ਬਠਿੰਡਾ: ਕੇਂਦਰੀ ਜੇਲ੍ਹ ’ਚ ਗੈਂਗਸਟਰਾਂ ਨੇ ਵਾਰਡਨ ਦੀ ਕੁੱਟਮਾਰ ਕੀਤੀ

ਬਠਿੰਡਾ: ਇਥੋਂ ਕੇਂਦਰੀ ਜੇਲ੍ਹ ਵਿੱਚ ਦੋ ਗੈਂਗਸਟਰਾਂ ਨੇ ਇੱਥੇ ਜੇਲ੍ਹ ਵਾਰਡਨ ’ਤੇ ਕਥਿਤ ਤੌਰ ’ਤੇ ਹਮਲਾ ਕਰ ਦਿੱਤਾ। 28 ਜੂਨ ਨੂੰ ਕੈਂਟ ਥਾਣੇ ਵਿੱਚ ਸਹਾਇਕ ਜੇਲ੍ਹ ਸੁਪਰਡੈਂਟ ਗੌਰਵਦੀਪ ਸਿੰਘ ਵੱਲੋਂ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਗੈਂਗਸਟਰ ਰਾਜਵੀਰ ਸਿੰਘ ਵਾਸੀ ਗੁਰਦਾਸਪੁਰ ਅਤੇ ਗੁਰਦੀਪ ਸਿੰਘ ਵਾਸੀ ਲੁਧਿਆਣਾ ਨੇ ਜੇਲ੍ਹ ਵਾਰਡਨ ’ਤੇ ਕਥਿਤ ਹਮਲਾ ਕੀਤਾ। ਹਾਲ ਹੀ ਵਿੱਚ ਜੇਲ੍ਹ ਅਧਿਕਾਰੀਆਂ ਨੇ ਗੈਂਗਸਟਰ ਰਾਜਵੀਰ ਸਿੰਘ ਕੋਲੋਂ ਮੋਬਾਈਲ ਫ਼ੋਨ ਅਤੇ ਪੰਜ ਸਿਮ ਕਾਰਡ ਬਰਾਮਦ ਕੀਤੇ ਸਨ। ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਇਨ੍ਹਾਂ ਗੈਂਗਸਟਰਾਂ ਨੇ ਨਾ ਸਿਰਫ਼ ਜੇਲ੍ਹ ਵਾਰਡਨ ਗੁਰਮੀਤ ਸਿੰਘ ਦੀ ਕੁੱਟਮਾਰ ਕੀਤੀ, ਸਗੋਂ ਹੋਰ ਅਧਿਕਾਰੀਆਂ ਨੂੰ ਵੀ ਧੱਕੇ ਮਾਰੇ ਅਤੇ ਜੇਲ੍ਹ ਦੇ ਸੁਰੱਖਿਆ ਨਾਕੇ ਤੋਂ ਭੱਜਣ ਦੀ ਕੋਸ਼ਿਸ਼ ਵੀ ਕੀਤੀ। ਹਮਲਾਵਰਾਂ ਨੇ ਬਠਿੰਡਾ ਜੇਲ੍ਹ ਵਿੱਚ ਪੁਲੀਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਗੰਭੀਰ ਨਤੀਜੇ ਭੁਗਤਣ ਦੀਆਂ ਧਮਕੀਆਂ ਵੀ ਦਿੱਤੀਆਂ। ਥਾਣਾ ਕੈਂਟ ਦੇ ਮੁੱਖ ਅਫ਼ਸਰ ਪਰਮ ਸਿੰਘ ਚਹਿਲ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਤੋਂ ਮਿਲੀ ਸ਼ਿਕਾਇਤ ਦੇ ਆਧਾਰ ‘ਤੇ ਪੁਲੀਸ ਨੇ ਦੋ ਗੈਂਗਸਟਰਾਂ ਖ਼ਿਲਾਫ਼  ਧਾਰਾ 353, 186, 323 ਅਤੇ 506 ਅਤੇ ਧਾਰਾ-52 ਜੇਲ੍ਹ ਪ੍ਰੀਜ਼ਨ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।

Leave a Reply

Your email address will not be published. Required fields are marked *