ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਹੀਂ ਮਿਲਿਆ ਪ੍ਰੋਡਕਸ਼ਨ ਵਾਰੰਟ

ਜਲੰਧਰ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਬਠਿੰਡਾ ਲੈਣ ਗਈ ਜਲੰਧਰ ਦੀ ਪੁਲਸ ਖਾਲੀ ਹੱਥ ਹੀ ਵਾਪਸ ਪਰਤ ਰਹੀ ਹੈ। ਜਲੰਧਰ ਪੁਲਸ ਨੇ ਬਠਿੰਡਾ ਕੋਰਟ ’ਚ ਬਿਸ਼ਨੋਈ ਪ੍ਰੋਡਕਸ਼ਨ ਵਾਰੰਟ ਦੀ ਇਜਾਜ਼ਤ ਮੰਗੀ ਪਰ ਕੋਰਟ ਨੇ ਸਾਫ਼ ਮਨ੍ਹਾ ਕਰ ਦਿੱਤਾ। ਹਾਲਾਂਕਿ ਬਿਸ਼ਨੋਈ ਦੇ ਆਉਣ ਤੋਂ ਪਹਿਲਾਂ ਹੀ ਜਲੰਧਰ ਪੁਲਸ ਨੇ ਕੋਰਟ ਕੰਪਲੈਕਸ ’ਚ ਸੁਰੱਖਿਆ ਨੂੰ ਲੈ ਕੇ ਸਾਰੇ ਇੰਤਜ਼ਾਮ ਕਰ ਲਏ ਸਨ। ਏ. ਡੀ.  ਸੀ. ਪੀ. ਇਨਵੈਸਟੀਗੇਸ਼ਨ ਕੰਵਲਜੀਤ ਸਿੰਘ ਚਾਹਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਬਿਸ਼ਨੋਈ ਤੋਂ ਬਠਿੰਡਾ ’ਚ ਹੀ ਪੁੱਛਗਿੱਛ ਕਰ ਲਈ ਗਈ ਅਤੇ ਉਹ ਆਪਣੀ ਫੋਰਸ ਦੇ ਨਾਲ ਜਲੰਧਰ ਲਈ ਨਿਕਲ ਗਏ ਹਨ। ਉਥੇ ਹੀ ਬਠਿੰਡਾ ’ਚ ਲਾਰੈਂਸ ਬਿਸ਼ਨੋਈ ਨੂੰ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ ਉਥੋਂ ਹੀ 14 ਦਿਨਾਂ ਲਈ ਬਠਿੰਡਾ ਦੀ ਜੇਲ੍ਹ ’ਚ ਭੇਜ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ’ਚ ਨਾਮਜ਼ਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਜਲੰਧਰ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ’ਚ ਪੇਸ਼ ਕੀਤਾ ਜਾਣਾ ਸੀ। ਲਾਰੈਂਸ ਨੂੰ ਟ੍ਰਾਂਜ਼ਿਟ ਰਿਮਾਂਡ ’ਤੇ ਲਿਆ ਕੇ ਕਤਲ ਨਾਲ ਜੁੜੇ ਇਕ ਪੁਰਾਣੇ ਮਾਮਲੇ ’ਚ ਰਿਮਾਂਡ ਲਿਆ ਜਾਣਾ ਸੀ ਪਰ ਬਠਿੰਡਾ ਦੀ ਅਦਾਲਤ ’ਚ ਪੇਸ਼ ਕਰਨ ਦੌਰਾਨ ਜਲੰਧਰ ਦੀ ਪੁਲਸ ਨੂੰ ਪ੍ਰੋਡਕਸ਼ਨ ਵਾਰੰਟ ਨਹੀਂ ਮਿਲ ਸਕਿਆ ਅਤੇ ਬਠਿੰਡਾ ਤੋਂ ਹੀ ਉਸ ਨੂੰ 14 ਦਿਨਾਂ ਲਈ ਜੇਲ੍ਹ ਭੇਜ ਦਿੱਤਾ।

