ਮੋਗਾ ਵਿੱਚ ਸੁੱਖਾ ਗਿੱਲ ਲੰਮੇ ਦੀ ਦਹਿਸ਼ਤ; ਤਾਬੜਤੋੜ ਚਲਾਈਆਂ ਗੋਲੀਆਂ

ਮੋਗਾ : ਮੋਗਾ ਵਿਖੇ ਮੋਟਰਸਾਈਕਲ ਸਵਾਰਾਂ ਵੱਲੋਂ ਕਾਰੋਬਾਰੀ ਦੀ ਹੱਤਿਆ ਤੇ ਬੱਧਨੀ ਕਲਾਂ ਵਿਖੇ ਕੀਤੀ ਗਈ ਗੋਲਾਬਾਰੀ ਨੇ ਪੁਲੀਸ ਦੀ ਚੈਕਿੰਗ ਉੱਤੇ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ। ਇਥੇ ਥਾਣਾ ਬੱਧਨੀ ਕਲਾਂ ਅਧੀਨ ਪਿੰਡ ਬੁੱਟਰ ਕਲਾਂ- ਰਣੀਆਂ ਲਿੰਕ ਰੋਡ ਉੱਤੇ ਬੀਤੀ ਸ਼ਾਮ ਨੂੰ ਟਰੈਕਟਰ ਚਾਲਕ ਉੱਤੇ ਗੋਲੀਬਾਰੀ ਦੇ ਦੋਸ਼ ਹੇਠ ਫ਼ਰਾਰ ਗੈਂਗਸਟਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਇੰਸਪੈਕਟਰ ਜਗਤਾਰ ਸਿੰਘ ਨੇ ਦੱਸਿਆ ਕਿ ਅਮਨਦੀਪ ਸਿੰਘ ਉਰਫ਼ ਬਦਰਾ ਪਿੰਡ ਬੁੱਟਰ ਕਲਾਂ ਦੇ ਬਿਆਨ ਉੱਤੇ ਫ਼ਰਾਰ ਗੈਂਗਸਟਰ ਨਵਦੀਪ ਸਿੰਘ ਉਰਫ਼ ਨਵੀ ਉਰਫ਼ ਜੌਨ ਪਿੰਡ ਬੁੱਟਰ ਕਲਾਂ, ਸੁਖਪ੍ਰੀਤ ਸਿੰਘ ਉਰਫ਼ ਸੁੱਖਾ ਗਿੱਲ ਲੰਮੇ ਜੱਟਪੁਰਾ (ਲੁਧਿਆਣਾ) ਅਤੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਦੀ ਪਿੰਡ ਦੇ ਸਾਬਕਾ ਸਰਪੰਚ ਨਾਲ ਪੁਰਾਣੀ ਰੰਜਿਸ਼ ਕਰਕੇ ਇਹ ਵਾਰਦਾਤ ਕੀਤੀ। ਸੁਖਪ੍ਰੀਤ ਸਿੰਘ ਉਰਫ਼ ਸੁੱਖਾ ਗਿੱਲ ਲੰਮੇ ਜੱਟਪੁਰਾ ਨੇ 5 ਦਿਨ ਪਹਿਲਾਂ ਮੋਗਾ ’ਚ ਕਾਰੋਬਾਰੀ ਦੇ ਹੱਤਿਆ ਦੀ ਜ਼ਿੰਮੇਵਾਰੀ ਲਈ ਸੀ। ਪੁਲੀਸ ਮੁਤਾਬਕ ਪਿੰਡ ਬੁੱਟਰ ਕਲਾਂ ਵਿਖੇ ਸਾਂਝੇ ਥਾਂ ਉੱਤੇ ਨੌਜਵਾਨ ਮਿੱਟੀ ਦੀ ਭਰਤੀ ਪਾ ਰਹੇ ਸਨ। ਇਸ ਦੌਰਾਨ ਹਰਸਿਮਰਨ ਸਿੰਘ ਉਰਫ਼ ਹਨੀ ਪਿੰਡ ਬੁੱਟਰ ਕਲਾਂ ਤੇ ਇੱਕ ਹੋਰ ਨੌਜਵਾਨ ਅਮਨਦੀਪ ਸਿੰਘ ਉਰਫ਼ ਬੱਤਰਾ ਟਰੈਕਟਰ ਟਰਾਲੀ ਵਿੱਚ ਮਿੱਟੀ ਭਰਕੇ ਲਿਆ ਰਹੇ ਸਨ। ਉਹ ਜਦੋਂ ਪਿੰਡ ਬੁੱਟਰ ਕਲਾਂ- ਰਣੀਆਂ ਲਿੰਕ ਰੋਡ ਉੱਤੇ ਆ ਰਹੇ ਸਨ ਤਾਂ ਮੋਟਰਸਾਈਕਲ ਉੱਤੇ ਹਥਿਆਰਬੰਦ ਨੌਜਵਾਨਾਂ ਨੇ ਟਰੈਕਟਰ ਚਾਲਕ ’ਤੇ ਗੋਲੀ ਚਲਾਈ ਪਰ ਉਹ ਬਚ ਗਿਆ। ਹਮਲਾਵਰਾਂ ਨੇ ਟਰੈਕਟਰ ਅੱਗੇ ਮੋਟਰਸਾਈਕਲ ਕਰਕੇ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਪੁਲੀਸ ਮੁਤਾਬਕ ਟਰੈਕਟਰ ਚਾਲਕ ਹਰਸਿਮਰਨ ਸਿੰਘ ਨੇ ਆਪਣਾ ਟਰੈਕਟਰ ਬਾਈਕ ਉੱਤੇ ਚੜ੍ਹਾ ਦਿੱਤਾ ਤੇ ਹਮਲਾਵਰਾਂ ਦਾ ਮੋਟਰਸਾਈਕਲ ਟੁੱਟ ਗਿਆ। ਉਹ ਬਾਈਕ ਉਥੇ ਹੀ ਛੱਡਕੇ ਅਤੇ ਅੱਗੇ ਨਿਰਮਲ ਸਿੰਘ ਪਿੰਡ ਬੁੱਟਰ ਕਲਾਂ ਦਾ ਮੋਟਰਸਾਈਕਲ ਖੋਹ ਕੇ ਫ਼ਰਾਰ ਹੋ ਗਏ। ਟਰੈਕਟਰ ਚਾਲਕ ਦੀ ਲੱਤ ਵਿੱਚ ਗੋਲੀ ਲੱਗੀ ਹੈ।

Leave a Reply

Your email address will not be published. Required fields are marked *