ਬਾਗ਼ੀ ‘ਆਪ’ ਵਿਧਾਇਕਾਂ ਦੀ ਨਿੱਜੀ ਸੁਣਵਾਈ 31 ਨੂੰ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ 31 ਜੁਲਾਈ ਨੂੰ ਦੋ ‘ਆਪ’ ਵਿਧਾਇਕਾਂ ਨੂੰ ਨਿੱਜੀ ਸੁਣਵਾਈ ਲਈ ਸੱਦਿਆ ਗਿਆ ਹੈ ਜਦੋਂ ਕਿ ਪਾਰਟੀ ਨਾਲ ਸਬੰਧਤ ਦੋ ਹੋਰਨਾਂ ਵਿਧਾਇਕਾਂ ਤੋਂ 31 ਜੁਲਾਈ ਤੱਕ ਜਵਾਬ ਦਾਅਵਾ ਮੰਗਿਆ ਹੈ। ਉਂਜ ਹਾਲ ਦੀ ਘੜੀ ਚਾਰੋਂ ਵਿਧਾਇਕਾਂ ਦੇ ਕਾਨੂੰਨੀ ਦਾਅ ਪੇਚ ਵਿੱਚ ਉਲਝੇ ਹੋਣ ਕਰਕੇ ਫ਼ੌਰੀ ਕੋਈ ਵੱਡਾ ਫ਼ੈਸਲਾ ਆਉਣ ਦੀ ਸੰਭਾਵਨਾ ਨਹੀਂ ਹੈ। ਹਾਲਾਂਕਿ 31 ਜੁਲਾਈ ਨੂੰ ਨਿੱਜੀ ਸੁਣਵਾਈ ਸਿਆਸੀ ਕਨਸੋਆਂ ਜ਼ਰੂਰ ਛੱਡੇਗੀ।
ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਪਹਿਲਾਂ ਆਪਣਾ ਅਸਤੀਫ਼ਾ ਦੇ ਦਿੱਤਾ ਸੀ ਅਤੇ ਮਗਰੋਂ ਅਸਤੀਫ਼ਾ ਵਾਪਸ ਲੈ ਲਿਆ। ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਖ਼ਿਲਾਫ਼ ਦਰਖਾਸਤ ਦਿੱਤੀ ਗਈ ਸੀ ਕਿ ਖਹਿਰਾ ਖ਼ਿਲਾਫ਼ ਦਲ ਬਦਲੀ ਵਿਰੋਧੀ ਕਾਨੂੰਨ ਤਹਿਤ ਕਾਰਵਾਈ ਕੀਤੀ ਜਾਵੇ। ਵਿਧਾਨ ਸਭਾ ਦੇ ਸਪੀਕਰ ਵੱਲੋਂ ਨੋਟਿਸ ਜਾਰੀ ਹੋਣ ਮਗਰੋਂ ਖਹਿਰਾ ਨੇ ਨਿਯਮਾਂ ਦੀ ਕਾਪੀ ਮੰਗੀ ਸੀ। ਹਾਲੇ ਇਹ ਨਿਯਮ ਬਣਾਏ ਨਹੀਂ ਗਏ ਸਨ। ਮਗਰੋਂ ਵਿਧਾਨ ਸਭਾ ਸੈਸ਼ਨ ਵਿਚ ਇਹ ਨਿਯਮ ਬਣਾਏ ਗਏ। ਰੋਪੜ ਤੋਂ ‘ਆਪ’ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਵੀ ਅਸਤੀਫ਼ਾ ਦੇ ਦਿੱਤਾ ਸੀ, ਪਰ ਮਗਰੋਂ ਉਨ੍ਹਾਂ ਨੇ ਅਸਤੀਫ਼ਾ ਵਾਪਸ ਲੈ ਲਿਆ। ਖਹਿਰਾ ਤੇ ਸੰਦੋਆ ਖ਼ਿਲਾਫ਼ ਦਰਖਾਸਤਾਂ ਹੋਣ ਕਰਕੇ ਉਨ੍ਹਾਂ ਨੂੰ 31 ਜੁਲਾਈ ਨੂੰ ਨਿੱਜੀ ਸੁਣਵਾਈ ਲਈ ਸੱਦਿਆ ਗਿਆ ਹੈ। ਮਾਨਸਾ ਤੋਂ ‘ਆਪ’ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਜੋ ਕਾਂਗਰਸ ਵਿੱਚ ਸ਼ਾਮਲ ਹੋ ਚੁੱਕੇ ਹਨ, ਨੇ ਵੀ ਅਸਤੀਫ਼ਾ ਦੇ ਦਿੱਤਾ ਸੀ, ਪਰ ਸਪੀਕਰ ਨੇ ਫਰਵਰੀ ਵਿਚ ਅਸਤੀਫ਼ਾ ਰੱਦ ਕਰ ਦਿੱਤਾ। ਸਪੀਕਰ ਨੇ ਉਨ੍ਹਾਂ ਨੂੰ 31 ਜੁਲਾਈ ਤੱਕ ਜਵਾਬ ਦਾਅਵਾ ਦੇਣ ਲਈ ਆਖਿਆ ਹੈ। ਸੂਤਰਾਂ ਦੱਸਦੇ ਹਨ ਕਿ ਮਾਨਸ਼ਾਹੀਆ ਨੇ ਵੀ ਦਲ ਬਦਲੀ ਵਿਰੋਧੀ ਕਾਨੂੰਨ ਦੇ ਨਿਯਮ ਦੀ ਕਾਪੀ ਮੰਗੀ ਹੋਈ ਹੈ। ਜੈਤੋ ਤੋਂ ‘ਆਪ’ ਵਿਧਾਇਕ ਮਾਸਟਰ ਬਲਦੇਵ ਸਿੰਘ ਵੀ ਖਹਿਰਾ ਨਾਲ ਚਲੇ ਗਏ ਸਨ ਪ੍ਰੰਤੂ ਮਗਰੋਂ ਉਹ ਵਾਪਸ ‘ਆਪ’ ਵਿੱਚ ਪਰਤ ਆਏ। ਉਨ੍ਹਾਂ ਨੇ ਅਸਤੀਫ਼ਾ ਵੀ ਨਹੀਂ ਦਿੱਤਾ ਸੀ। ਉਨ੍ਹਾਂ ਤੋਂ ਵੀ ਜਵਾਬ ਦਾਅਵਾ ਮੰਗਿਆ ਗਿਆ ਹੈ।
ਨਿਯਮ ਅਮਲ ਅਧੀਨ: ਸਕੱਤਰ
ਪੰਜਾਬ ਵਿਧਾਨ ਸਭਾ ਦੀ ਸਕੱਤਰ ਸ਼ਸ਼ੀ ਲਖਣਪਾਲ ਮਿਸ਼ਰਾ ਨੇ ਕਿਹਾ ਕਿ 31 ਜੁਲਾਈ ਨੂੰ ਸੁਖਪਾਲ ਸਿੰਘ ਖਹਿਰਾ ਤੇ ਅਮਰਜੀਤ ਸਿੰਘ ਸੰਦੋਆ ਨੂੰ ਨਿੱਜੀ ਸੁਣਵਾਈ ਲਈ ਸੱਦਿਆ ਗਿਆ ਹੈ ਜਦੋਂ ਕਿ ਦੋ ਹੋਰਨਾਂ ਵਿਧਾਇਕਾਂ ਤੋਂ ਲਿਖਤੀ ਜਵਾਬ ਮੰਗਿਆ ਹੈ। ਉਨ੍ਹਾਂ ਕਿਹਾ ਕਿ ਦਲ ਬਦਲੀ ਵਿਰੋਧੀ ਕਾਨੂੰਨ ਦੇ ਨਿਯਮ ਵਿਧਾਨ ਸਭਾ ਵਿਚ ਬਣ ਗਏ ਹਨ ਅਤੇ ਅਗਲੇ ਅਮਲ ਅਧੀਨ ਹਨ।