ਹੁਣ ਦਵਿੰਦਰ ਬੰਬੀਹਾ ਗੈਂਗ ਨੇ ਕਬੱਡੀ ਖਿਡਾਰੀਆਂ ਤੇ ਪ੍ਰਮੋਟਰਾਂ ਨੂੰ ਦਿੱਤੀ ਧਮਕੀ, ਜਾਣੋ ਕੀ ਕਿਹਾ

ਬਠਿੰਡਾ : ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲੇ ਲਾਰੈਂਸ ਬਿਸ਼ਨੋਈ ਗੈਂਗ ਤੇ ਦਵਿੰਦਰ ਬੰਬੀਹਾ ਵਿਚਕਾਰ ਹੋਰ ਟਕਰਾਅ ਵਧਣ ਦੇ ਆਸਾਰ ਬਣਦੇ ਜਾ ਰਹੇ ਹਨ। ਹੁਣ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਨੇ ਕਬੱਡੀ ਖਿਡਾਰੀਆਂ ਤੇ ਪ੍ਰਮੋਟਰਾਂ ਨੂੰ ਧਮਕੀ ਦੇ ਦਿੱਤੀ। ਸੋਸ਼ਲ ਮੀਡੀਆ ਉੱਤੇ ਪਾਈ ਪੋਸਟ ਵਿੱਚ ਦਵਿੰਦਰ ਬੰਬੀਹਾ ਗਰੁੱਪ ਨੇ ਕਿਹਾ ਹੈ ਕਿ ਜਿਹੜਾ ਕਬੱਡੀ ਖਿਡਾਰੀ ਜੱਗੂ ਭਗਵਾਨਪੁਰੀਆ ਦੇ ਇਸ਼ਾਰੇ ‘ਤੇ ਖੇਡੇਗਾ ਉਹ ਆਪਣੀ ਮੌਤ ਲਈ ਖੁਦ ਜ਼ਿੰਮੇਵਾਰ ਹੋਵੇਗਾ। ਦਵਿੰਦਰ ਬੰਬੀਹਾ ਨਾਮ ਦੇ ਪੇਜ ‘ਤੇ ਪਾਈ ਪੋਸਟ ਵਿੱਚ ਲਿਖਿਆ ਹੈ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ, ਅੱਜ ਅਸੀਂ ਤੁਹਾਡੇ ਨਾਲ ਕੁਝ ਗੱਲਾਂ ਕਰਨ ਜਾ ਰਹੇ ਹਾਂ ਇਹ ਗੱਲਾਂ ਮਾਂ ਖੇਡ ਕਬੱਡੀ ਨੂੰ ਪਿਆਰ ਕਰਨ ਵਾਲੇ ਸਾਰੇ ਪ੍ਰਮੋਟਰ ਤੇ ਖਿਡਾਰੀਆਂ ਨੂੰ ਅਸੀਂ ਇਹ ਦੱਸਣ ਜਾ ਰਹੇ ਹਾਂ ਕਿ ਸਾਡਾ ਤੇ ਸਾਡੇ ਗਰੁੱਪ ਦਾ ਤੁਹਾਡੇ ਨਾਲ ਕੋਈ ਰੌਲਾ ਨਹੀਂ ਤੇ ਆ ਜੋ ਜੱਗੂ ਭਗਵਾਨਪੁਰੀਆ ਆਪਣੀ ਕਮਾਲ ਕਾਲੀ ਕਮਾਈ ਦਾ ਪੈਸਾ ਕਬੱਡੀ ਰਾਹੀਂ ਸਫੈਦ ਮਨੀ ਵਿਚ ਬਦਲ ਰਿਹਾ ਹੈ। ਇਸ ਕਰਕੇ ਸਾਡੀ ਕਬੱਡੀ ਖਿਡਾਰੀਆਂ ਨੂੂੰ ਇਹ ਲਾਸਟ ਬੇਨਤੀ ਆ ਕਿ ਕੋਈ ਵੀ ਖਿਡਾਰੀ ਨਾ ਤਾਂ ਉਹ ਇਨ੍ਹਾਂ ਦੇ ਕਹਿਣ ‘ਤੇ ਖੇਡੇ ਤੇ ਨਾ ਹੀ ਸਾਡੀ ਕਹਿਣ ‘ਤੇ। ਪੋਸਟ ਵਿੱਚ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਗਿਆ ਹੈ ਕਿ ਜਿੱਥੇ ਤੁਹਾਡਾ ਦਿਲ ਕਰਦਾ ਹੈ ਉੱਥੇ ਹੀ ਖੇਡੋ ਤੇ ਜੇ ਸਾਨੂੰ ਪਤਾ ਲੱਗ ਗਿਆ ਕਿ ਇਨ੍ਹਾਂ ਦੇ ਕਹਿਣ ‘ਤੇ ਕੋਈ ਖੇਡ ਰਿਹਾ ਹੈ ਤਾਂ ਉਹ ਆਪਣੀ ਮੌਤ ਦਾ ਆਪ ਜ਼ਿੰਮੇਵਾਰ ਹੋਵੇਗਾ। ਪੋਸਟ ਦੇ ਹੇਠਾਂ ਦਵਿੰਦਰ ਬੰਬੀਹਾ ਗਰੁੱਪ ਕੌਸ਼ਲ ਚੌਧਰੀ ਗਰੁੱਪ ਢਿੱਲੋਂ ਤਾਜਪੁਰੀ ਗਰੁੱਪ ਅਮਿਤ ਡਾਗਰ ਗਰੁੱਪ ਭੂਪੀ ਰਾਣਾ ਗਰੁੱਪ ਦੇ ਨਾਮ ਲਿਖੇ ਹੋਏ ਹਨ। ਭਾਵੇਂ ਲਾਰੈਂਸ ਬਿਸ਼ਨੋਈ ਗੈਂਗ ਤੇ ਦਵਿੰਦਰ ਬੰਬੀਹਾ ਗਰੁੱਪ ਵੱਲੋਂ ਇਕ ਦੂਜੇ ਨੂੰ ਸੋਸ਼ਲ ਮੀਡੀਆ ‘ਤੇ ਸ਼ਰ੍ਹੇਆਮ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਪਰ ਹੁਣ ਦਵਿੰਦਰ ਬੰਬੀਹਾ ਗਰੁੱਪ ਨੇ ਕਬੱਡੀ ਖਿਡਾਰੀਆਂ ਨੂੰ ਸਿੱਧੀ ਧਮਕੀ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪ੍ਰਸਿੱਧ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ 14 ਮਾਰਚ ਨੂੰ ਨਕੋਦਰ ਦੇ ਪਿੰਡ ਮੱਲ੍ਹੀਆਂ ਕਲਾਂ ਵਿੱਚ ਇਕ ਟੂਰਨਾਮੈਂਟ ਦੌਰਾਨ ਗੈਂਗਸਟਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।

Leave a Reply

Your email address will not be published. Required fields are marked *