ਕੈਂਸਰ ਦੇ ਨਵੇਂ ਜੀਨ ਦਾ ਲੱਗਾ ਪਤਾ, ਬਿਮਾਰੀ ਦੇ ਪ੍ਰਭਾਵਾਂ ਨੂੰ ਘਟਾਉਣ ਲਈ ਕੀਤਾ ਮਹੱਤਵਪੂਰਨ ਅਧਿਐਨ

ਮਿਲਾਨ: ਵਿਗਿਆਨੀਆਂ ਨੇ ਇਕ ਹਾਲੀਆ ਅਧਿਐਨ ’ਚ ਕੈਂਸਰ ਕਾਰਕ ਜੀਨ ਦੀ ਨਵੀਂ ਭੂਮਿਕਾ ਦਾ ਪਤਾ ਲਗਾਇਆ ਹੈ। ਇਹ ਅਨੁਵੰਸ਼ਿਕ ਪ੍ਰਕਿਰਿਆ ਦਾ ਕੰਟਰੋਲ ਕਰਦੇ ਹੋਏ ਪ੍ਰੋਸਟੇਟ ਕੈਂਸਰ ’ਚ ਅਨੁਵੰਸ਼ਿਕ ਭਿੰਨਤਾ ਨੂੰ ਘੱਟ ਕਰਦਾ ਹੈ। ਕੁਈਨ ਮੈਰੀ ਯੂਨੀਵਰਸਿਟੀ ਆਫ ਲੰਡਨ ਦੇ ਬਾਰਟਸ ਕੈਂਸਰ ਇੰਸਟੀਚਿਊਟ (ਬੀਸੀਆਈ), ਇਟਾਲੀਅਨ ਇੰਸਟੀਚਿਊਟ ਫਾਰ ਜੀਨੋਮਿਕ ਮੈਡੀਸਿਨ ਤੇ ਯੂਨੀਵਰਸਿਟੀ ਆਫ ਮਿਲਾਨ ਦੀ ਅਗਵਾਈ ’ਚ ਹੋਏ ਇਸ ਅਧਿਐਨ ਦਾ ਨਤੀਜਾ ਸੈੱਲ ਰਿਪੋਰਟਸ ਨਾਂ ਦੀ ਪੱਤਰਕਾ ’ਚ ਪ੍ਰਕਾਸ਼ਿਤ ਹੋਇਆ ਹੈ। ਇਸ ’ਚ ਦੱਸਿਆ ਗਿਆ ਹੈ ਕਿ ਐੱਫਓਐੱਕਸਏ1 ਜੀਨ ਕਿਸ ਤਰ੍ਹਾਂ ਪ੍ਰੋਸਟੇਟ ਕੈਂਸਰ ’ਚ ਜੈਨੇਟਿਕ ਵੇਰੀਐਂਟਸ ਦੇ ਉਤਪਾਦਨ ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਕਾਰਨ ਬਿਮਾਰੀ ਦਾ ਪ੍ਰਭਾਵ ਘੱਟ ਹੋ ਸਕਦਾ ਹੈ। ਇਸ ਨਾਲ ਜਿੱਥੇ ਮਰੀਜ਼ ਦੀ ਮੌਤ ਦੀ ਸ਼ੰਕਾ ਘੱਟ ਹੋਵੇਗੀ, ਉੱਥੇ ਨਵੀਂ ਦਵਾਈ ਦੇ ਵਿਕਾਸ ਦਾ ਰਾਹ ਵੀ ਪੱਧਰਾ ਹੋਵੇਗਾ। ਬਾਰਟਸ ਹੈਲਥ ਐੱਨਐੱਚਐੱਸ ਟਰੱਸਟ ’ਚ ਕੰਸਲਟੈਂਟ ਯੂਰੋਲਾਜਿਕਲ ਸਰਜਨ ਤੇ ਅਧਿਐਨ ਦੇ ਸਹਿ ਸੀਨੀਅਰ ਲੇਖਕ ਡਾ. ਪ੍ਰਭਾਕਰ ਰੰਜਨ ਮੁਤਾਬਕ, ‘ਪ੍ਰੋਸਟੇਟ ਕੈਂਸਰ ਮਰਦਾਂ ’ਚ ਹੋਣ ਵਾਲੀ ਆਮ ਬਿਮਾਰੀ ਹੈ। ਇਹ ਕੈਂਸਰ ਮਰਦਾਂ ਦੀ ਹੋਣ ਵਾਲੀ ਮੌਤ ਦੀ ਵੀ ਵੱਡੀ ਵਜ੍ਹਾ ਹੈ। ਪ੍ਰੋਸਟੇਟ ਕੈਂਸਰ ਅਨੁਵੰਸ਼ਿਕ ਬਨਾਵਟ ਦੇ ਮਾਮਲੇ ’ਚ ਕਾਫ਼ੀ ਬਦਲਾਅਕਾਰੀ ਹੈ, ਜਿਸ ਕਾਰਨ ਇਸ ਦੀ ਜਾਂਚ ਤੇ ਇਲਾਜ ਮੁਸ਼ਕਲ ਹੋ ਜਾਂਦਾ ਹੈ। ਸਾਰੇ ਮਰੀਜ਼ਾਂ ਦਾ ਇਲਾਜ ਇਕ ਤਰੀਕੇ ਨਾਲ ਨਹੀਂ ਕੀਤਾ ਜਾ ਸਕਦਾ। ਅਨੁਵੰਸ਼ਿਕ ਬਦਲਾਅ ਦੇ ਕਾਰਕਾਂ ਦਾ ਗਿਆਨ ਬਿਮਾਰੀ ਦੇ ਪ੍ਰਤੀ ਬਿਹਤਰ ਸਮਝ ਪੈਦਾ ਕਰਨ ਤੇ ਅਸਰਦਾਰ ਇਲਾਜ ਦੇ ਵਿਕਾਸ ’ਚ ਮਦਦਗਾਰ ਹੋ ਸਕਦਾ ਹੈ।’

Leave a Reply

Your email address will not be published. Required fields are marked *