ਖੇਤੀ ਆਰਡੀਨੈਂਸ: ਕਿਸਾਨ ਜਥੇਬੰਦੀਆਂ ਵੱਲੋਂ 13 ਜ਼ਿਲ੍ਹਿਆਂ ’ਚ 152 ਥਾਈਂ ਅਰਥੀ ਫੂਕ ਮੁਜ਼ਾਹਰੇ

ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ਹੇਠ ਅੱਜ ਵੱਡੀ ਗਿਣਤੀ ਕਿਸਾਨਾਂ ਤੇ ਔਰਤਾਂ ਵੱਲੋਂ ਲਗਾਤਾਰ ਚੌਥੇ ਦਿਨ ਸੂਬੇ ਦੇ 13 ਜ਼ਿਲ੍ਹਿਆਂ ਦੇ 152 ਪਿੰਡਾਂ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ।

ਜਥੇਬੰਦੀ ਦੇ ਕਾਰਜਕਾਰੀ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਅਤੇ ਜਨਰਲ ਸਕੱਤਰ ਹਰਿੰਦਰ ਕੌਰ ਬਿੰਦੂ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਖੇਤੀ ਖੇਤਰ ਸਮੇਤ ਸਨਅਤਾਂ, ਸਿਹਤ, ਵਿੱਦਿਆ, ਬਿਜਲੀ, ਆਵਾਜਾਈ ਆਦਿ ਹਰੇਕ ਆਰਥਿਕ ਖੇਤਰ ਵਿੱਚ ਦੇਸ਼ੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ ਲਈ ਨਿਵੇਸ਼ ਕਰਨ ਦਾ ਹੁਣ ਵਧੀਆ ਮੌਕਾ ਹੋਣ ਸਬੰਧੀ ਬਿਆਨ ਬਲਦੀ ਉੱਤੇ ਤੇਲ ਪਾਉਣ ਵਾਲਾ ਹੈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਇਸ ਵੇਲੇ ਪੂਰਾ ਦੇਸ਼ ਕਰੋਨਾਵਾਇਰਸ ਸੰਕਟ ਦੀ ਮਾਰ ਹੇਠ ਤੜਪ ਰਿਹਾ ਹੈ, ਜਿਸ ਦੀ ਰੋਕਥਾਮ ਦੇ ਪੁਸ਼ਤਾ ਪ੍ਰਬੰਧਾਂ ਤੋਂ ਸਰਕਾਰ ਪੱਲਾ ਝਾੜੀ ਬੈਠੀ ਹੈ। ਪਹਿਲਾਂ ਹੀ ਅਜਿਹੇ ਕਾਰਪੋਰੇਟ ਨਿਵੇਸ਼ਾਂ ਨੇ ਅੰਤਾਂ ਦੀ ਬੇਰੁਜ਼ਗਾਰੀ, ਮਹਿੰਗਾਈ ਨਾਲ ਭੁੱਖਮਰੀ ਵਰਗੇ ਹਾਲਾਤ ਪੈਦਾ ਕੀਤੇ ਹੋਏ ਹਨ। ਇਸ ਦੌਰਾਨ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਮਾਰਦਿਆਂ 5 ਜੂਨ ਦੇ ਤਿੰਨੋਂ ਖੇਤੀ ਆਰਡੀਨੈਂਸ ਤੇ ਬਿਜਲੀ ਸੋਧ ਬਿੱਲ 2020 ਰੱਦ ਕਰਨ ਤੋਂ ਇਲਾਵਾ ਪੈਟਰੋਲ-ਡੀਜ਼ਲ ਦਾ ਮੁਕੰਮਲ ਕੰਟਰੋਲ ਸਰਕਾਰੀ ਹੱਥਾਂ ’ਚ ਲੈਣ ਦੀ ਮੰਗ ਕੀਤੀ

