ਚੀਨ ‘ਚ ਪੈ ਰਹੀ ਅੱਤ ਦੀ ਗਰਮੀ, ਟੁੱਟਿਆ 61 ਸਾਲਾਂ ਦਾ ਰਿਕਾਰਡ

ਬੀਜਿੰਗ: ਚੀਨ ਦੇ ਕੁਝ ਸੂਬੇ ਭਿਆਨਕ ਗਰਮੀ ਅਤੇ ਲੂ ਦੀ ਲਪੇਟ ‘ਚ ਹਨ ਅਤੇ ਭਿਆਨਕ ਗਰਮੀ ਨੇ ਕਰੀਬ 61 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਰਾਸ਼ਟਰੀ ਮੌਸਮ ਵਿਗਿਆਨ ਪ੍ਰਸ਼ਾਸਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਵਿਆਪਕ ਅਧਿਐਨਾਂ ਤੋਂ ਪਤਾ ਚੱਲਦਾ ਹੈ ਕਿ ਸਾਡੇ ਦੇਸ਼ ਵਿੱਚ ਉੱਚ ਤਾਪਮਾਨ ਅਤੇ ਅਸਾਧਾਰਨ ਗਰਮੀ ਦੇ ਨਾਲ ਇਹ ਖੇਤਰੀ ਘਟਨਾ ਜਾਰੀ ਰਹੇਗੀ ਅਤੇ ਇਸ ਦੀ ਤੀਬਰਤਾ ਵਿੱਚ ਵਾਧਾ ਹੋਵੇਗਾ। ਇਸ ਸਾਲ 15 ਅਗਸਤ ਤੱਕ ਚੀਨ ਵਿੱਚ 64 ਦਿਨ ਅਸਾਧਾਰਨ ਗਰਮੀ ਰਿਕਾਰਡ ਕੀਤੀ ਗਈ, ਜਦੋਂਕਿ ਪਿਛਲਾ ਰਿਕਾਰਡ 2013 ਵਿੱਚ 62 ਦਿਨ ਸੀ। ਮੌਸਮ ਵਿਗਿਆਨੀਆਂ ਨੇ 1,680 ਮੌਸਮ ਸਟੇਸ਼ਨਾਂ ਤੋਂ ਡਾਟਾ ਇਕੱਠਾ ਕੀਤਾ ਹੈ, ਜਿਨ੍ਹਾਂ ਨੇ 35 ਡਿਗਰੀ ਸੈਲਸੀਅਸ (95 ਡਿਗਰੀ ਫਾਰੇਨਹਾਈਨ) ਤੋਂ ਉੱਪਰ ਤਾਪਮਾਨ ਦਰਜ ਕੀਤਾ ਅਤੇ 1,426 ਸਟੇਸ਼ਨਾਂ ਨੇ 37 ਡਿਗਰੀ ਸੈਲਸੀਅਸ ਤੋਂ ਉੱਪਰ ਤਾਪਮਾਨ ਦਰਜ ਕੀਤਾ।

ਕੁੱਲ 262 ਸਟੇਸ਼ਨਾਂ ਵਿਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਗਿਆ, ਜੋ ਕਿ ਇੱਕ ਰਿਕਾਰਡ ਵੀ ਹੈ। ਕਿਉਂਕਿ 2013 ਵਿੱਚ ਸਿਰਫ਼ 187 ਸਟੇਸ਼ਨਾਂ ਨੇ ਹੀ ਅਜਿਹਾ ਤਾਪਮਾਨ ਦਰਜ ਕੀਤਾ ਸੀ। ਚੀਨ ਦੇ ਉੱਤਰ-ਪੱਛਮੀ ਹੁਬੇਈ ਸੂਬੇ ਦੇ ਜ਼ੁਸ਼ਾਨ ਕਾਉਂਟੀ ਦੇ ਇੱਕ ਮੌਸਮ ਕੇਂਦਰ ਨੇ ਤਾਪਮਾਨ 44.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੋਂਗਕਿੰਗ ਦੀ ਦੱਖਣ-ਪੂਰਬੀ ਨਗਰਪਾਲਿਕਾ ਵਿੱਚ 44.5 ਡਿਗਰੀ ਸੈਲਸੀਅਸ, ਉੱਤਰੀ ਹੇਬੇਈ ਸੂਬੇ ਵਿੱਚ ਲਿੰਗਸ਼ਾ ਕਾਉਂਟੀ ਵਿੱਚ 44.2 ਡਿਗਰੀ ਸੈਲਸੀਅਸ ਅਤੇ ਦੱਖਣ-ਪੱਛਮੀ ਯੂਨਾਨ ਸੂਬੇ ਵਿੱਚ 44 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। 1 ਜੂਨ ਤੋਂ 15 ਅਗਸਤ ਦੀ ਮਿਆਦ ਵਿੱਚ ਉੱਚ ਤਾਪਮਾਨ ਵਾਲੇ ਦਿਨਾਂ ਦੀ ਰਾਸ਼ਟਰੀ ਔਸਤ ਸੰਖਿਆ 12 ਸੀ, ਜੋ ਕਿ ਅਸਧਾਰਨ ਤੌਰ ‘ਤੇ ਗਰਮ ਮੌਸਮ ਦੇ ਬਿਨਾਂ ਸਾਲਾਂ ਵਿਚ ਇਸੇ ਮਿਆਦ ਵਿਚ ਦਰਜ ਕੀਤੀ ਗਈ ਤੁਲਨਾ ਵਿਚ 5.1 ਦਿਨ ਵੱਧ ਹੈ। ਦੇਸ਼ ਦੇ ਕੁੱਝ ਖੇਤਰਾਂ ਵਿਚ ਤੇਜ਼ ਗਰਮੀ ਅਗਲੇ 7 ਤੋਂ 10 ਦਿਨਾਂ ਤੱਕ ਪੈਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *