ਪੰਜਾਬ ਕਾਂਗਰਸ ਦੇ ਲੀਗਲ ਸੈੱਲ ਦੇ ਐਲਾਨ ਤੋਂ ਬਾਅਦ, ਸੀਨੀਅਰ ਵਕੀਲ ਸੰਤ ਪਾਲ ਸਿੰਘ ਸਿੱਧੂ ਦਾ ਵੱਡਾ ਧਮਾਕਾ

ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਐਤਵਾਰ ਨੂੰ ਕੀਤੇ ਗਏ ਐਲਾਨ ਨੂੰ ਸੀਨੀਅਰ ਵਕੀਲ ਸੰਤ ਪਾਲ ਸਿੰਘ ਸਿੱਧੂ ਨੇ ਨਾਮਨਜ਼ੂਰ ਕਰ ਦਿੱਤਾ ਹੈ। ਵੜਿੰਗ ਨੇ ਲੀਗਲ ਹਿਊਮਨ ਰਾਈਟਸ ਤੇ ਆਰ. ਟੀ. ਆਈ. ਡਿਪਾਰਟਮੈਂਟ ਦੇ ਢਾਂਚੇ ਦਾ ਐਲਾਨ ਕਰਦਿਆਂ ਸੰਤ ਪਾਲ ਸਿੰਘ ਸਿੱਧੂ ਨੂੰ ਸੀਨੀਅਰ ਵਾਈਸ ਚੇਅਰਮੈਨ ਐਲਾਨ ਕੀਤਾ ਸੀ ਪਰ ਇਸ ਐਲਾਨ ਦੇ ਤੁਰੰਤ ਬਾਅਦ ਸੰਤ ਪਾਲ ਸਿੰਘ ਸਿੱਧੂ ਨੇ ਪੱਤਰ ਜਾਰੀ ਕਰਕੇ ਇਸ ਜ਼ਿੰਮੇਵਾਰੀ ਨੂੰ ਮਨਜ਼ੂਰ ਕਰਨ ਤੋਂ ਇਨਕਾਰ ਕਰ ਦਿੱਤਾ। ਸਿੱਧੂ ਨੇ ਆਪਣੀ ਪ੍ਰੋਫੈਸ਼ਨਲ ਕਮਿਟਮੈਂਟ ਦਾ ਹਵਾਲਾ ਦਿੰਦਿਆਂ ਇਸ ਅਹੁਦੇ ਨੂੰ ਨਾ ਮਨਜ਼ੂਰ ਕੀਤਾ ਹੈ। ਸਿੱਧੂ ਨੇ ਕਿਹਾ ਕਿ ਪਿਛਲੇ ਦੋ ਦਹਾਕਿਆਂ ਦੌਰਾਨ ਉਨ੍ਹਾਂ ਦਾ ਸਾਰੀਆਂ ਰਾਜਨੀਤਿਕ ਪਾਰਟੀਆਂ ਨਾਲ ਜੁੜੇ ਲੋਕਾਂ ਨਾਲ ਸਬੰਧ ਰਿਹਾ ਹੈ। ਸਾਰਿਆਂ ਨਾਲ ਉਨ੍ਹਾਂ ਦਾ ਰਿਸ਼ਤਾ ਪ੍ਰੋਫੈਸ਼ਨਲ ਰਿਹਾ ਹੈ ਤੇ ਉਨ੍ਹਾਂ ਦਾ ਕਰੀਅਰ ਗੈਰ ਰਾਜਨੀਤਿਕ ਹੈ।

ਉਧਰ, ਲੀਗਲ, ਹਿਊਮਨ ਰਾਈਟਸ ਤੇ ਆਰ. ਟੀ. ਆਈ. ਡਿਪਾਰਟਮੈਂਟ ਦੇ ਚੇਅਰਮੈਨ ਦੀ ਜ਼ਿੰਮੇਵਾਰੀ ਨਵੇਂ ਐਡਵੋਕੇਟ ਜਨਰਲ ਵਿਨੋਦ ਘਈ ਦੇ ਭਰਾ ਤੇ ਸੀਨੀਅਰ ਵਕੀਲ ਬਿਪਿਨ ਘਈ ਨੂੰ ਦਿੱਤੀ ਗਈ ਹੈ। ਇਹ ਤਾਇਨਾਤੀ ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਕੀਤੀ ਗਈ ਹੈ, ਜਿਸ ਦਾ ਐਲਾਨ ਐਤਵਾਰ ਨੂੰ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕੀਤਾ। ਡਿਪਾਰਟਮੈਂਟ ਦੇ ਹੋਰ ਅਹੁਦੇਦਾਰਾਂ ਵਿਚ ਐਡਵੋਕੇਟ ਗੁਰਵਿੰਦਰ ਸਿੰਘ ਸਿੱਧੂ ਨੂੰ ਵਾਈਸ ਚੇਅਰਮੈਨ ਤੇ ਬੁਲਾਰਾ, ਭੁਪਿੰਦਰ ਘਈ ਨੂੰ ਏ. ਪੀ. ਐੱਸ. ਸੰਧੂ ਨੂੰ ਜਨਰਲ ਸਕੱਤਰ ਐਡਵੋਕੇਟ ਜਸਕਰਨਜੀਤ ਸਿੰਘ ਤੇ ਜਯਨਿਕਾ ਜੈਨ, ਅਪੂਰਵਾ ਆਰਿਆ, ਦਿਪਾਂਸ਼ੂ ਮਹਿਤਾ ਨੂੰ ਸਕੱਤਰ ਤੇ ਅਰਸ਼ਪ੍ਰੀਤ ਨੂੰ ਬੁਲਾਰੇ ਦਾ ਅਹੁਦਾ ਦਿੱਤਾ ਗਿਆ ਹੈ। ਵੜਿੰਗ ਨੇ ਸਾਰੇ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਸਾਰੇ ਅਹੁਦੇਦਾਰ ਪਾਰਟੀ ਦੀ ਬਿਹਤਰੀ ਲਈ ਕੰਮ ਕਰਨਗੇ।

Leave a Reply

Your email address will not be published. Required fields are marked *