ਚਾਵਾਂ ਨਾਲ ਕੈਨੇਡਾ ਭੇਜੀ ਪਤਨੀ ਨੇ PR ਮਿਲਦਿਆਂ ਹੀ ਵਿਖਾਏ ਅਸਲ ਰੰਗ, ਪਰਿਵਾਰ ਨਾਲ ਹੋ ਗਈ ਜੱਗੋ ਤੇਰ੍ਹਵੀਂ

ਪਟਿਆਲਾ: ਸਟੱਡੀ ਵੀਜ਼ਾ ’ਤੇ ਕੈਨੇਡਾ ਗਈ ਪਤਨੀ ਪੀ. ਆਰ. ਹੋਣ ਤੋਂ ਬਾਅਦ ਆਪਣੇ ਪਤੀ ਨੂੰ ਨਾਲ ਲੈ ਕੇ ਜਾਣ ਤੋਂ ਮੁਕਰ ਗਈ ਹੈ, ਜਿਸ ਦੇ ਚੱਲਦਿਆਂ ਘਨੌਰ ਪੁਲਸ ਨੇ ਗੁਰਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਸਰਾਣਾ ਖੁਰਦ ਦੀ ਅਰਜ਼ੀ ’ਤੇ ਸੁਣਵਾਈ ਕਰਦਿਆਂ ਪੂਰੀ ਇਨਵੈਸਟੀਗੇਸ਼ਨ ਕਰਕੇ ਕੈਨੇਡਾ ਗਈ ਕੁੜੀ, ਉਸਦੇ ਮਾਪਿਆਂ ਸਮੇਤ ਚਾਰ ਲੋਕਾਂ ਖ਼ਿਲਾਫ 420, 120ਬੀ ਆਈ. ਪੀ. ਸੀ. ਦੀ ਧਾਰਾ ਤਹਿਤ ਧੋਖਾਧੜੀ ਦਾ ਕੇਸ ਦਰਜ ਕਰ ਦਿੱਤਾ ਹੈ। ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 15 ਦਸੰਬਰ 2018 ਨੂੰ ਆਪਣੇ ਪੁੱਤਰ ਗੁਰਪ੍ਰੀਤ ਸਿੰਘ ਦਾ ਵਿਆਹ ਅਕਵਿੰਦਰ ਕੌਰ ਨਾਲ ਕੀਤਾ ਸੀ। ਅਕਵਿੰਦਰ ਕੌਰ ਨੂੰ ਕੈਨੇਡਾ ਭੇਜਣ ਲਈ 16 ਲੱਖ ਰੁਪਏ ਉਨ੍ਹਾਂ ਦੇ ਪਰਿਵਾਰ ਵੱਲੋਂ ਲਾਏ ਗਏ ਸਨ।

ਇਸ ਤੋਂ ਬਿਨਾਂ ਹੋਰ ਪੈਸੇ ਵੀ ਜਾਣ ਸਮੇਂ ਦਿੱਤੇ ਗਏ ਸਨ ਪਰ ਕੈਨੇਡਾ ਜਾਣ ਤੋਂ ਕੁੱਝ ਸਮਾਂ ਬਾਅਦ ਅਕਵਿੰਦਰ ਕੌਰ ਨੇ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਅਤੇ ਬੇਟੇ ਗੁਰਪ੍ਰੀਤ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਇਸ ਪੂਰੀ ਘਟਨਾ ਨੂੰ ਲੈ ਕੇ ਉਨ੍ਹਾਂ ਨੇ ਐੱਸ. ਐੱਸ. ਪੀ. ਪਟਿਆਲਾ ਨੂੰ ਅਰਜ਼ੀ ਦਿੱਤੀ। ਉਨ੍ਹਾਂ ਨੇ ਦੋਵੇਂ ਧਿਰਾਂ ਦੀ ਮੀਟਿੰਗ ਬੁਲਾ ਕੇ ਪੰਚਾਇਤੀ ਰਾਜ਼ੀਨਾਮਾ ਕਰਵਾਇਆ, ਜਿਸ ਵਿਚ ਇਹ ਫੈਸਲਾ ਹੋਇਆ ਕਿ ਅਕਵਿੰਦਰ ਕੌਰ ਦੀ ਪੀ. ਆਰ. ਕਰਵਾ ਕੇ ਗੁਰਪ੍ਰੀਤ ਸਿੰਘ ਨੂੰ ਕੈਨੇਡਾ ਲੈ ਕੇ ਜਾਵੇਗੀ ਅਤੇ ਇਸਦਾ ਸਮਾਂ 28 ਫਰਵਰੀ 2022 ਤੈਅ ਕੀਤਾ ਗਿਆ।

