ਇਨੋਵਾ ਦਾ ਤੋਹਫ਼ਾ: ਸੀਨੀਅਰ ਅਫ਼ਸਰਾਂ ਅੱਗੇ ‘ਆਪ’ ਵਿਧਾਇਕ ਪਏ ਫਿੱਕੇ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਪੰਜ ਉੱਚ ਅਫ਼ਸਰਾਂ ਨੂੰ ਨਵੀਆਂ ਇਨੋਵਾ ਅਲਾਟ ਕਰਨ ਦੇ ਹੁਕਮ ਦਿੱਤੇ ਗਏ ਹਨ ਜਿਸ ਤੋਂ ਉਹ ‘ਆਪ’ ਵਿਧਾਇਕ ਭੜਕ ਉੱਠੇ ਹਨ ਜਿਨ੍ਹਾਂ ਕੋਲ ਖਟਾਰਾ ਵਾਹਨ ਹਨ। ਕੁਝ ਦਿਨ ਪਹਿਲਾਂ ਕਾਂਗਰਸੀ ਵਿਧਾਇਕਾਂ ਨੂੰ ਨਵੀਆਂ ਇਨੋਵਾ ਗੱਡੀਆਂ ਦਿੱਤੀਆਂ ਗਈਆਂ ਹਨ। ਟਰਾਂਸਪੋਰਟ ਵਿਭਾਗ ਨੇ 17 ਨਵੀਆਂ ਇਨੋਵਾ ਗੱਡੀਆਂ ਦੀ ਖ਼ਰੀਦ ਕੀਤੀ ਸੀ। ‘ਆਪ’ ਦੇ ਇੱਕੋ ਵਿਧਾਇਕ ਅਮਨ ਅਰੋੜਾ ਨੂੰ ਨਵੀਂ ਇਨੋਵਾ ਦਿੱਤੀ ਗਈ ਹੈ ਜਦੋਂ ਕਿ ਬਾਕੀ ਨਵੇਂ ਵਾਹਨ ਹਾਕਮ ਧਿਰ ਦੇ ਵਿਧਾਇਕ ਲੈ ਗਏ ਹਨ।

ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੇ ਟਰਾਂਸਪੋਰਟ ਵਿਭਾਗ ਨੂੰ ਉੱਚ ਅਫ਼ਸਰਾਂ ਨੂੰ ਨਵੀਆਂ ਇਨੋਵਾ ਅਲਾਟ ਕਰਨ ਲਈ ਲਿਖਿਆ ਹੋਇਆ ਹੈ। ਵਾਟਰ ਰੈਗੂਲੇਟਰੀ ਅਥਾਰਿਟੀ ਦੇ ਚੇਅਰਮੈਨ ਅਤੇ ਮੁੱਖ ਸਕੱਤਰ ਰਹਿ ਚੁੱਕੇ ਅਧਿਕਾਰੀ ਕਰਨ ਅਵਤਾਰ ਸਿੰਘ ਨੂੰ ਨਵੀਂ ਇਨੋਵਾ ਗੱਡੀ ਦੇ ਦਿੱਤੀ ਗਈ ਹੈ। ਨਵੇਂ ਹੁਕਮਾਂ ਅਨੁਸਾਰ ਨਵੀਂ ਸਟਾਫ਼ ਕਾਰ ਹੁਣ ਵਧੀਕ ਮੁੱਖ ਸਕੱਤਰ ਸੰਜੇ ਕੁਮਾਰ, ਪ੍ਰਮੁੱਖ ਸਕੱਤਰ ਏ ਵੇਨੂੰ ਪ੍ਰਸ਼ਾਦ, ਪ੍ਰਮੁੱਖ ਸਕੱਤਰ (ਖੁਰਾਕ ਤੇ ਸਪਲਾਈ) ਕੇ ਏ ਪੀ ਸਿਨਹਾ, ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਆਦਿ ਨੂੰ ਅਲਾਟ ਹੋਣੀ ਹੈ।

ਸੂਬਾ ਇਸ ਸਮੇਂ ਵਿੱਤੀ ਸੰਕਟ ਵਿਚੋਂ ਲੰਘ ਰਿਹਾ ਹੈ। ‘ਆਪ’ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਉਹ ਖਟਾਰਾ ਗੱਡੀ ਵਿਚ ਜਾਨ ਜੋਖ਼ਮ ਵਿਚ ਪਾ ਕੇ ਸਫ਼ਰ ਕਰਦੇ ਹਨ ਅਤੇ ਉਹ ਸਰਕਾਰ ਨੂੰ ਗੱਡੀ ਦੀ ਸਥਿਤੀ ਬਾਰੇ ਜਾਣੂ ਵੀ ਕਰਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਚੁਣੇ ਪ੍ਰਤੀਨਿਧਾਂ ਨੂੰ ਨਜ਼ਰਅੰਦਾਜ਼ ਕਰ ਕੇ ਅਧਿਕਾਰੀਆਂ ਨੂੰ ਨਿਵਾਜਿਆ ਹੈ। ਉਨ੍ਹਾਂ ਕਿਹਾ ਕਿ ਇਹ ਅਫ਼ਸਰਾਂ ਦੀ ਸਰਕਾਰ ਹੈ ਜਿਸ ’ਚ ਵਿਧਾਇਕ ਭੁਗਤ ਰਹੇ ਹਨ। ਜਾਣਕਾਰੀ ਅਨੁਸਾਰ ਬਠਿੰਡਾ ਦਿਹਾਤੀ ਤੋਂ ‘ਆਪ’ ਵਿਧਾਇਕ ਰੁਪਿੰਦਰ ਕੌਰ ਰੂਬੀ ਨੂੰ ਵੀ ਆਪਣਾ ਖਟਾਰਾ ਵਾਹਨ ਕਿਸੇ ਹੋਰ ਪੁਰਾਣੇ ਵਾਹਨ ਨਾਲ ਤਬਦੀਲ ਕਰਨਾ ਪਿਆ ਹੈ। ਆਮ ਆਦਮੀ ਪਾਰਟੀ ਦੇ ਬੁਲਾਰੇ ਕੁਲਤਾਰ ਸੰਧਵਾਂ ਨੇ ਕਿਹਾ ਕਿ ਉੱਚ ਅਫ਼ਸਰਾਂ ਨੇ ਤਾਂ ਘਰ ਤੋਂ ਸਿਰਫ਼ ਦਫ਼ਤਰ ਤੱਕ ਹੀ ਜਾਣਾ ਹੁੰਦਾ ਹੈ ਅਤੇ ਕੋਈ ਟਾਵਾਂ ਅਧਿਕਾਰੀ ਹੋਵੇਗਾ ਜੋ ਪੰਜਾਬ ਵਿਚ ਵਿਚਰਦਾ ਹੋਵੇਗਾ। ਉਨ੍ਹਾਂ ਕਿਹਾ ਕਿ ਵਿਧਾਇਕ 24 ਘੰਟੇ ਦੀ ਡਿਊਟੀ ਕਰਦੇ ਹਨ ਪਰ ਉਨ੍ਹਾਂ ਕੋਲ ਮਿਆਦ ਪੁਗਾ ਚੁੱਕੇ ਵਾਹਨ ਹਨ। ਉਨ੍ਹਾਂ ਸਰਕਾਰ ਨੂੰ ਅਫ਼ਸਰਾਂ ਦੀ ਥਾਂ ’ਤੇ ਚੁਣੇ ਹੋਏ ਨੁਮਾਇੰਦਿਆਂ ਨੂੰ ਪਹਿਲ ਦੇਣ ਲਈ ਕਿਹਾ।

ਸੂਤਰਾਂ ਅਨੁਸਾਰ ਪੰਜਾਬ ਸਰਕਾਰ ਨੇ ਬਹੁਤੇ ਅਫ਼ਸਰਾਂ ਨੂੰ ਨਵੇਂ ਵਾਹਨ ਦੇਣ ਦੀ ਥਾਂ ਉਨ੍ਹਾਂ ਦੀਆਂ ਪੁਰਾਣੀਆਂ ਗੱਡੀਆਂ ਦੇ ਟਾਇਰ ਬਦਲ ਕੇ ਦੇਣ ਦੀ ਕਾਰਵਾਈ ਸ਼ੁਰੂ ਕੀਤੀ ਹੈ। ਆਮ ਰਾਜ ਪ੍ਰਬੰਧ ਵਿਭਾਗ ਨੇ ਅਫ਼ਸਰਾਂ ਤੇ ਵਿਭਾਗਾਂ ਨੂੰ ਅਲਾਟ 87 ਗੱਡੀਆਂ ਦੇ ਸਾਰੇ ਟਾਇਰ ਬਦਲ ਕੇ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ 140 ਨਵੇਂ ਟਿਊਬਲੈੱਸ ਟਾਇਰ ਖ਼ਰੀਦੇ ਜਾ ਰਹੇ ਹਨ। ਇਨ੍ਹਾਂ ’ਚ ਇੱਕ ਫਾਰਚੂਨਰ ਗੱਡੀ, 14 ਇਨੋਵਾ ਗੱਡੀਆਂ, 5 ਕਰੋਲਾ, ਛੇ ਹੌਂਡਾ ਸਿਟੀ, 33 ਹੌਂਡਾ ਸਿਟੀ ਪੁਰਾਣਾ ਮਾਡਲ, ਛੇ ਅੰਬੈਸਡਰ ਗੱਡੀਆਂ ਅਤੇ 16 ਮਾਰੂਤੀ ਕਾਰਾਂ ਆਦਿ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਪਹਿਲਾਂ ਮੁੱਖ ਮੰਤਰੀ ਦਫ਼ਤਰ ਲਈ ਵੀ ਗੱਡੀਆਂ ਦੀ ਖ਼ਰੀਦ ਕੀਤੀ ਗਈ ਸੀ। ਟਰਾਂਸਪੋਰਟ ਮੰਤਰੀ ਨੂੰ ਪਹਿਲਾਂ 28 ਲੱਖ ਰੁਪਏ ਦੀ ਨਵੀਂ ਫਾਰਚੂਨਰ ਗੱਡੀ ਖ਼ਰੀਦ ਕੇ ਦਿੱਤੀ ਗਈ ਅਤੇ ਉਸ ਮਗਰੋਂ ਨਵੀਂ ਇਨੋਵਾ ਗੱਡੀ ਦਿੱਤੀ ਗਈ ਹੈ। ਜੋ ਨਵੀਆਂ ਗੱਡੀਆਂ ਆਈਆਂ ਸਨ, ਉਨ੍ਹਾਂ ’ਚੋਂ 7 ਗੱਡੀਆਂ ‘ਆਪ’ ਵਿਧਾਇਕਾਂ ਨੂੰ ਦੇਣ ਦਾ ਲਾਰਾ ਲਾਇਆ ਗਿਆ ਸੀ ਪ੍ਰੰਤੂ ਸਿਰਫ਼ ਇੱਕ ਵਿਧਾਇਕ ਨੂੰ ਗੱਡੀ ਦੇ ਕੇ ਬੁੱਤਾ ਸਾਰ ਦਿੱਤਾ ਗਿਆ।

Leave a Reply

Your email address will not be published. Required fields are marked *