ਗਈ। ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਕਾਰਜਕਾਰੀ ਸੂਬਾ ਆਗੂਆਂ ਅਮਰੀਕ ਸਿੰਘ ਗੰਢੂਆਂ, ਸੰਦੀਪ ਸਿੰਘ ਚੀਮਾ ਤੇ ਰਾਜਵਿੰਦਰ ਰਾਮ ਨਗਰ ਸਮੇਤ ਜ਼ਿਲ੍ਹਾ ਤੇ ਬਲਾਕ ਪੱਧਰ ਦੇ ਸਰਗਰਮ ਆਗੂ ਸ਼ਾਮਲ ਸਨ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਕਰੋਨਾਵਾਇਰ ਦੀ ਆੜ ਹੇਠ ਇਹ ਆਰਡੀਨੈਂਸ ਲਾਗੂ ਹੋਣ ਨਾਲ ਪੰਜਾਬ-ਹਰਿਆਣਾ ਵਿੱਚ ਹੋ ਰਹੀ ਕਣਕ, ਝੋਨੇ, ਨਰਮੇ, ਗੰਨੇ ਦੀ ਸਰਕਾਰੀ ਖਰੀਦ ਵੀ ਠੱਪ ਹੋ ਜਾਣੀ ਹੈ ਅਤੇ ਐੱਮਐੱਸਪੀ ਮਿੱਥੇ ਜਾਣ ਦੀ ਕੋਈ ਤੁੱਕ ਨਹੀਂ ਰਹਿਣੀ ਕਿਉਂਕਿ ਪਹਿਲਾਂ ਹੀ ਪੂਰੇ ਦੇਸ਼ ਵਾਸਤੇ ਐੱਮਐੱਸਪੀ ਮਿੱਥੇ ਜਾਣ ਦੇ ਬਾਵਜੂਦ ਸਰਕਾਰੀ ਖਰੀਦ ਤੋਂ ਵਾਂਝੇ ਸੂਬਿਆਂ ਦੇ ਲੋਕ ਹਜ਼ਾਰਾਂ ਕਿਲੋਮੀਟਰ ਚੱਲ ਕੇ ਖੇਤ ਮਜ਼ਦੂਰੀ ਲਈ ਪੰਜਾਬ ਤੇ ਹਰਿਆਣਾ ਆਉਂਦੇ ਹਨ। ਉਨ੍ਹਾਂ ਕਿਹਾ ਕਿ ਬਿਜਲੀ ਸੋਧ ਬਿੱਲ ਲਾਗੂ ਹੋਇਆ ਤਾਂ ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਦੀ ਬਿੱਲ ਸਬਸਿਡੀ ਖ਼ਤਮ ਹੋ ਜਾਵੇਗੀ ਜਿਸ ਨਾਲ ਖੇਤੀ ਘਾਟੇ ਹੋਰ ਵਧ ਜਾਣੇ ਹਨ। ਪਹਿਲਾਂ ਹੀ ਭਾਰੀ ਖੇਤੀ ਘਾਟਿਆਂ ਕਾਰਨ ਕਰਜ਼ੇ ਮੋੜਨ ਤੋਂ ਅਸਮਰੱਥ ਖ਼ੁਦਕੁਸ਼ੀਆਂ ਕਰ ਰਹੇ ਕਿਸਾਨਾਂ ਤੇ ਮਜ਼ਦੂੁਰਾਂ ਦੀ ਮੁਕੰਮਲ ਆਰਥਿਕ ਤਬਾਹੀ ਹੋਣੀ ਹੈ। ਇਸ ਤੋਂ ਇਲਾਵਾ ਖ਼ੁਦਕੁਸ਼ੀਆਂ ਦਾ ਵਰਤਾਰਾ ਅਤੇ ਕਿਸਾਨਾਂ ਦੀਆਂ ਬਚੀਆਂ ਜ਼ਮੀਨਾਂ ਧਨਾਢ ਜਗੀਰਦਾਰਾਂ, ਸੂਦਖੋਰਾਂ ਤੇ ਕਾਰਪੋਰੇਟਾਂ ਦੇ ਕਬਜ਼ੇ ਹੇਠ ਜਾਣ ਦਾ ਅਮਲ ਹੋਰ ਤੇਜ਼ ਹੋ ਜਾਣਾ ਹੈ। ਬੁਲਾਰਿਆਂ ਨੇ ਥਾਂ-ਥਾਂ ’ਤੇ ਮਤੇ ਪਾਸ ਕਰ ਕੇ ਸ਼ਾਂਤਮਈ ਸੰਘਰਸ਼ ਕਰ ਰਹੇ ਖੇਤ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਸਿਰ ਝੂਠੇ ਕੇਸ ਮੜ੍ਹਨ ਅਤੇ ਬਾਦਲ ਪਿੰਡ ’ਚ ਕਿਸਾਨਾਂ ’ਤੇ ਲਾਠੀਚਾਰਜ ਕਰਨ ਦੀ ਸਖ਼ਤ ਨਿਖੇਧੀ ਕੀਤੀ ਗਈ। ਆਗੂਆਂ ਵੱਲੋਂ ਝੂਠੇ ਕੇਸ ਵਾਪਸ ਲੈਣ ਦੀ ਮੰਗ ਵੀ ਕੀਤੀ ਗਈ। ਬੁਲਾਰਿਆਂ ਵੱਲੋਂ ਪੰਜਾਬ ਭਰ ਦੇ ਕਿਸਾਨਾਂ ਨੂੰ ਆਪਣੀ ਹੋਂਦ ਬਚਾਉਣ ਵਾਲੇ ਮੌਜੂਦਾ ਸੰਘਰਸ਼ ’ਚ 26 ਜੁਲਾਈ ਤੱਕ ਥਾਂ-ਥਾਂ ਅਰਥੀ ਫੂਕ ਮੁਜ਼ਾਹਰਿਆਂ ਅਤੇ 27 ਨੂੰ ਜ਼ਿਲ੍ਹਾ ਪੱਧਰ ’ਤੇ ਭਾਜਪਾ-ਅਕਾਲੀ ਕੇਂਦਰੀ ਮੰਤਰੀਆਂ, ਸੰਸਦ ਮੈਂਬਰਾਂ ਜਾਂ ਮੁੱਖ ਪਾਰਟੀ ਆਗੂਆਂ ਦੇ ਘਰਾਂ ਤੱਕ ਕੀਤੇ ਜਾਣ ਵਾਲੇ ਟਰੈਕਟਰ ਮਾਰਚਾਂ ਵਿੱਚ ਵਧ-ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ।

#ਕਿਸਾਨ

#ਕਿਸਾਨ ਯੂਨੀਅਨ

#ਖੇਤੀ ਆਰਡੀਨੈਂਸ

#ਮੁਜ਼ਾਹਰੇ

Leave a Reply

Your email address will not be published. Required fields are marked *