ਪੱਤਰਕਾਰ ਨੂੰ ਲਿਖਣ ਜਾਂ ਟਵੀਟ ਕਰਨ ਲਈ ਜੇਲ੍ਹ ਨਹੀਂ ਭੇਜਿਆ ਜਾਣਾ ਚਾਹੀਦਾ: ਯੂਐੱਨ

ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਦੇ ਬੁਲਾਰੇ ਨੇ ਭਾਰਤ ਵਿੱਚ ਆਲਟ ਨਿਊਜ਼ ਦੇ ਸਹਿ-ਸੰਸਥਾਪਕ ਮੁਹੰਮਦ ਜ਼ੁਬੈਰ ਦੀ ਗ੍ਰਿਫ਼ਤਾਰੀ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਪੱਤਰਕਾਰਾਂ ਨੂੰ ‘ਜੋ ਵੀ ਕੁੱਝ ਲਿਖਦੇ ਹਨ, ਟਵੀਟ ਕਰਦੇ ਹਨ ਜਾਂ ਕਹਿੰਦੇ ਹਨ’ ਉਸ ਲਈ ਉਨ੍ਹਾਂ ਨੂੰ ਜੇਲ੍ਹ ਨਹੀਂ ਭੇਜਿਆ ਜਾਣਾ ਚਾਹੀਦਾ। ਬੁਲਾਰੇ ਨੇ ਕਿਹਾ ਕਿ ਜ਼ਰੂਰੀ ਹੈ ਕਿ ਲੋਕਾਂ ਨੂੰ ਨਿਡਰ ਹੋ ਕੇ ਆਪਣੇ ਮਨ ਦੀ ਗੱਲ ਕਹਿਣ ਦਿੱਤੀ ਜਾਵੇ। ਇਸ ਦੌਰਾਨ ਐਨਜੀਓ ‘ਕਮੇਟੀ ਟੂ ਪ੍ਰੋਟੈਕਟ ਜਰਨਲਿਸਟਸ’ (ਸੀਪੀਜੇ) ਨੇ ਵੀ ਜ਼ੁਬੈਰ ਦੀ ਗ੍ਰਿਫ਼ਤਾਰੀ ਦੀ ਨਿੰਦਾ ਕੀਤੀ ਹੈ। ਵਾਸ਼ਿੰਗਟਨ ਵਿੱਚ ਸੀਪੀਜੇ ਦੇ ਏਸ਼ੀਆ ਪ੍ਰੋਗਰਾਮ ਕੋਆਰਡੀਨੇਟਰ ਸਟੀਵਨ ਬਟਲਰ ਨੇ ਕਿਹਾ, ‘ਪੱਤਰਕਾਰ ਮੁਹੰਮਦ ਜ਼ੁਬੈਰ ਦੀ ਗ੍ਰਿਫਤਾਰੀ ਨੇ ਭਾਰਤ ਵਿੱਚ ਪ੍ਰੈਸ ਦੀ ਆਜ਼ਾਦੀ ਦੇ ਪੱਧਰ ਨੂੰ ਹੋਰ ਹੇਠਾਂ ਕਰ ਦਿੱਤਾ ਹੈ। ਸਰਕਾਰ ਨੇ ਪ੍ਰੈੱਸ ਦੇ ਮੈਂਬਰਾਂ ਲਈ ਫਿਰਕੂ ਮੁੱਦਿਆਂ ਨਾਲ ਜੁੜੀਆਂ ਖ਼ਬਰਾਂ ਛਾਪਣ ਲਈ ਅਸੁਰੱਖਿਅਤ ਵਿਰੋਧੀ ਮਾਹੌਲ ਪੈਦਾ ਕਰ ਦਿੱਤਾ ਹੈ। ਅਧਿਕਾਰੀਆਂ ਨੂੰ ਜ਼ੁਬੈਰ ਨੂੰ ਤੁਰੰਤ ਅਤੇ ਬਿਨਾਂ ਸ਼ਰਤ ਰਿਹਾਅ ਕਰਨਾ ਚਾਹੀਦਾ ਹੈ ਅਤੇ ਉਸ ਨੂੰ ਬਿਨਾਂ ਕਿਸੇ ਦਖਲ ਦੇ ਆਪਣੀ ਪੱਤਰਕਾਰੀ ਕਰਨ ਦੇਣਾ ਚਾਹੀਦਾ ਹੈ।’

Leave a Reply

Your email address will not be published. Required fields are marked *