ਰਾਧਾ ਸੁਆਮੀ ਡੇਰੇ ’ਚ 2 ਸੇਵਾਦਾਰਾਂ ਦੀ ਮੌਤ

ਹੰਬੜਾਂ : ਹੰਬੜਾਂ, ਮੁੱਲਾਂਪੁਰ ਮੇਨ ਰੋੜ ’ਤੇ ਰਾਧਾ ਸੁਆਮੀ ਘਰ ਭੱਟੀਆਂ ਢਾਹਾ ਵਿਖੇ ਤੜਕ ਸਾਰ ਵਾਪਰੀ ਰੂਹਕੰਬਾਊ ਘਟਨਾਂ ’ਚ ਦੋ ਸੇਵਾਦਾਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਸਬੰਧੀ ਮੌਕੇ ਤੋਂ ਇਕੱਤਰ ਕੀਤੀ ਗਈ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਸਵੇਰ ਸਮੇਂ ਸਥਾਨਕ ਡੇਰੇ ਅੰਦਰ ਸੇਵਾ ਚੱਲ ਰਹੀ ਸੀ, ਇਸ ਵਿਚ ਸੇਵਾਦਾਰ ਆਪਣੀ ਸੇਵਾ ਵਿਚ ਲੱਗੇ ਹੋਏ ਸਨ ਤਾਂ ਦੋ ਸੇਵਾਦਾਰ ਉਚੀ ਪੌੜੀ (ਘੋੜੀ) ਡੇਰੇ ਵਿਚ ਲਿਜਾ ਰਹੇ ਸਨ ਤਾਂ ਪੌੜੀ (ਘੋੜੀ) ਡੇਰੇ ਵਿਚੋਂ ਲੰਘਦੀਆਂ ਹਾਈਵੋਲਟਜ਼ ਤਾਰਾਂ ਨਾਲ ਟਕਰਾਉਣ ਕਾਰਨ ਸੇਵਾਦਾਰਾਂ ਨੂੰ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਿਆ ਬਿਜਲੀ ਦਾ ਕਰੰਟ ਇਨ੍ਹਾਂ ਜ਼ਿਆਦਾ ਤੇਜ਼ ਲੱਗਾ ਕਿ ਦੋਵਾਂ ਸੇਵਾਦਾਰ ਬੁਰੀ ਤਰ੍ਹਾਂ ਨਾਲ ਸੜ ਗਏ ਅਤੇ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਮਹਿੰਦਰ ਸਿੰਘ ਪੁੱਤਰ ਰਾਮ ਲਾਲ ਪਿੰਡ ਪ੍ਰਤਾਪ ਸਿੰਘ ਵਾਲਾ (ਬਸੰਤ ਨਗਰ) ਅਤੇ ਰਤਨ ਸਿੰਘ ਪੁੱਤਰ ਬਾਕਰ ਸਿੰਘ ਵਾਸੀ ਤਲਵੰਡੀ ਨੌ-ਅਬਾਦ ਵਜੋਂ ਹੋਈ ਹੈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਸੇਵਾਦਾਰਾਂ ਦੀਆਂ ਲਾਸ਼ਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ।

ਸਥਾਨਕ ਡੇਰੇ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ 2 ਵਾਰ ਕਰੰਟ ਸੇਵਾਦਾਰਾਂ ਨੂੰ ਲੱਗ ਚੁੱਕਾ ਹੈ ਅਸੀਂ ਬਿਜਲੀ ਘਰ ਹੰਬੜਾਂ ਨੂੰ ਕਈ ਵਾਰ ਬੇਨਤੀ ਕਰ ਚੁੱਕੇ ਹਾਂ ਕਿ ਡੇਰੇ ਵਿਚੋਂ ਬਿਜਲੀ ਦੀਆਂ ਤਾਰਾਂ ਨੂੰ ਬਾਹਰ ਕੱਢਿਆ ਜਾਵੇ ਪਰ ਬਿਜਲੀ ਅਧਿਕਾਰੀਆਂ ਦੀ ਕੰਨ ’ਤੇ ਜੂੰ ਤੱਕ ਨਹੀਂ ਸਰਕੀ ਜੇ ਬਿਜਲੀ ਅਧਿਕਾਰੀਆਂ ਨੇ ਤਾਰਾਂ ਨੂੰ ਬਾਹਰ ਕੱਢਿਆ ਹੁੰਦਾ ਤਾਂ ਇਹ ਘਟਨਾਂ ਨਾ ਵਾਪਰਦੀ। ਇਸ ਘਟਨਾਂ ਦਾ ਇਲਾਕੇ ’ਚ ਪਤਾ ਲੱਗਣ ’ਤੇ ਸੋਗ ਦੀ ਲਹਿਰ ਦੌੜ ਗਈ ਅਤੇ ਡੇਰੇ ਦੇ ਪ੍ਰਬੰਧਕ ਸਮੇਤ ਸੇਵਾਦਾਰ ਵੱਡੀ ਗਿਣਤੀ ’ਚ ਇਸ ਡੇਰੇ ਵਿਚ ਇਕੱਠੇ ਹੋ ਗਏ, ਜਿਨ੍ਹਾਂ ’ਚ ਉਕਤ ਵਾਪਰੀ ਘਟਨਾਂ ਲਈ ਗਹਿਰਾ ਦੁੱਖ ਪਾਇਆ ਜਾ ਰਿਹਾ ਸੀ।

ਘਟਨਾਂ ਸਥਾਨ ’ਤੇ ਪੁੱਜੀ ਥਾਣਾ ਦਾਖਾ ਦੀ ਪੁਲਸ ਪਾਰਟੀ ਵੱਲੋਂ ਸੇਵਾਦਾਰਾਂ ਦੇ ਬਿਆਨਾਂ ਅਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ’ਤੇ 174 ਦੀ ਕਾਰਵਾਈ ਕਰਦਿਆਂ ਮ੍ਰਿਤਕ ਸੇਵਾਦਾਰਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਘਟਨਾਂ ਸਥਾਨ ’ਤੇ ਪੁੱਜੇ ਡੇਰੇ ਦੇ ਪ੍ਰਬੰਧਕ ਸੰਦੀਪ ਖੁਰਾਣਾ, ਦੀਪਕ ਖੁਰਾਣਾ, ਨੰਬਰਦਾਰ ਦਵਿੰਦਰ ਸਿੰਘ ਸਾਹਨੀ, ਬਲਵੀਰ ਸਿੰਘ ਵਲੀਪੁਰ ਕਲਾਂ, ਮੁਨਸ਼ੀ ਸਿੰਘ, ਜਸਵਿੰਦਰ ਸਿੰਘ ਨੀਟਾ ਪੁੜੈਣ, ਰਾਜਿੰਦਰ ਸਿੰਘ ਵਰਮਾ ਸਮੇਤ ਹੋਰ ਮੁੱਖ ਸੇਵਾਦਾਰਾਂ ਵੱਲੋਂ ਉਕਤ ਵਾਪਰੀ ਘਟਨਾਂ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਰਾਧਾ ਸਵਾਮੀ ਡੇਰੇ ਵਿਚ ਹਾਈ ਵੋਲਟੇਜ਼ ਦੀਆਂ ਤਾਰਾ ਨੂੰ ਬਾਹਰ ਕੱਢਿਆ ਜਾਵੇ।

Leave a Reply

Your email address will not be published. Required fields are marked *