ਹਾਦਸੇ ’ਚ ਦਰਦ ਨਾਲ ਤੜਫ ਰਹਿਆਂ ਦੇ ਮੋਬਾਇਲ ਤੇ ਪਰਸ ਚੋਰੀ

ਫਿਲੌਰ : ਫਿਲੌਰ ਦੇ ਨਜ਼ਦੀਕੀ ਪਿੰਡ ਦੁਸਾਂਝ ਖੁਰਦ ਨੇੜੇ ਨੈਸ਼ਨਲ ਹਾਈਵੇ ’ਤੇ ਹਰਿਆਣਾ ਨੰਬਰ ਸਕਾਰਪੀਓ ਗੱਡੀ ਦਾ ਟਾਇਰ ਫਟਣ ਉਪਰੰਤ ਬੇਕਾਬੂ ਹੋ ਕੇ ਸਕਾਰਪੀਓ ਦੂਜੇ ਪਾਸਿਓਂ ਆ ਰਹੇ ਛੋਟੇ ਹਾਥੀ ’ਚ ਜਾ ਵੱਜੀ ਜਿਸ ਨਾਲ ਛੋਟੇ ਹਾਥੀ ਦੇ ਡਰਾਈਵਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿਚ ਸਕਾਰਪੀਓ ਸਵਾਰ ਦੋ ਲੋਕ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਸਕਾਰਪੀਓ ਨੰਬਰ ਐੱਚ. ਆਰ. 01 ਬਾਈ 9999 ਜਿਸ ਨੂੰ ਡਰਾਈਵਰ ਸਾਹਿਲ ਵਾਸੀ ਹਰਿਆਣਾ ਚਲਾ ਰਿਹਾ ਸੀ ਨੇ ਦੱਸਿਆ ਕਿ ਉਹ ਆਪਣੀਆਂ ਦੋ ਭੈਣਾਂ ਨਾਲ ਲੁਧਿਆਣਾ ਤੋਂ ਨਕੋਦਰ ਨੂੰ ਮੱਥਾ ਟੇਕਣ ਜਾ ਰਹੇ ਸਨ, ਇਸ ਦੌਰਾਨ ਜਦੋਂ ਉਹ ਦੁਸਾਂਝ ਖੁਰਦ ਨਜ਼ਦੀਕ ਪਹੁੰਚੇ ਤਾਂ ਸਕਾਰਪੀਓ ਦਾ ਟਾਇਰ ਫਟ ਗਿਆ ਜਿਸ ਨਾਲ ਸਕਾਰਪੀਓ ਬੇਕਾਬੂ ਹੋ ਕੇ ਡਿਵਾਈਡਰ ਟੱਪ ਕੇ ਜਲੰਧਰ ਤੋਂ ਲੁਧਿਆਣਾ ਵੱਲ ਨੂੰ ਆ ਰਹੇ ਛੋਟੇ ਹਾਥੀ ਨੰਬਰ ਪੀ. ਵੀ. 08 ਡੀ. ਐੱਸ 6975 ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਛੋਟੇ ਹਾਥੀ ਦੇ ਡਰਾਈਵਰ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਸਕਾਰਪੀਓ ਸਵਾਰ ਕੋਮਲਪ੍ਰੀਤ ਅਤੇ ਅਨਮੋਲਦੀਪ ਜ਼ਖ਼ਮੀ ਹੋ ਗਈਆਂ ਜਿਨ੍ਹਾਂ ਨੂੰ ਆਸ-ਪਾਸ ਦੇ ਲੋਕਾਂ ਨੇ ਸਿਵਲ ਹਸਪਤਾਲ ਫਿਲੌਰ ਵਿਖੇ ਦਾਖਲ ਕਰਵਾਇਆ।

ਸਾਹਿਲ ਨੇ ਦੱਸਿਆ ਕਿ ਉਕਤ ਹਾਦਸੇ ਦੌਰਾਨ ਕੁਝ ਲੋਕ ਉਨ੍ਹਾਂ ਦੀ ਮੱਦਦ ਕਰਦੇ ਸਨ, ਉਨ੍ਹਾਂ ਵਿੱਚੋਂ ਕੋਈ ਵਿਅਕਤੀ ਦੋ ਮੋਬਾਇਲ ਅਤੇ ਇਕ ਪਰਸ ਲੈ ਗਿਆ। ਪਰਸ ਵਿਚ 15000 ਰੁਪਏ ਦੇ ਕਰੀਬ ਸਨ। ਇਸ ਘਟਨਾ ਦੌਰਾਨ ਸਮਾਨ ਚੋਰੀ ਕਰਕੇ ਲੈ ਜਾਣ ਤੋਂ ਲੱਗਦਾ ਹੈ ਕਿ ਕਈ ਲੋਕਾਂ ਵਿਚ ਇਨਸਾਨੀਅਤ ਮਰ ਚੁੱਕੀ ਹੈ। ਹਾਦਸੇ ਵਾਲੇ ਸਥਾਨ ’ਤੇ ਥਾਣਾ ਮੁਖੀ ਫਿਲੌਰ ਨਰਿੰਦਰ ਸਿੰਘ ਪਹੁੰਚੇ ਜਿਨ੍ਹਾਂ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਐੱਸ. ਐੱਚ. ਓ. ਨਰਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਅਜੇ ਸ਼ਨਾਖਤ ਨਹੀਂ ਹੋ ਸਕੀ ਹੈ। ਛੋਟਾ ਹੱਥੀ ਕਰਤਾਰਪੁਰ ਟੈਂਪੂ ਯੂਨੀਅਨ ਦਾ ਦੱਸਿਆ ਜਾ ਰਿਹਾ ਹੈ ਯੂਨੀਅਨ ਨੂੰ ਇਤਲਾਹ ਦੇ ਦਿੱਤੀ ਗਈ ਹੈ।

Leave a Reply

Your email address will not be published. Required fields are marked *