ਭਾਜਪਾ ਨੇ ਬੁਲਾਈ ਜਨਤਾ ਦੀ ਵਿਧਾਨ ਸਭਾ, ਵੱਖ-ਵੱਖ ਮੁੱਦਿਆਂ ਨੂੰ ਲੈ ਕੇ ‘ਆਪ’ ’ਤੇ ਵਿੰਨ੍ਹੇ ਨਿਸ਼ਾਨੇ

ਚੰਡੀਗੜ੍ਹ: ਇਕ ਪਾਸੇ ਜਿਥੇ ਅੱਜ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੀ ਕਾਰਵਾਈ ਚੱਲ ਰਹੀ ਹੈ, ਉਥੇ ਹੀ ਦੂਜੇ ਪਾਸੇ ਪੰਜਾਬ ਭਾਜਪਾ ਵੱਲੋਂ ਵੱਖਰੀ ਜਨਤਾ ਦੀ ਵਿਧਾਨ ਸਭਾ ਬੁਲਾਈ ਗਈ ਹੈ। ਜਨਤਾ ਦੀ ਇਸ ਵਿਧਾਨ ਸਭਾ ’ਚ ਭਾਜਪਾ ਨੇ ਵਿਧਾਨ ਸਭਾ ਵਾਂਗ ਸਪੀਕਰ ਅਤੇ ਵਿਰੋਧੀ ਧਿਰ ਦਾ ਲੀਡਰ ਵੀ ਬਣਾਇਆ ਹੋਇਆ ਹੈ। ਭਾਜਪਾ ਦੀ ਇਸ ਸਭਾ ’ਚ ਆਗੂਆਂ ਵਲੋਂ ਪੰਜਾਬ ਦੇ ਵੱਖ-ਵੱਖ ਮੁੱਦਿਆਂ ਦੀ ਚਰਚਾ ਕੀਤੀ ਗਈ। ਇਸ ਮੌਕੇ ਵੱਖ-ਵੱਖ ਭਾਜਪਾ ਆਗੂਆਂ ਨੇ ਆਪ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖੇ ਨਿਸ਼ਾਨੇ ਵਿੰਨ੍ਹੇ।

ਇਸ ਜਨ ਸਭਾ ਵਿੱਚ ਸਾਬਕਾ ਸੰਸਦ ਮੈਂਬਰ ਸੁਨੀਲ ਜਾਖੜ ਨੇ ਭਗਵੰਤ ਮਾਨ ਸਰਕਾਰ ’ਤੇ ਸ਼ਬਦੀ ਹਮਲਾ ਕਰਦੇ ਹੋਏ ਭ੍ਰਿਸ਼ਟਾਚਾਰ ਦਾ ਮੁੱਦਾ ਉਠਾਇਆ।  ਵੱਖ-ਵੱਖ ਭਾਜਪਾ ਆਗੂਆਂ ਨੇ ਇਸ ਮੌਕੇ ਬੋਲਦੇ ਹੋਏ ਆਮ ਆਦਮੀ ਪਾਰਟੀ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕੀਤਾ। ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਵਿਗੜ ਚੁੱਕੀ ਹੈ। ਪੰਜਾਬ ਦੀ ਮੌਜੂਦਾ ਸਰਕਾਰ ਨੇ ਆਪਣੀ ਨਾਕਾਮੀ ਨੂੰ ਛੁਪਾਉਣ ਲਈ ਅਪਰੇਸ਼ਨ ਲੋਟਸ ਵਰਗੇ ਬਹਾਨੇ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਬਹੁਤ ਸਾਰੇ ਕਿਸਾਨ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਖ਼ੁਦਕੁਸ਼ੀਆਂ ਕਰ ਰਹੇ ਹਨ, ਜਿਸ ਦੇ ਬਾਵਜੂਦ ਇਸ ਸਰਕਾਰ ਨੇ ਸੂਬੇ ਨੂੰ ਕਰਜ਼ੇ ਤੋਂ ਮੁਕਤ ਕਰਵਾਉਣ ਦੀ ਕੋਈ ਯੋਜਨਾ ਨਹੀਂ ਬਣਾਈ।

ਭਾਜਪਾ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ੇ ’ਚ ਪੈ ਗਈ ਹੈ। ਨੌਜਵਾਨਾਂ ਦੇ ਨਾਲ-ਨਾਲ ਅੱਜ ਕੁੜੀਆਂ ਵੀ ਨਸ਼ੇ ਦਾ ਸੇਵਨ ਕਰ ਰਹੀਆਂ ਹਨ, ਜਿਨ੍ਹਾਂ ਦੀਆਂ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ‘ਆਪ’ ਸਰਕਾਰ ਨੇ ਜਿੱਤ ਹਾਸਲ ਕਰਨ ਲਈ ਪੰਜਾਬ ’ਚੋਂ ਨਸ਼ਾ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ, ਜੋ ਅੱਜ ਤੱਕ ਪੂਰਾ ਨਹੀਂ ਕੀਤਾ। ਅੱਜ ਦੇ ਸਮੇਂ ’ਚ ਪੰਜਾਬ ਦੇ ਹਰੇਕ ਕੋਨੇ-ਕੋਨੇ ’ਚ ਨਸ਼ਾ ਸ਼ਰੇਆਮ ਵਿੱਕ ਰਿਹਾ ਹੈ, ਜਿਸ ਕਾਰਨ ਕਈ ਮਾਵਾਂ ਦੇ ਪੁੱਤ ਅਤੇ ਕਈ ਘਰ ਤਬਾਹ ਹੋ ਰਹੇ ਹਨ।