ਇਸ ਤੋਂ ਬਾਅਦ ਅਕਵਿੰਦਰ ਕੌਰ ਆਪਣੀ ਪੀ. ਆਰ. ਕਰਵਾ ਗਈ ਤੇ ਉਸਨੇ ਗੁਰਪ੍ਰੀਤ ਸਿੰਘ ਨੂੰ ਨਾ ਤਾਂ ਬੁਲਾਇਆ ਅਤੇ ਨਾ ਹੀ ਕੋਈ ਹੋਰ ਗੱਲਬਾਤ ਕੀਤੀ। ਇਸ ਮੌਕੇ ਪੂਰੀ ਪੰਚਾਇਤ ਨੇ ਅਕਵਿੰਦਰ ਕੌਰ ਤੇ ਉਸਦੇ ਪਰਿਵਾਰ ਦੀ ਜ਼ਿੰਮੇਵਾਰੀ ਲਈ ਸੀ ਪਰ ਅਕਵਿੰਦਰ ਕੌਰ ਅਤੇ ਉਸ ਦਾ ਪਰਿਵਾਰ ਫਰਵਰੀ 2022 ਵਿਚ ਪੰਚਾਇਤੀ ਰਾਜ਼ੀਨਾਮੇ ਨੂੰ ਮੁਕਰ ਗਿਆ। ਇਸ ਤੋਂ ਬਾਅਦ ਡੀ. ਐੱਸ. ਪੀ. ਘਨੌਰ ਨੇ ਇਸ ਕੇਸ ਸਬੰਧੀ ਪੂਰੀ ਪੜਤਾਲ ਕੀਤੀ ਅਤੇ ਅਕਵਿੰਦਰ ਕੌਰ ਪੁੱਤਰੀ ਮਨਜੀਤ ਸਿੰਘ, ਅਮਰਜੀਤ ਕੌਰ ਪਤਨੀ ਮਨਜੀਤ ਸਿੰਘ ਪੁੱਤਰ ਗੁਰਬਚਨ ਸਿੰਘ ਅਤੇ ਗੁਰਮੀਤ ਸਿੰਘ ਪੁੱਤਰ ਉਜਾਗਰ ਸਿੰਘ ਚਾਰਾਂ ਖ਼ਿਲਾਫ ਧੋਖਾਧੜੀ ਦਾ ਕੇਸ ਦਰਜ ਕਰਨ ਦੀ ਸਿਫਾਰਿਸ਼ ਕੀਤੀ, ਜਿਸ ’ਤੇ ਘਨੌਰ ਪੁਲਸ ਨੇ ਇਨ੍ਹਾਂ ਚਾਰਾਂ ਖਿਲਾਫ ਧੋਖਾਧੜੀ ਦਾ ਕੇਸ ਦਰਜ ਕਰ ਕੇ ਅੱਗੇ ਤਫਤੀਸ਼ ਜਾਰੀ ਰੱਖੀ ਹੈ।

ਗੁਰਪ੍ਰੀਤ ਸਿੰਘ ਦੇ ਪਿਤਾ ਗੁਰਮੀਤ ਸਿੰਘ ਨੇ ਇਸ ਮੌਕੇ ਆਖਿਆ ਉਹ ਪਟਿਆਲਾ ਦੇ ਐੱਸ. ਐੱਸ. ਪੀ., ਡੀ. ਐੱਸ. ਪੀ. ਘਨੌਰ ਪੁਲਸ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਇਨਸਾਫ ਦਿੰਦਿਆਂ ਇਹ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਉਨ੍ਹਾਂ ਘਨੌਰ ਪੁਲਸ ਨੂੰ ਅਪੀਲ ਕੀਤੀ ਕਿ ਦੋਸ਼ੀ ਸ਼ਰੇਆਮ ਖੁੱਲ੍ਹੇ ਘੁੰਮ ਰਹੇ ਹਨ। ਇਸ ਲਈ ਉਨ੍ਹਾਂ ਨੂੰ ਹੁਣ ਗ੍ਰਿਫ਼ਤਾਰ ਕਰਕੇ ਸਲਾਖਾਂ ਪਿੱਛੇ ਕੀਤਾ ਜਾਵੇ ਤਾਂ ਜੋ ਅੱਗੇ ਤੋਂ ਕਿਸੇ ਵੀ ਪਰਿਵਾਰ ਦੀ ਜ਼ਿੰਦਗੀ ਖਰਾਬ ਨਾ ਹੋ ਸਕੇ।

Leave a Reply

Your email address will not be published. Required fields are marked *