ਸ਼੍ਰੋਮਣੀ ਅਕਾਲੀ ਦਲ ’ਚ ਬਦਲਾਅ ਨੂੰ ਲੈ ਕੇ ਅੰਦਰਖਾਤੇ ਮਚੀ ਖਲਬਲੀ, ਚਾਰ ਨਾਵਾਂ ’ਤੇ ਹੋ ਰਿਹੈ ਵਿਚਾਰ

ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਦੀ ਵਿਧਾਨ ਸਭਾ ’ਚ ਹੋਈ ਸ਼ਰਮਨਾਕ ਹਾਰ ਅਤੇ ਹੁਣ ਸੰਗਰੂਰ ’ਚ ਜ਼ਮਾਨਤ ਜ਼ਬਤ ਹੋਣ ਕਾਰਨ ਅਕਾਲੀ ਦਲ ਵਿਚ ਅੰਦਰਖਾਤੇ ਕੁਝ ਚੰਗਾ ਨਹੀਂ ਚੱਲ ਰਿਹਾ। ਖਲਬਲੀ ਮਚਣ ਦੀਆਂ ਖਬਰਾਂ ਹਨ ਕਿਉਂਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਝੂੰਦਾ ਕਮੇਟੀ ਦੀ ਰਿਪੋਰਟ ਜਿਸ ਤੋਂ ਅਜੇ ਤੱਕ ਪਰਦਾ ਨਹੀਂ ਚੁੱਕਿਆ ਗਿਆ ਕਿਉਂਕਿ ਉਸ ਵਿਚ ਪੰਜਾਬ ਭਰ ਦੇ ਅਕਾਲੀ ਨੇਤਾਵਾਂ ਅਤੇ ਵਰਕਰਾਂ ਨੇ ਪ੍ਰਧਾਨਗੀ ਤੋਂ ਮੌਜੂਦਾ ਲੀਡਰਸ਼ਿਪ ਨੂੰ ਲਾਂਭੇ ਕਰਨਾ ਦੱਸਿਆ ਜਾ ਰਿਹਾ ਹੈ। ਇਸ ਲਈ ਇਹ ਰਿਪੋਰਟ ਠੰਡੇ ਬਸਤੇ ’ਚ ਹੈ।

ਪਿਛਲੇ ਦਿਨੀਂ ਹੋਈ ਮੀਟਿੰਗ ’ਚ ਇਸਦੇ ਖੁੱਲ੍ਹਣ ਦੇ ਆਸਾਰ ਸਨ ਪਰ ਰਾਸ਼ਟਰਪਤੀ ਨੂੰ ਵੋਟ ਪਾਉਣ ਦੀ ਗੱਲ ਦਾ ਮੁੱਦਾ ਨਬੇੜ ਕੇ ਮੀਟਿੰਗ ਸੰਪੰਨ ਹੋ ਗਈ ਪਰ ਬੀਤੇ ਕੱਲ ਸਾਬਕਾ ਐੱਮ. ਪੀ. ਜਗਮੀਤ ਸਿੰਘ ਬਰਾੜ ਨੇ ਭੜਾਸ ਅਤੇ ਮੌਜੂਦਾ ਲੀਡਰਸ਼ਿਪ ਨੂੰ ਲਾਂਭੇ ਹੋਣ ਅਤੇ ਤਿਆਗ ਦਿਖਾਉਣ ਅਤੇ ਨਵੇਂ ਚਿਹਰਿਆਂ ਨੂੰ ਅੱਗੇ ਲਿਆਉਣ ਲਈ ਜੋ ਢਿੱਡ ਦੀਆਂ ਗੱਲਾਂ ਆਖੀਆਂ ਹਨ, ਜਦੋਂ ਕਿ ਉਹ ਇਸ ਤੋਂ ਪਹਿਲਾਂ ਵੀ ਨਵੇਂ ਚਿਹਰੇ ਇਆਲੀ, ਵਡਾਲਾ, ਰਵੀ ਕਰਨ ਕਾਹਲੋਂ ਅਤੇ ਮਾਝੇ ਦੇ ਹੋਰਨਾਂ ਆਗੂਆਂ ਦੀ ਵਕਾਲਤ ਕਰ ਚੁੱਕੇ ਹਨ, ਜਿਸਨੂੰ ਲੈ ਕੇ ਭਰੋਸੇਯੋਗ ਸੂਤਰਾਂ ਨੇ ਇੱਥੇ ਇਸ਼ਾਰਾ ਕੀਤਾ ਕਿ ਪਾਰਟੀ ਵਿਚ ਬੈਠੇ ਵੱਡੀ ਉਮਰ ਦੇ ਆਗੂਆਂ ਦਾ ਤਰਕ ਹੈ ਕਿ ਜੇਕਰ ਨੌਜਵਾਨ ਹੱਥ ਕਮਾਂਡ ਸੰਭਾਲੀ ਗਈ ਤਾਂ ਉਨ੍ਹਾਂ ਕੋਲੋ ਵਾਪਸ ਲੈਣੀ ਮੁਸ਼ਕਿਲ ਹੋ ਜਾਵੇਗੀ।

ਇਸ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਰਟੀ ਅੰਦਰ ਬੈਠੇ ਚਾਰ ਦੇ ਕਰੀਬ ਆਪਣੇ ਵਿਸ਼ਵਾਸਪਾਤਰ ਨੇਤਾਵਾਂ ’ਚੋਂ ਕਿਸੇ ਨੂੰ ਕੰਮ ਚਲਾਉ ਪ੍ਰਧਾਨ ਬਣਾਉਣ ਲਈ ਗੰਭੀਰਤਾ ਨਾਲ ਸੋਚਦੇ ਦੱਸੇ ਜਾ ਰਹੇ ਹਨ। ਇਨ੍ਹਾਂ ਵਿਚ ਦੋ ਤਾਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ 2 ਸਾਬਕਾ ਐੱਮ. ਪੀ. ਦੱਸੇ ਜਾ ਰਹੇ ਹਨ ਤਾਂ ਜੋ ਕਿ ਪਾਰਟੀ ਅੰਦਰ ਅਨੁਸ਼ਾਸਨਤਾ ਦਾ ਮਾਹੌਲ ਅਤੇ ਮਚੀ ਖਲਬਲੀ ਸ਼ਾਂਤ ਹੋ ਸਕੇ ਤੇ ਝੂੰਦਾ ਕਮੇਟੀ ਦੀ ਰਿਪੋਰਟ ਦਾ ਵੀ ਰਾਜਸੀ ਭੋਗ ਪੈ ਸਕੇ।

Leave a Reply

Your email address will not be published. Required fields are marked *