ਦਰੋਪਦੀ ਮੁਰਮੂ ਨੇ ਭਾਰਤ ਦੇ 15ਵੇਂ ਰਾਸ਼ਟਰਪਤੀ ਵਜੋਂ ਹਲਫ਼ ਲਿਆ

ਨਵੀਂ ਦਿੱਲੀ: ਦਰਪੋਦੀ ਮੁਰਮੂ ਨੇ ਅੱਜ ਦੇਸ਼ ਦੇ 15ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਭਾਰਤ ਦੇ ਚੀਫ਼ ਜਸਟਿਸ ਐੱਨ.ਵੀ.ਰਾਮੰਨਾ ਨੇ ਉਨ੍ਹਾਂ ਨੂੰ ਸੰਸਦ ਦੇ ਕੇਂਦਰੀ ਹਾਲ ਵਿੱਚ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਉਪ ਰਾਸ਼ਟਰਪਤੀ ਤੇ ਰਾਜ ਸਭਾ ਚੇਅਰਮੈਨ ਐੱਮ.ਵੈਂਕੱਈਆ ਨਾਇਡੂ, ਲੋਕ ਸਭਾ ਦੇ ਸਪੀਕਰ ਓਮ ਬਿਰਲਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਦੋਵਾਂ ਸਦਨਾਂ ਦੇ ਮੈਂਬਰਾਂ ਅਤੇ ਹੋਰਨਾਂ ਮਹਿਮਾਨਾਂ ਦੀ ਹਾਜ਼ਰੀ ਵਿੱਚ ਅਹੁਦੇ ਦਾ ਹਲਫ਼ ਦਿਵਾਇਆ। ਮੁਰਮੂ ਨੇ ਪਰਮਾਤਮਾ ਦੇ ਨਾਂ ’ਤੇ ਹਿੰਦੀ ਵਿੱਚ ਹਲਫ਼ ਲਿਆ। ਹਲਫ਼ ਲੈਣ ਤੋਂ ਫੌਰੀ ਮਗਰੋਂ ਹਾਜ਼ਰੀਨ ਤੇ ਦੇਸ਼ ਵਾਸੀਆਂ ਨੂੰ ਆਪਣੇ ਪਲੇਠੇ ਸੰਬੋਧਨ ਵਿੱਚ ਰਾਸ਼ਟਰਪਤੀ ਮੁਰਮੂ ਨੇ ‘ਸਬਕਾ ਸਾਥ, ਸਬਕਾ ਕਰਤੱਵਯਾ’ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਸਿਖਰਲੇ ਸੰਵਿਧਾਨਕ ਅਹੁਦੇ ’ਤੇ ਉਨ੍ਹਾਂ ਦੀ ਚੋਣ ਉਨ੍ਹਾਂ ਦੀ ਕੋਈ ਨਿੱਜੀ ਉਪਲਬਧੀ ਨਹੀਂ ਬਲਕਿ ਭਾਰਤ ਦੇ ਹਰੇਕ ਗ਼ਰੀਬ ਵਿਅਕਤੀ ਦੀ ਹੈ ਤੇ ਇਹ ਸਾਬਤ ਕਰਦੀ ਹੈ ਕਿ ਉਹ ਨਾ ਸਿਰਫ਼ ਸੁਪਨਾ ਵੇਖ ਸਕਦਾ ਹੈ ਬਲਕਿ ਇਸ ਨੂੰ ਪੂਰਾ ਵੀ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਦੱਬਿਆ ਕੁਚਲਿਆ, ਗਰੀਬ, ਦਲਿਤ ਤੇ ਕਬਾਇਲੀ ਵਰਗ, ਉਨ੍ਹਾਂ ਵਿਚ ਆਪਣਾ ਪਰਛਾਵਾਂ ਵੇਖ ਸਕਦਾ ਹੈ। ਉਨ੍ਹਾਂ ਭਾਰਤ ਦੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ। ਮੁਰਮੂ ਨੇ ਕਿਹਾ ਕਿ ਉਹ ਆਜ਼ਾਦ ਭਾਰਤ ਵਿੱਚ ਪੈਦਾ ਹੋਣ ਵਾਲੀ ਪਹਿਲੇ ਰਾਸ਼ਟਰਪਤੀ ਹਨ ਤੇ ਇਹ ਉਨ੍ਹਾਂ ਦੇ ਚੰਗੇ ਭਾਗ ਹਨ ਕਿ ਉਨ੍ਹਾਂ ਅਜਿਹੇ ਮੌਕੇ ਇਹ ਅਹੁਦਾ ਸੰਭਾਲਿਆ ਹੈ ਜਦੋਂ ਦੇਸ਼ ਆਪਣੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਜਾ ਰਿਹਾ ਹੈ। 

Leave a Reply

Your email address will not be published. Required fields are marked *