ਏਜੰਟ ਨੇ 7 ਲੱਖ ਲੈ ਕੇ ਪਾਸਪੋਰਟ ’ਤੇ ਲਗਾ ਦਿੱਤਾ ਕੈਨੇਡਾ ਦਾ ਨਕਲੀ ਵੀਜ਼ਾ

ਲੁਧਿਆਣਾ: ਥਾਣਾ ਸਲੇਮ ਟਾਬਰੀ ਦੀ ਪੁਲਸ ਨੇ ਬੀਤੀ ਰਾਮ ਕੈਨੇਡਾ ਦਾ ਜਾਅਲੀ ਵੀਜ਼ਾ ਲਾ ਕੇ ਸਾਜ਼ਿਸ਼ ਦੇ ਤਹਿਤ ਧੋਖਾਦੇਹੀ ਕਰਨ ਦੇ ਦੋਸ਼ ਵਿਚ 5 ਵਿਅਕਤੀਆਂ ਖ਼ਿਲਾਫ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਗਗਨਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਨਿਊ ਅਸ਼ੋਕ ਨਗਰ, ਸਲੇਮ ਟਾਬਰੀ ਦੇ ਰਹਿਣ ਵਾਲੇ ਵਿਕਾਸ ਵਰਮਾ ਪੁੱਤਰ ਪ੍ਰੇਮ ਨਾਥ ਨੇ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਇਕ ਅਗਸਤ ਨੂੰ ਉਹ ਧਰਮਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਮਨਜੀਤ ਨਗਰ ਨੂੰ ਮਿਲਿਆ ਅਤੇ ਆਪਣੇ ਭਾਣਜੇ ਪਿਯੂਸ਼ ਰਾਜਪੂਤ ਪੁੱਤਰ ਵਿਜੇ ਕੁਮਾਰ ਨੂੰ ਕੈਨੇਡਾ ਭੇਜਣ ਲਈ ਗੱਲ ਕੀਤੀ, ਜਿਸ ਤੋਂ ਬਾਅਦ ਧਰਮਿੰਦਰ ਸਿੰਘ ਨੇ ਆਪਣੇ ਭਰਾ ਬਲਵੀਰ ਸਿੰਘ ਨੂੰ ਉਨ੍ਹਾਂ ਨਾਲ ਮਿਲਾਇਆ ਅਤੇ ਉਸੇ ਸਮੇਂ ਬਲਵੀਰ ਸਿੰਘ ਨੂੰ 25 ਹਜ਼ਾਰ ਦੀ ਰਕਮ ਦਿੱਤੀ।

ਉਕਤ ਨੇ ਦੱਸਿਆ ਕਿ ਕੁਝ ਹੀ ਦਿਨਾਂ ਵਿਚ ਬਲਵੀਰ ਸਿੰਘ ਨੇ ਉਨ੍ਹਾਂ ਤੋਂ 7 ਲੱਖ ਦੀ ਰਕਮ ਹੋਰ ਲੈ ਲਈ ਅਤੇ ਇਸ ਦੌਰਾਨ 22 ਅਗਸਤ ਨੂੰ ਬਲਵੀਰ ਸਿੰਘ, ਧਰਮਿੰਦਰ ਸਿੰਘ, ਰਾਹੁਲ ਮਲਹੋਤਰਾ ਅਤੇ ਦੋ ਹੋਰਨਾਂ ਨੇ ਉਸ ਨੂੰ ਉਸ ਦੇ ਭਾਣਜੇ ਦਾ ਪਾਸਪੋਰਟ ਵਾਪਸ ਕੀਤਾ, ਜਿਸ ’ਤੇ ਕੈਨੇਡਾ ਦਾ ਵੀਜ਼ਾ ਲੱਗਾ ਹੋਇਆ ਸੀ। ਬਾਅਦ ਵਿਚ ਜਦੋਂ ਉਨ੍ਹਾਂ ਨੇ ਪਾਸਪੋਰਟ ਦੀ ਜਾਂਚ ਕਰਵਾਈ ਤਾਂ ਪਤਾ ਲੱਗਾ ਕਿ ਕੈਨੇਡਾ ਦਾ ਇਹ ਵੀਜ਼ਾ ਨਕਲੀ ਹੈ। ਉਕਤ ਸਾਰੇ ਵਿਅਕਤੀਆਂ ਨੇ ਆਪਣੀ ਪ੍ਰਿੰਟਿੰਗ ਪ੍ਰੈੱਸ ਤੋਂ ਜਾਅਲੀ ਵੀਜ਼ਾ ਤਿਆਰ ਕਰਕੇ ਉਨ੍ਹਾਂ ਦੇ ਨਾਲ ਸਾਜ਼ਿਸ਼ ਦੇ ਤਹਿਤ ਧੋਖਾਦੇਹੀ ਕੀਤੀ ਹੈ। ਪੁਲਸ ਨੇ ਇਸ ਕੇਸ ਵਿਚ ਕਾਰਵਾਈ ਕਰਦਿਆਂ ਤੁਰੰਤ ਸਾਰੇ ਮੁਲਜ਼ਮਾਂ ਖ਼ਿਲਾਫ ਕੇਸ ਦਰਜ ਕਰ ਲਿਆ ਹੈ ਅਤੇ ਮੁਲਜ਼ਮ ਧਰਮਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬਾਕੀ ਮੁਲਜ਼ਮ ਫਿਲਹਾਲ ਫਰਾਰ ਹਨ।

Leave a Reply

Your email address will not be published. Required fields are marked *