ਪੁਲਿਸ ਕਸਟੱਡੀ ਤੋਂ ਕਿਵੇਂ ਫ਼ਰਾਰ ਹੋ ਗਿਆ ਦੀਪਕ ਟੀਨੂੰ? ਸਿੱਧੂ ਮੂਸੇਵਾਲਾ ਦੀ ਮਾਂ ਨੇ ਸਰਕਾਰ ’ਤੇ ਚੁੱਕੇ ਸਵਾਲ

ਮਾਨਸਾ : ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ (Sidhu Moose Wala Murder Case) ‘ਚ ਫੜੇ ਸ਼ਾਰਪ ਸ਼ੂਟਰ ਦੀਪਕ ਟੀਨੂੰ ਦੇ ਫ਼ਰਾਰ ਹੋਣ ਦੇ ਮਾਮਲੇ ’ਚ ਸਿੱਧੂ ਦੀ ਮਾਤਾ ਚਰਨ ਕੌਰ ਨੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ’ਚ ਸੁਰੱਖਿਆ ਨਾਂ ਦੀ ਕੋਈ ਚੀਜ਼ ਨਹੀਂ ਰਹੀ। ਪੰਜਾਬ ਸਰਕਾਰ ਨੇ ਸਿੱਧੂ ਮੂਸੇਵਾਲਾ ਮਾਮਲੇ ‘ਚ ਕੋਈ ਕਾਰਗੁਜ਼ਾਰੀ ਨਹੀਂ ਕੀਤੀ ਹੈ। ਹਰੇਕ ਜ਼ਿਲ੍ਹੇ ’ਚ ਕੈਂਡਲ ਮਾਰਚ ਕੱਢਿਆ ਜਾਵੇਗਾ।

ਮਰਹੂਮ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਇਹ ਸ਼ਬਦ ਐਤਵਾਰ ਨੂੰ ਦੁੱਖ ਸਾਂਝਾ ਕਰਨ ਆਏ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦਿਆਂ ਕਹੇ। ਪੁਲਿਸ ਸਿੱਧੂ ਦਾ ਕੇਸ ਦਬਾਉਣਾ ਚਾਹੁੰਦੀ ਹੈ, ਪਰ ਉਹ ਇਸ ਤਰ੍ਹਾਂ ਨਹੀਂ ਹੋਣ ਦੇਣਗੇ। ਉਹ ਇਨਸਾਫ਼ ਲਈ ਜਾਨ ਲਗਾ ਦੇਣਗੇ। ਉਨ੍ਹਾਂ ਕਿਹਾ ਕਿ ਇੰਨਾ ਮਨ ਦੁਖੀ ਹੈ ਕਿ ਕਿਸ ਤਰ੍ਹਾਂ ਦੇ ਸਮਾਜ ਵਿਚ ਰਹਿ ਰਹੇ ਹਾਂ, ਜਿੱਥੇ ਕੋਈ ਸੁਰੱਖਿਅਤ ਨਹੀਂ ਤੇ ਕਿਸੇ ਦੀ ਵੁੱਕਤ ਨਹੀਂ। ਸਾਨੂੰ ਪਤਾ ਕਿ ਸਾਡਾ ਘਰ ਉਜੜਿਆ, ਕੱਲ੍ਹ ਕਿਸੇ ਹੋਰ ਦਾ ਉਜੜੂ। ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ। ਗੈਂਗਸਟਰ ਵਧੀਆ ਬ੍ਰਾਂਡੇਡ ਟੀ-ਸ਼ਰਟਾਂ ਪਾਉਂਦੇ ਹਨ ਤੇ ਉਨ੍ਹਾਂ ਸਵਾਲ ਚੁੱਕਿਆ ਕਿ ਲਾਰੈਂਸ ਦੇ ਮੱਥੇ ’ਤੇ ਤਿਲਕ ਲੱਗਿਆ ਹੋਇਆ…ਪੂਜਾ ਕਰ ਕੇ ਆਉਂਦੇ ਹਨ। ਇਨ੍ਹਾਂ ਗੈਂਗਸਟਰਾਂ ਨੂੰ ਸਹੂਲਤਾਂ ਸਾਰੀਆਂ ਜੇਲ੍ਹਾਂ ’ਚ ਮਿਲ ਰਹੀਆਂ ਹਨ। ਚੰਗੇ ਬੈੱਡ ਮਿਲਦੇ ਹਨ…ਫ਼ਿਰ ਬੱਚੇ ਕਿਉਂ ਕਰਨਗੇ ਕੰਮ।

ਉਨ੍ਹਾਂ ਕਿਹਾ ਕਿ ਬਦਲਾਅ ਦੇ ਨਾਂ ’ਤੇ ਸੱਤਾ ‘ਚ ਆਈ ਸਰਕਾਰ ਬਿਲਕੁਲ ਨਿਕੰਮੀ ਸਰਕਾਰ ਹੈ। ਸ਼ੁਭਦੀਪ ਦੇ ਜਾਣ ਵਾਲੇ ਦਿਨ ਵੀ ਇਹੀ ਕਿਹਾ ਸੀ ਤੇ ਅੱਜ ਵੀ ਇਹੀ ਆਖ ਰਹੀ ਹਾਂ। ਸੋਨੇ ਦੀ ਚਿੜੀ ਕਹਾਉਣ ਵਾਲਾ ਅਤੇ ਦੇਸ਼ ਭਰ ਦੇ ਲੋਕਾਂ ਦਾ ਢਿੱਡ ਭਰਨ ਪੰਜਾਬ ਕਿਹੜੀ ਦਲਦਲ ’ਚ ਫ਼ਸ ਗਿਆ ਹੈ ਤੇ ਪੰਜਾਬ ਵੱਲ ਧਿਆਨ ਕਿਉਂ ਨਹੀਂ ਦੇ ਰਹੀ ਸਰਕਾਰ? ਉਨ੍ਹਾਂ ਕਿਹਾ ਕਿ ਜੇ ਜਵਾਕ ਬਚਾਉਣੇ ਹਨ ਤਾਂ ਇਕਜੁੱਟ ਹੋ ਜਾਵੋ। ਉਨ੍ਹਾਂ ਕਿਹਾ ਕਿ ਸਾਡਾ ਬੱਚਾ ਗਿਆ ਤੇ ਰਾਤਾਂ ਨੂੰ ਦਿਲ ਰੋਂਦਾ। ਪ੍ਰਸ਼ਾਸਨ ਨੇ ਕੁੱਝ ਨਹੀਂ ਕਰਨਾ। ਸਰਕਾਰ ਨਿਕੰਮੀ ਹੈ ਤੇ ਮਨ ਬਹੁਤ ਦੁਖੀ ਹੈ। ਉਨ੍ਹਾਂ ਕਿਹਾ ਕਿ ਇਕ ਵ੍ਹਟਸਐਪ ਨੰਬਰ ਉਹ ਦੇਣਗੇ। ਜ਼ਿਲ੍ਹਿਆਂ ’ਚ ਕੈਂਡਲ ਮਾਰਚ ਕਰਨਗੇ ਤੇ ਜਿਹੜੇ ਵੀ ਕੈਂਡਲ ਮਾਰਚ ਕੱਢਣਾ ਚਾਹੁੰਦੇ ਹਨ। ਉਹ ਇਸ ਨੰਬਰ ’ਤੇ ਸੰਪਰਕ ਕਰਨ।

Leave a Reply

Your email address will not be published. Required fields are marked *