ਸਕੂਲ ਫੀਸ: ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਵੇਗੀ ਪੰਜਾਬ ਸਰਕਾਰ

ਚੰਡੀਗੜ੍ਹ :ਅੱਜ ਹੋਈ ਪੰਜਾਬ ਵਜ਼ਾਰਤ ਦੀ ਮੀਟਿੰਗ ਵਿਚ ਗੈਰ-ਰਸਮੀ ਤੌਰ ’ਤੇ ਸਕੂਲ ਫੀਸਾਂ ਬਾਰੇ ਹਾਈ ਕੋਰਟ ਦੇ ਫੈਸਲੇ ’ਤੇ ਚਰਚਾ ਹੋਈ। ਪੰਜਾਬ ਸਰਕਾਰ ਲੌਕਡਾਊਨ ਸਮੇਂ ਦੌਰਾਨ ਸਕੂਲ ਫੀਸ ਦੀ ਅਦਾਇਗੀ ਦੇ ਮਾਮਲੇ ਵਿੱਚ ਇਕਹਿਰੇ ਜੱਜ ਦੇ ਫੈਸਲੇ ਵਿਰੁੱਧ ਇਸ ਹਫ਼ਤੇ ਹਾਈ ਕੋਰਟ ਵਿੱਚ ਐੱਲਪੀਏ ਦਾਇਰ ਕਰੇਗੀ। ਐਡਵੋਕੇਟ ਜਨਰਲ ਅਤੁਲ ਨੰਦਾ ਨੇ ਦੱਸਿਆ ਕਿ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਸਬੰਧੀ ਹਫ਼ਤੇ ਦੇ ਅੰਦਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਅੱਗੇ ਐੱਲਪੀਏ ਦਾਇਰ ਕਰਨੀ ਚਾਹੀਦੀ ਹੈ। ਮੁੱਖ ਮੰਤਰੀ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਤਾਲਾਬੰਦੀ ਦੌਰਾਨ ਆਨਲਾਈਨ ਜਾਂ ਔਫਲਾਈਨ ਕਲਾਸਾਂ ਨਾ ਲੱਗਣ ਕਾਰਨ ਉਹ ਮਾਪਿਆਂ ਤੋਂ ਫੀਸ ਵਸੂਲਣ ਦੇ ਹੱਕ ਵਿੱਚ ਨਹੀਂ ਹਨ।
ਇਸੇ ਤਰ੍ਹਾਂ ਮੰਤਰੀ ਮੰਡਲ ਨੇ ਇੰਤਕਾਲ ਫੀਸ ਦੁੱਗਣੀ ਕਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਇੰਤਕਾਲ ਫੀਸ ’ਚ ਵਾਧੇ ਦੀ ਵੱਡੀ ਸੱਟ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਵੱਜੇਗੀ। ਕੈਬਨਿਟ ਨੇ ਵਾਧੂ ਮਾਲੀਆ ਜੁਟਾਉਣ ਖਾਤਰ ਇੰਤਕਾਲ ਫੀਸ 300 ਤੋਂ ਵਧਾ ਕੇ 600 ਰੁਪਏ ਕਰਨ ਨੂੰ ਲੋੜੀਂਦਾ ਕਦਮ ਦੱਸਿਆ ਹੈ।