ਸੌਦਾ ਸਾਧ ਦੇ ਚੇਲੇ ਵੱਲੋਂ ਬੇਅਦਬੀ ਦੇ ਮੁੱਖ ਗਵਾਹ ਨਾਲ ਗਾਲੀ-ਗਲੋਚ, ਪੁਲਸ ਛਾਉਣੀ ‘ਚ ਤਬਦੀਲ ਹੋਇਆ ਪਿੰਡ ਮੱਲਕੇ

ਸਮਾਲਸਰ : ਪੁਲਸ ਥਾਣਾ ਸਮਾਲਸਰ ਅਧੀਨ ਆਉਂਦੇ ਪਿੰਡ ਮੱਲਕੇ (ਮੋਗਾ) ‘ਚ 4 ਨਵੰਬਰ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਖ ਗਵਾਹ ਗੁਰਸੇਵਕ ਸਿੰਘ ਫੌਜੀ ਨੂੰ ਸੌਦਾ ਸਾਧ ਦੇ ਚੇਲੇ  ਵੱਲੋਂ ਗਾਲੀ-ਗਲੋਚ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਗੁਰਸੇਵਕ ਸਿੰਘ ਫੌਜੀ ਨੇ ਦੱਸਿਆ ਕਿ ਅੱਜ ਸਵੇਰੇ ਜਦ ਮੈਂ ਆਪਣੇ ਖੇਤ ਜਾ ਰਿਹਾ ਸੀ ਤਾਂ ਅਮਰਦੀਪ ਸਿੰਘ ਦੀਪਾ ਦੇ ਪਿਤਾ ਸੁਖਮੰਦਰ ਸਿੰਘ ਨੇ ਮੈਨੂੰ ਕਿਹਾ ਕਿ ਤੂੰ ਗਵਾਹੀ ਦੇ ਕੇ ਸਾਡਾ ਕੀ ਕਰ ਲਿਆ ਤੇ ਹੋਰ ਗਾਲੀ-ਗਲੋਚ ਕਰਨ ਲੱਗਾ।

ਇਸ ਘਟਨਾ ਦਾ ਸੋਸ਼ਲ ਮੀਡੀਆ ‘ਤੇ ਸਿੱਖ ਜਥੇਬੰਦੀਆਂ ਨੂੰ ਪਤਾ ਲੱਗਣ ‘ਤੇ ਉਨ੍ਹਾਂ ਪਿੰਡ ਮੱਲਕੇ ਵੱਲ ਵਹੀਰਾਂ ਘੱਤ ਦਿੱਤੀਆਂ। ਲਾਅ ਐਂਡ ਆਰਡਰ ਦੀ ਸਥਿਤੀ ਨੂੰ ਭਾਂਪਦਿਆਂ ਡੀ.ਐੱਸ.ਪੀ. ਬਾਘਾਪੁਰਾਣਾ ਜਸਜੋਤ ਸਿੰਘ, ਡੀ.ਐੱਸ.ਪੀ. ਕੋਟਕਪੂਰਾ ਸ਼ਮਸ਼ੇਰ ਸਿੰਘ ਸ਼ੇਰਗਿੱਲ ਤੇ ਥਾਣਾ ਬਾਘਾਪੁਰਾਣਾ ਦੇ ਮੁੱਖ ਅਫ਼ਸਰ ਜਤਿੰਦਰ ਸਿੰਘ ਨੇ ਆਪਣੀਆਂ ਪੁਲਸ ਪਾਰਟੀਆਂ ਲੈ ਕੇ ਪਿੰਡ ਮੱਲਕੇ ਦੇ ਹਰ ਰਸਤੇ ਨੂੰ ਸੀਲ ਕਰਕੇ ਪਿੰਡ ਨੂੰ ਪੁਲਸ ਛਾਉਣੀ ‘ਚ ਤਬਦੀਲ ਕਰ ਦਿੱਤਾ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ। ਖ਼ਬਰ ਲਿਖੇ ਜਾਣ ਤੱਕ ਮੌਕੇ ‘ਤੇ ਪਹੁੰਚੇ ਉੱਚ ਅਫ਼ਸਰਾਂ ਵੱਲੋਂ ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਸੀ ਤਾਂ ਕਿ ਕਿਸੇ ਵੀ ਧਰਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ।