ਵਕੀਲ ਨੇ ਫੇਕ ਐਨਕਾਊਂਟਰ ਹੋਣ ਦਾ ਖ਼ਦਸ਼ਾ ਕੀਤਾ ਹੈ ਜ਼ਾਹਰ 

ਜ਼ਿਕਰਯੋਗ ਹੈ ਕਿ ਲਾਰੈਂਸ ਬਿਸ਼ੋਨਈ ਦੇ ਵਕੀਲ ਵਿਸ਼ਾਲ ਚੋਪੜਾ ਨੇ ਬੀਤੇ ਦਿਨ ਇਕ ਵਾਰ ਫਿਰ ਲਾਰੈਂਸ ਦੇ ਕਤਲ ਦਾ ਖ਼ਦਸ਼ਾ ਜ਼ਾਹਰ ਕੀਤਾ ਹੈ। ਲਾਰੈਂਸ ਦੇ ਵਕੀਲ ਨੇ ਪੰਜਾਬ ਪੁਲਸ ’ਤੇ ਵੱਡੇ ਦੋਸ਼ ਲਗਾਉਂਦੇ ਹੋਏ ਆਖਿਆ ਹੈ ਕਿ ਲਾਰੈਂਸ ਪਿਛਲੀ 13 ਜੂਨ ਤੋਂ ਪੰਜਾਬ ਪੁਲਸ ਦੀ ਕਸਟਡੀ ਵਿਚ ਹੈ ਅਤੇ ਪਿਛਲੇ 12 ਦਿਨ ਤੋਂ ਉਸ ਨੂੰ ਬਠਿੰਡਾ ਦੇ ਇਕ ਝੂਠੇ ਮਾਮਲੇ ਵਿਚ ਰਿਮਾਂਡ ’ਤੇ ਲਿਆ ਗਿਆ ਹੈ। ਵਕੀਲ ਵਿਸ਼ਾਲ ਚੋਪੜਾ ਨੇ ਕਿਹਾ ਸੀ ਕਿ ਉਨ੍ਹਾਂ ਕੋਲ ਇਕ ਮਜ਼ਬੂਤ ਖ਼ਬਰ ਹੈ ਕਿ ਸ਼ਨੀਵਾਰ ਜਦੋਂ ਪੰਜਾਬ ਪੁਲਸ ਲਾਰੈਂਸ ਦਾ ਰਿਮਾਂਡ ਖ਼ਤਮ ਹੋਣ ’ਤੇ ਉਸ ਨੂੰ ਅਦਾਲਤ ਵਿਚ ਪੇਸ਼ ਕਰੇਗੀ ਤਾਂ ਲਾਰੈਂਸ ਨਾਲ ਕੋਈ ਅਣਹੋਣੀ ਵਾਪਰ ਸਕਦੀ ਹੈ। ਵਿਸ਼ਾਲ ਚੋਪੜਾ ਨੇ ਕਿਹਾ ਕਿ ਪੰਜਾਬ ਪੁਲਸ ਇਕ ਸਾਜ਼ਿਸ਼ ਦੇ ਤਹਿਤ ਆਪਣੇ ਹੀ ਆਦਮੀਆਂ ਨੂੰ ਤਿਆਰ ਕਰਕੇ ਉਥੇ ਕੁਝ ਏਜੰਸੀਆਂ ਰਾਹੀਂ ਇਹ ਵਿਖਾਉਣ ਦੀ ਕੋਸ਼ਿਸ਼ ਕਰੇਗੀ ਕਿ ਲਾਰੈਂਸ ਨੇ ਪੁਲਸ ਸੁਰੱਖਿਆ ਵਿਚ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਤਹਿਤ ਉਸ ਦਾ ਝੂਠਾ ਐਨਕਾਊਂਟਰ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *