ਕੈਪਟਨ ਵੱਲੋਂ 9.5 ਲੱਖ ਕਿਸਾਨਾਂ ਨੂੰ ਸਿਹਤ ਬੀਮਾ ਯੋਜਨਾ ਹੇਠ ਲਿਆਉਣ ਦੀ ਪ੍ਰਵਾਨਗੀ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 9.50 ਲੱਖ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਾਲ 2020-21 ਲਈ ‘ਆਯੂਸ਼ਮਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ’ ਤਹਿਤ ਸਿਹਤ ਬੀਮੇ ਦਾ ਲਾਭ ਦੇਣ ਲਈ ਹਰੀ ਝੰਡੀ ਦੇ ਦਿੱਤੀ ਹੈ ਜਦਕਿ ਬੀਤੇ ਸਾਲ ਪੰਜ ਲੱਖ ਕਿਸਾਨਾਂ ਨੂੰ ਇਸ ਸਕੀਮ ਵਿੱਚ ਸ਼ਾਮਲ ਕੀਤਾ ਗਿਆ ਸੀ। ਸੂਬਾ ਸਰਕਾਰ ਵੱਲੋਂ ਇਹ ਸਕੀਮ 20 ਅਗਸਤ, 2019 ਨੂੰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਜਨਮ ਦਿਨ ’ਤੇ ਸ਼ੁਰੂ ਕੀਤੀ ਗਈ ਸੀ। ਸੂਬਾ ਸਰਕਾਰ ਨੇ ‘ਆਯੂਸ਼ਮਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ’ ਤਹਿਤ ਸੂਚੀਬੱਧ ਕੀਤੇ ਹਸਪਤਾਲਾਂ ਵਿਚ ਕੋਵਿਡ-19 ਦੇ ਇਲਾਜ ਲਈ ਦਰਾਂ ਵੀ ਤੈਅ ਕੀਤੀਆਂ ਗਈਆਂ।
ਮੁੱਖ ਮੰਤਰੀ ਨੇ ਦੱਸਿਆ ਕਿ ਇਸ ਬੀਮਾ ਸਕੀਮ ਤਹਿਤ ਲਾਭਪਾਤਰੀ ਦਿਲ ਦੇ ਅਪ੍ਰੇਸ਼ਨ, ਕੈਂਸਰ ਦੇ ਇਲਾਜ, ਜੋੜ ਬਦਲਾਉਣ ਅਤੇ ਐਕਸੀਡੈਂਟ ਦੇ ਕੇਸਾਂ ਵਰਗੇ ਵੱਡੇ ਅਪ੍ਰੇਸ਼ਨਾਂ ਦੇ ਇਲਾਜ ਸਮੇਤ 1396 ਬਿਮਾਰੀਆਂ ਲਈ 546 ਸੂਚੀਬੱਧ ਹਸਪਤਾਲਾਂ ਅਤੇ 208 ਸਰਕਾਰੀ ਹਸਪਤਾਲਾਂ ਵਿੱਚ ਪੰਜ ਲੱਖ ਰੁਪਏ ਤੱਕ ਦਾ ਇਲਾਜ ਕਰਵਾ ਸਕਦੇ ਹਨ। ਸਾਲ 2020-21 ਦੌਰਾਨ 8.70 ਲੱਖ ‘ਜੇ’ ਫਾਰਮ ਹੋਲਡਰ ਕਿਸਾਨਾਂ ਅਤੇ 80,000 ਗੰਨਾ ਉਤਪਾਦਕਾਂ ਨੂੰ ਸਿਹਤ ਬੀਮਾ ਯੋਜਨਾ ਦਾ ਲਾਭ ਮਿਲੇਗਾ।
ਮੰਡੀ ਬੋਰਡ ਵੱਲੋਂ ਕਿਸਾਨਾਂ ਦੇ ਬੀਮੇ ਦਾ ਸਮੁੱਚਾ ਪ੍ਰੀਮੀਅਮ ਅਦਾ ਕੀਤਾ ਜਾਵੇਗਾ। ‘ਜੇ’ ਫਾਰਮ ਅਤੇ ‘ਗੰਨਾ ਤੋਲ ਪਰਚੀ’ ਵਾਲੇ ਸਾਰੇ ਯੋਗ ਕਿਸਾਨਾਂ ਨੂੰ 24 ਜੁਲਾਈ ਤੱਕ ਘੋਸ਼ਣਾ ਪੱਤਰ ਲੋੜੀਂਦੇ ਦਸਤਾਵੇਜ਼ਾਂ ਸਮੇਤ ਸਬੰਧਤ ਮਾਰਕੀਟ ਕਮੇਟੀ ਦਫ਼ਤਰ ਜਾਂ ਆੜ੍ਹਤੀਏ ਕੋਲ ਜਮ੍ਹਾਂ ਕਰਵਾਉਣੇ ਹੋਣਗੇ।