱਜ ਦੋ ਡੀਐੱਸਪੀ ਪੱਧਰ ਦੇ ਅਧਿਕਾਰੀਆਂ ਨੂੰ ਇੱਥੇ ਕੈਂਪ ਦਫ਼ਤਰ ਬੁਲਾ ਕੇ ਉਨ੍ਹਾਂ ਤੋਂ ਘਟਨਾ ਬਾਰੇ ਪੁੱਛ-ਪੜਤਾਲ ਕੀਤੀ। ਸੂਤਰਾਂ ਨੇ ਦੱਸਿਆ ਕਿ ਜਾਂਚ ਟੀਮ ਦੇ ਮੁੱਖ ਮੈਂਬਰ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਅੱਜ ਡੀਐੱਸਪੀ ਹਰਪਾਲ ਸਿੰਘ ਅਤੇ ਡੀਐੱਸਪੀ ਸੰਦੀਪ ਸਿੰਘ ਤੋਂ ਗੋਲੀ ਕਾਂਡ ਬਾਰੇ ਲੰਬੀ ਪੁੱਛਗਿੱਛ ਕੀਤੀ। ਇਹ ਦੋਵੇਂ ਪੁਲੀਸ ਅਧਿਕਾਰੀ ਘਟਨਾ ਵਾਲੇ ਦਿਨ ਕੋਟਕਪੂਰਾ ਅਤੇ ਬਹਿਬਲ ਕਲਾਂ ਵਿੱਚ ਮੌਜੂਦ ਸਨ। ਆਈਜੀ ਨੇ ਅੱਜ ਦੀ ਪੁੱਛਗਿੱਛ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਅਜੇ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।

ਬਹਿਬਲ ਤੇ ਕੋਟਕਪੂਰਾ ਗੋਲੀ ਕਾਂਡ ਦੇ ਕੇਸਾਂ ਦੀ ਸੁਣਵਾਈ 7 ਅਗਸਤ ਤੱਕ ਮੁਲਤਵੀ

ਵਿਸ਼ੇਸ਼ ਜਾਂਚ ਟੀਮ ਵੱਲੋਂ ਬਹਿਬਲ ਅਤੇ ਕੋਟਕਪੂਰਾ ਗੋਲੀ ਕਾਂਡ ਵਿੱਚ ਚਲਾਨ ਪੇਸ਼ ਹੋਣ ਤੋਂ ਬਾਅਦ ਇੱਥੇ ਸੈਸ਼ਨ ਜੱਜ ਦੀ ਅਦਾਲਤ ਵਿੱਚ ਅੱਜ ਦੋਸ਼ ਆਇਦ ਹੋਣ ਦੇ ਮੁੱਦੇ ’ਤੇ ਬਹਿਸ ਹੋਣੀ ਸੀ ਪਰ ਕਰੋਨਾਵਾਇਰਸ ਕਾਰਨ ਅਦਾਲਤਾਂ ਬੰਦ ਹੋਣ ਕਾਰਨ ਇਸ ਮਾਮਲੇ ’ਤੇ ਕੋਈ ਸੁਣਵਾਈ ਨਹੀਂ ਹੋ ਸਕੀ। ਕਾਰਜਕਾਰੀ ਸੈਸ਼ਨ ਜੱਜ ਨੇ ਇਨ੍ਹਾਂ ਦੋਵਾਂ ਮਾਮਲਿਆਂ ਦੀ ਸੁਣਵਾਈ 7 ਅਗਸਤ ਤੱਕ ਮੁਲਤਵੀ ਕਰ ਦਿੱਤੀ ਹੈ। ਪਿਛਲੇ ਕਰੀਬ 9 ਮਹੀਨਿਆਂ ਤੋਂ ਇਸ ਕੇਸ ਵਿੱਚ ਕੋਈ ਸੁਣਵਾਈ ਨਹੀਂ ਹੋ ਸਕੀ ਕਿਉਂਕਿ ਪਹਿਲਾਂ ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਦੀ ਬਦਲੀ ਹੋ ਗਈ ਸੀ ਅਤੇ ਬਾਅਦ ਵਿੱਚ 22 ਮਾਰਚ ਨੂੰ ਕਰੋਨਾਵਾਇਰਸ ਕਾਰਨ 31 ਜੁਲਾਈ ਤੱਕ ਅਦਾਲਤਾਂ ਦਾ ਕੰਮ ਬੰਦ ਕਰ ਦਿੱਤਾ ਗਿਆ ਹੈ।Leave a Reply

Your email address will not be published. Required fields are marked *