ਭਾਜਪਾ ਆਗੂਆਂ ਨੇ ਕਿਹਾ ਕਿ ਜਦੋਂ ਅਸੀਂ ਪੰਜਾਬ ’ਚ ਪਹਿਲਾਂ ਆਉਂਦੇ ਸੀ, ਉਦੋਂ ਹਰੇਕ ਮੋੜ ’ਤੇ ਲੰਗਰ ਅਤੇ ਛਬੀਲਾਂ ਦੇ ਲੰਗਰ ਲੱਗਦੇ ਸਨ ਪਰ ਅੱਜ ਸਮਾਂ ਬਦਲ ਚੁੱਕਾ ਹੈ। ਅੱਜ ਪੰਜਾਬ ਦੇ ਹਰੇਕ ਕੋਨੇ, ਮੋੜ, ਇਲਾਕੇ ਅਤੇ ਚੌਂਕਾਂ ’ਚ ਧਰਨੇ ਪ੍ਰਦਰਸ਼ਨ ਵੇਖਣ ਨੂੰ ਮਿਲ ਰਹੇ ਹਨ। ਲੋਕ ਆਪਣੀਆਂ ਮੰਗਾਂ ਨੂੰ ਪੂਰੀਆ ਕਰਨ ਲਈ ਧਰਨਾ ਲੱਗਾ ਕੇ ਬੈਠੇ ਹੋਏ  ਹਨ। ‘ਆਪ’ ਸਰਕਾਰ ਨੇ ਸੱਤਾ ’ਚ ਆਉਣ ਤੋਂ ਪਹਿਲਾਂ ਕਿਸਾਨਾਂ ਨੂੰ ਖ਼ਰਾਬ ਅਤੇ ਬਰਬਾਦ ਹੋਈਆਂ ਫ਼ਸਲਾਂ ਦਾ ਮੁਆਵਜ਼ਾਂ ਦੇਣ ਦਾ ਵਾਅਦਾ ਕੀਤਾ ਸੀ, ਜੋ ਹੁਣ ਤੱਕ ਨਹੀਂ ਮਿਲਿਆ। ਉਨ੍ਹਾਂ ਨੇ ਕਿਹਾ ਕਿ ਇਸ ਸਰਕਾਰ ਨੇ ਕਿਸਾਨਾਂ ਦੀ ਕੋਈ ਮਦਦ ਨਹੀਂ ਕੀਤੀ।

ਇਸ ਮੌਕੇ ਭਾਜਪਾ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਪਣੀ ਤੀਜੀ ਗਰੰਟੀ ’ਚ 18 ਸਾਲ ਤੋਂ ਉੱਪਰ ਦੀ ਹਰ ਮਹਿਲਾ ਨੂੰ ਹਰੇਕ ਮਹੀਨੇ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ। 1000 ਰੁਪਏ ਦੇਣ ਦਾ ਵਾਅਦਾ ਹੁਣ ਤੱਕ ਪੂਰਾ ਨਾ ਹੋਣ ’ਤੇ ਪੰਜਾਬ ਦੀਆਂ ਜਨਾਨੀਆਂ ’ਚ ਰੋਸ ਦੀ ਭਾਵਨਾ ਪਾਈ ਜਾ ਰਹੀ ਹੈ। ਕੈਪਟਨ ਅਮਰਿੰਦਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ‘ਚ ਕੋਈ ਸ਼ਾਸਨ ਨਹੀਂ ਹੈ। ਉਨ੍ਹਾਂ ਕਿਹਾ ਕਿ ਜਰਮਨੀ ‘ਚ ਜੋ ਵਾਪਰਿਆ, ਉਹ ਇਕ ਮੁੱਖ ਮੰਤਰੀ ਲਈ ਅਣਹੋਣੀ ਸੀ। ਉਨ੍ਹਾਂ ਕਿਹਾ ਕਿ ਇਹ ਰਾਘਵ ਚੱਢਾ ਹੀ ਹੈ, ਜੋ ਅਰਵਿੰਦ ਕੇਜਰੀਵਾਲ ਦੀ ਕਮਾਨ ਹੇਠ ਸ਼ੋਅ ਚਲਾ ਰਿਹਾ ਹੈ।ਇਸ ਮੌਕੇ ਸੁਨੀਲ ਜਾਖੜ, ਅਸ਼ਵਨੀ ਸ਼ਰਮਾ, ਕੈਪਟਨ ਅਮਰਿੰਦਰ ਸਿੰਘ, ਪਰਮਿੰਦਰ ਬਰਾੜ, ਮਨੋਰੰਜਨ ਕਾਲੀਆ ਸਣੇ ਕਈ ਆਗੂ ਮੌਜੂਦ ਸਨ।

Leave a Reply

Your email address will not be published. Required fields are marked *