ਸਾਊਦੀ ਅਰਬ ਦੀਆਂ 2 ਭੈਣਾਂ ਦੀ ਮੌਤ ਦੇ ਮਾਮਲੇ ‘ਚ ਆਸਟ੍ਰੇਲੀਆ ਪੁਲਸ ਨੇ ਲੋਕਾਂ ਤੋਂ ਮੰਗੀ ਮਦਦ

ਸਿਡਨੀ : ਆਸਟ੍ਰੇਲੀਆ ਦੇ ਸਿਡਨੀ ‘ਚ ਸਾਊਦੀ ਅਰਬ ਦੀਆਂ ਦੋ ਕੁੜੀਆਂ ਦਾ ਕਤਲ ਪੁਲਸ ਲਈ ਵੀ ਰਹੱਸ ਸਾਬਤ ਹੋ ਰਿਹਾ ਹੈ। ਕਰੀਬ 2 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਪੁਲਸ ਅਜੇ ਤੱਕ ਇਹ ਪਤਾ ਨਹੀਂ ਲਗਾ ਸਕੀ ਕਿ ਇਹ ਕਤਲ ਸੀ ਜਾਂ ਖੁਦਕੁਸ਼ੀ। ਜੂਨ ਵਿੱਚ ਇਨ੍ਹਾਂ ਦੋਵਾਂ ਭੈਣਾਂ ਦੀਆਂ ਲਾਸ਼ਾਂ ਸਿਡਨੀ ਵਿੱਚ ਸਾਂਝੇ ਕੀਤੇ ਅਪਾਰਟਮੈਂਟ ਦੇ ਵੱਖ-ਵੱਖ ਬੈੱਡਰੂਮਾਂ ਵਿੱਚੋਂ ਮਿਲੀਆਂ ਸਨ। ਦੋਵਾਂ ਦੇ ਸਰੀਰ ‘ਤੇ ਸੱਟਾਂ ਦੇ ਕੋਈ ਨਿਸ਼ਾਨ ਨਹੀਂ ਸਨ ਅਤੇ ਘਰ ਵਿੱਚ ਬਾਹਰੀ ਸ਼ਖ਼ਸ ਦੇ ਜ਼ਬਰਦਸਤੀ ਦਾਖ਼ਲ ਹੋਣ ਦਾ ਵੀ ਕੋਈ ਸੰਕੇਤ ਨਹੀਂ ਮਿਲਿਆ ਸੀ। ਪੁਲਸ ਨੇ ਮੌਤਾਂ ਨੂੰ ਸ਼ੱਕੀ ਮੰਨਿਆ ਹੈ।

ਖੋਜ ਦੇ ਲਗਭਗ 2 ਮਹੀਨਿਆਂ ਬਾਅਦ ਅਧਿਕਾਰੀਆਂ ਨੂੰ ਅਜੇ ਵੀ ਕੁੜੀਆਂ ਬਾਰੇ ਬਹੁਤ ਘੱਟ ਪਤਾ ਹੈ। ਗੁਆਂਢੀਆਂ ਮੁਤਾਬਕ ਦੋਵੇਂ ਭੈਣਾਂ ਬਾਹਰ ਬਹੁਤ ਘੱਟ ਜਾਂਦੀਆਂ ਸਨ ਅਤੇ ਗੁਆਂਢੀਆਂ ਨਾਲ ਘੱਟ ਹੀ ਗੱਲਬਾਤ ਕਰਦੀਆਂ ਸਨ। ਪੁਲਸ ਮੁਤਾਬਕ ਕੁੜੀਆਂ ਆਪਣੇ ਆਪ ਵਿੱਚ ਹੀ ਰਹਿੰਦੀਆਂ ਸਨ। ਇਹ ਵੀ ਅਸਪਸ਼ਟ ਹੈ ਕਿ ਉਨ੍ਹਾਂ ਦੀ ਮੌਤ ਕਿਵੇਂ ਹੋਈ, ਹਾਲਾਂਕਿ ਪੋਸਟਮਾਰਟਮ ਕੀਤਾ ਗਿਆ ਹੈ। ਪੁਲਸ ਨੇ ਨਵੇਂ ਸੁਰਾਗ ਮਿਲਣ ਦੀ ਉਮੀਦ ਵਿੱਚ ਇਸ ਹਫ਼ਤੇ ਇੱਕ ਹੋਰ ਕਦਮ ਚੁੱਕਿਆ। ਉਨ੍ਹਾਂ ਨੇ ਕੁੜੀਆਂ ਦੀ ਪਛਾਣ ਅਸਰਾ ਅਬਦੁੱਲਾ ਅਲਸੇਹਲੀ (ਉਮਰ 24 ਸਾਲ) ਅਤੇ ਅਮਾਲ ਅਬਦੁੱਲਾ ਅਲਸੇਹਲੀ (ਉਮਰ 23 ਸਾਲ) ਵਜੋਂ ਕੀਤੀ ਹੈ। ਪੁਲਸ ਮੁਤਾਬਕ ਦੋਵੇਂ ਭੈਣਾਂ 2017 ਵਿੱਚ ਸਾਊਦੀ ਅਰਬ ਤੋਂ ਆਸਟ੍ਰੇਲੀਆ ਆਈਆਂ ਸਨ।

ਡਿਟੈਕਟਿਵ ਇੰਸਪੈਕਟਰ ਕਲਾਉਡੀਆ ਆਲਕ੍ਰਾਫਟ ਨੇ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜੇਕਰ ਉਨ੍ਹਾਂ ਕੋਲ ਇਸ ਕੇਸ ਨਾਲ ਸਬੰਧਤ ਕੋਈ ਜਾਣਕਾਰੀ ਹੈ ਤਾਂ ਕਿਰਪਾ ਕਰਕੇ ਸਾਨੂੰ ਦੱਸੋ। ਉਨ੍ਹਾਂ ਨੇ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ ਅਤੇ ਕਿਹਾ ਕਿ ਅਸੀਂ ਕੁੜੀਆਂ ਬਾਰੇ ਬਹੁਤ ਕੁਝ ਨਹੀਂ ਜਾਣਦੇ ਹਾਂ। ਉਨ੍ਹਾਂ ਦੀ ਮੌਤ ਦਾ ਕਾਰਨ ਵੀ ਸਪੱਸ਼ਟ ਨਹੀਂ ਹੈ।

Leave a Reply

Your email address will not be published. Required fields are marked *