ਜ਼ਿਕਰਯੋਗ ਹੈ ਕਿ ਨਵੰਬਰ 2015 ‘ਚ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਕਥਿਤ ਡੇਰਾ ਪ੍ਰੇਮੀਆਂ ਦੀ ਪੰਜਾਬ ਪੁਲਸ ਵੱਲੋਂ ਬਣਾਈ ਵਿਸ਼ੇਸ਼ ਜਾਂਚ ਟੀਮ ਵੱਲੋਂ ਪਛਾਣ ਕੀਤੇ ਜਾਣ ‘ਤੇ ਬੀਤੀ 7 ਜੁਲਾਈ ਨੂੰ ਮਾਣਯੋਗ ਜ਼ਿਲ੍ਹਾ ਜੁਡੀਸ਼ੀਅਲ ਅਦਾਲਤ ਵੱਲੋਂ ਕਥਿਤ ਡੇਰਾ ਪ੍ਰੇਮੀਆਂ ਨੂੰ 3-3 ਸਾਲ ਦੀ ਸਜ਼ਾ ਅਤੇ 5-5 ਹਜ਼ਾਰ ਰੁਪਏ ਜੁਰਮਾਨਾ ਕਰਨ ਉਪਰੰਤ ਮਾਣਯੋਗ ਅਦਾਲਤ ਵੱਲੋਂ ਜ਼ਮਾਨਤ ਮਿਲ ਗਈ ਸੀ। ਸਿੱਖ ਜਥੇਬੰਦੀਆਂ ਵੱਲੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਸੁਖਜੀਤ ਸਿੰਘ ਖੋਸਾ ਨੇ ਡੀ.ਐੱਸ.ਪੀ. ਬਾਘਾਪੁਰਾਣਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਥਿਤ ਗਾਲੀ-ਗਲੋਚ ਕਰਨ ਵਾਲੇ ਡੇਰਾ ਪ੍ਰੇਮੀ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕੀਤਾ ਜਾਵੇ, ਜੇਕਰ ਅਜਿਹਾ ਨਾ ਹੋਇਆ ਤਾਂ ਸਿੱਖ ਜਥੇਬੰਦੀਆਂ ਵੱਲੋਂ ਉਕਤ ਡੇਰਾ ਪ੍ਰੇਮੀ ਦੇ ਘਰ ਦੀ ਘੇਰਾਬੰਦੀ ਕੀਤੀ ਜਾਵੇਗੀ। ਇਸ ਸਮੇਂ ਸਿੱਖ ਸਟੂਡੈਂਟ ਫੈੱਡਰੇਸ਼ਨ ਦੇ ਪ੍ਰਧਾਨ ਦਲੇਰ ਸਿੰਘ ਡੋਡ, ਰਾਜਾ ਸਿੰਘ ਖੁਖਰਾਣਾ, ਜਗਸੀਰ ਸਿੰਘ ਰਾਜੇਆਣਾ, ਮੱਖਣ ਸਿੰਘ ਮੁਸਾਫਰ ਸਮਾਲਸਰ, ਵੀਰਪਾਲ ਸਿੰਘ ਸਮਾਲਸਰ, ਡਾ. ਬਲਵੀਰ ਸਿੰਘ ਸਰਾਵਾਂ, ਭੋਲਾ ਸਿੰਘ ਥਰਾਜ, ਗੁਰਭਾਗ ਸਿੰਘ ਮਰੂੜ, ਦਵਿੰਦਰ ਸਿੰਘ ਹਰੀਏ ਵਾਲਾ, ਗੁਰਪਰੀਤ ਸਿੰਘ ਜਿਉਣ ਵਾਲਾ ਆਦਿ ਤੋਂ ਇਲਾਵਾ ਸਿੱਖ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *