15 ਅਗਸਤ ਨੂੰ ਖ਼ਾਲਸਈ ਨਿਸ਼ਾਨ ਸਾਹਿਬ ਝੁਲਾਉਣ ਦੇ ਸੱਦੇ ’ਤੇ ਭੜਕਿਆ ਵੜਿੰਗ

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗਰਮ ਖਿਆਲੀ ਲੀਡਰਸ਼ਿਪ ਦੇ ਇੱਕ ਹਿੱਸੇ ਵੱਲੋਂ ਸੂਬੇ ਦੇ ਸ਼ਾਂਤਮਈ ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ਼ ਕਰਨ ਦੀ ਆਲੋਚਨਾ ਕੀਤੀ ਹੈ।

ਸ਼੍ਰੋਮਣੀ ਅਕਾਲੀ ਦਲ-ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਜਿਨ੍ਹਾਂ ਨੇ ਹਾਲ ਹੀ ਵਿੱਚ ਭਾਰਤੀ ਸੰਵਿਧਾਨ ਦੀ ਸਹੁੰ ਚੁੱਕੀ, ਸਮੇਤ ਇਨ੍ਹਾਂ ਆਗੂਆਂ ਵੱਲੋਂ 15 ਅਗਸਤ ਨੂੰ ਆਪਣੇ ਘਰਾਂ ਵਿੱਚ ਕੌਮੀ ਤਿਰੰਗਾ ਲਹਿਰਾਉਣ ਦੀ ਬਜਾਏ ਕੇਸਰੀ ਝੰਡੇ ਲਾਉਣ ਦੇ ਦਿੱਤੇ ਗਏ ਸੱਦੇ ’ਤੇ ਪ੍ਰਤੀਕਰਮ ਦਿੰਦਿਆਂ, ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਸਪੱਸ਼ਟ ਤੌਰ ‘ਤੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਲਈ ਕੀਤੀਆਂ ਜਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਤਿਰੰਗਾ ਸਾਡਾ ਰਾਸ਼ਟਰੀ ਚਿੰਨ੍ਹ ਹੈ ਅਤੇ ਹਰ ਭਾਰਤੀ ਨੂੰ ਇਸਦਾ ਸਨਮਾਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਪਣੇ ਘਰਾਂ ‘ਤੇ ਕੇਸਰੀ ਝੰਡੇ ਲਗਾਉਣ ਤੋਂ ਕੋਈ ਨਹੀਂ ਰੋਕਦਾ ਅਤੇ ਹਰ ਕਿਸੇ ਨੂੰ ਖਾਲਸਾ ਪੰਥ ਦੀ ਮਹਾਨਤਾ ਦੇ ਪ੍ਰਤੀਕ ਕੇਸਰੀ ਰੰਗ ‘ਤੇ ਮਾਣ ਕਰਨਾ ਚਾਹੀਦਾ ਹੈ।

ਇਸੇ ਤਰ੍ਹਾਂ ਤਿਰੰਗਾ ਭਾਰਤ ਦੀ ਆਜ਼ਾਦੀ ਦਾ ਰਾਸ਼ਟਰੀ ਪ੍ਰਤੀਕ ਹੈ ਅਤੇ ਇਸਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਤਿਰੰਗੇ ਦੀ ਇੱਜ਼ਤ ਦੀ ਰਾਖੀ ਲਈ ਹਜ਼ਾਰਾਂ ਲੋਕਾਂ, ਜਿਨ੍ਹਾਂ ਵਿਚ ਜ਼ਿਆਦਾਤਰ ਪੰਜਾਬੀਆਂ ਅਤੇ ਸਿੱਖਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ ਅਤੇ ਜੋ ਲੋਕ ਇਸਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਆਪਣੇ ਸ਼ਹੀਦਾਂ ਅਤੇ ਉਨ੍ਹਾਂ ਦੀ ਸ਼ਹਾਦਤ ਦਾ ਅਪਮਾਨ ਕਰ ਰਹੇ ਹਨ।

ਇਸ ਦੌਰਾਨ ਵੜਿੰਗ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਪਾਰਟੀ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਵਿਘਨਕਾਰੀ ਨੀਤੀਆਂ ਅਤੇ ਜਿਸ ਤਰ੍ਹਾਂ ਦੇਸ਼ ਵਿੱਚ ਬਹੁਗਿਣਤੀਵਾਦ ਥੋਪਣ ਦੀ ਕੋਸ਼ਿਸ਼ ਕਰ ਰਹੀ ਹੈ, ਉਸਦਾ ਸਖ਼ਤ ਵਿਰੋਧ ਕਰਦੀ ਹੈ। ਉਨ੍ਹਾਂ ਭਾਜਪਾ ਵੱਲੋਂ ਸੁਤੰਤਰਤਾ ਦਿਵਸ ਵਰਗੇ ਪਵਿੱਤਰ ਮੌਕੇ ਮਨਾਉਣ ਵਿੱਚ ਪੱਖਪਾਤ ਦੀ ਰਾਜਨੀਤੀ ਕਰਨ ਦੀ ਕੋਸ਼ਿਸ਼ ਦੀ ਵੀ ਨਿਖੇਧੀ ਕੀਤੀ।

ਉਨ੍ਹਾਂ ਸਵਾਲ ਕੀਤਾ ਕਿ ਸੁਤੰਤਰਤਾ ਦਿਵਸ ‘ਤੇ ਸਾਨੂੰ ਘਰਾਂ ‘ਤੇ ਤਿਰੰਗਾ ਲਹਿਰਾਉਣ ਲਈ ਕਹਿਣ ਵਾਲੇ ਭਾਜਪਾ ਕੌਣ ਹੈ? ਕਾਂਗਰਸ ਪਾਰਟੀ ਦਾ ਤਿਰੰਗੇ ਦੀ ਰੱਖਿਆ ਅਤੇ ਸਨਮਾਨ ਲਈ ਕੁਰਬਾਨੀਆਂ ਕਰਨ ਦਾ ਇਤਿਹਾਸ ਰਿਹਾ ਹੈ ਅਤੇ ਅਸੀਂ ਹਮੇਸ਼ਾ ਆਪਣੇ ਆਖਰੀ ਸਾਹ ਅਤੇ ਖੂਨ ਦੀ ਆਖਰੀ ਬੂੰਦ ਤੱਕ ਅਜਿਹਾ ਕਰਦੇ ਹਾਂ।

Leave a Reply

Your email address will not be published. Required fields are marked *