ਬਹਿਬਲ ਗੋਲੀ ਕਾਂਡ: ਗੁਰਦੀਪ ਪੰਧੇਰ ਨੂੰ 5 ਅਗਸਤ ਤੱਕ ਜੇਲ੍ਹ ਭੇਜਿਆ

ਫ਼ਰੀਦਕੋਟ : ਬਹਿਬਲ ਗੋਲੀ ਕਾਂਡ ਵਿੱਚ ਵਿਸ਼ੇਸ਼ ਜਾਂਚ ਟੀਮ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਕੋਟਕਪੂਰਾ ਦੇ ਤਤਕਾਲੀ ਐੱਸਐੱਚਓ ਇੰਸਪੈਕਟਰ ਗੁਰਦੀਪ ਸਿੰਘ ਪੰਧੇਰ ਨੂੰ ਪੁਲੀਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਇੱਥੇ ਡਿਊਟੀ ਮੈਜਿਸਟਰੇਟ ਸੁਰੇਸ਼ ਕੁਮਾਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਗੁਰਦੀਪ ਪੰਧੇਰ ਨੂੰ 5 ਅਗਸਤ ਤੱਕ ਅਦਾਲਤੀ ਹਿਰਾਸਤ ਤਹਿਤ ਜੇਲ੍ਹ ਭੇਜਣ ਦਾ ਹੁਕਮ ਦਿੱਤਾ।

ਜ਼ਿਕਰਯੋਗ ਹੈ ਗੋਲੀਕਾਂਡ ਦੇ ਸਬੰਧ ’ਚ  ਗੁਰਦੀਪ ਪੰਧੇਰ ਨੂੰ ਜਾਂਚ ਟੀਮ ਨੇ 21 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਪਹਿਲਾਂ ਗੁਰਦੀਪ ਪੰਧੇਰ ਕੋਟਕਪੂਰਾ ਗੋਲੀ ਕਾਂਡ ਵਿੱਚ ਦਰਜ ਹੋਏ ਦੋ ਮਾਮਲਿਆਂ ਵਿੱਚ ਮੁਲਜ਼ਮ ਨਾਮਜ਼ਦ ਹੋ ਚੁੱਕਾ ਹੈ। 

ਇਸੇ ਦਰਮਿਆਨ ਕੋਟਕਪੂਰਾ ਗੋਲੀ ਕਾਂਡ ਵਿੱਚ ਗ੍ਰਿਫ਼ਤਾਰ ਕੀਤੇ ਗਏ ਸੁਹੇਲ ਸਿੰਘ ਬਰਾੜ ਅਤੇ ਗੁਰਦੀਪ ਪੰਧੇਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਚੱਲਦੇ ਮੁਕੱਦਮੇ ਤੱਕ ਜ਼ਮਾਨਤ ’ਤੇ ਰਿਹਾਅ ਕਰਨ ਦੀ ਮੰਗ ਕੀਤੀ ਹੈ। ਹਾਈ ਕੋਰਟ ਇਸ ਮਾਮਲੇ ਵਿੱਚ ਅਗਲੇ ਹਫ਼ਤੇ ਸੁਣਵਾਈ ਕਰੇਗੀ। 

ਸੁਹੇਲ ਬਰਾੜ ਅਤੇ ਗੁਰਦੀਪ ਪੰਧੇਰ ਨੇ ਆਪਣੀ ਪਟੀਸ਼ਨ ’ਚ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਕਿਸੇ ਸਾਜਿਸ਼ ਤਹਿਤ ਫਰਜ਼ੀ ਤੌਰ ’ਤੇ ਫਸਾਇਆ ਗਿਆ ਹੈ ਅਤੇ ਉਨ੍ਹਾਂ ਦਾ ਬਹਿਬਲ ਅਤੇ ਕੋਟਕਪੂਰਾ ਗੋਲੀ ਕਾਂਡ ਨਾਲ ਕੋਈ ਸਬੰਧ ਨਹੀਂ ਹੈ। 

ਜਾਂਚ ਟੀਮ ਨੂੰ ਨਹੀਂ ਲੱਭੇ ਡੇਰੇ ਦੇ ਕੌਮੀ ਕਮੇਟੀ ਮੈਂਬਰ

ਵਿਸ਼ੇਸ਼ ਜਾਂਚ ਟੀਮ ਨੂੰ ਡੇਰਾ ਸੌਦਾ ਦੀ ਕੌਮੀ ਕਮੇਟੀ ਦੇ ਮੈਂਬਰ ਹਰਸ਼ ਧੁਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਅਜੇ ਤੱਕ ਨਹੀਂ ਲੱਭੇ। ਇਹ ਸਾਰੇ ਹੁਣ ਹਰਿਆਣਾ ਦੇ ਵਸਨੀਕ ਦੱਸੇ ਜਾ ਰਹੇ ਹਨ। ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਜਾਂਚ ਟੀਮ ਇਨ੍ਹਾਂ ਮੁਲਜ਼ਮਾਂ ਦੀ ਭਾਲ ਲਈ ਪੰਜਾਬ, ਹਰਿਆਣਾ ਤੇ ਰਾਜਸਥਾਨ ਵਿੱਚ ਛਾਪੇ ਮਾਰ ਚੁੱਕੀ ਹੈ। ਸਥਾਨਕ ਡਿਊਟੀ ਮੈਜਿਸਟਰੇਟ ਏਕਤਾ ਉੱਪਲ ਨੇ ਜਾਂਚ ਟੀਮ ਦੀ ਅਰਜ਼ੀ ’ਤੇ ਉਕਤ ਕਮੇਟੀ ਮੈਂਬਰਾਂ ਦੇ ਗ੍ਰਿਫ਼ਤਾਰੀ ਵਰੰਟ ਜਾਰੀ ਕੀਤੇ ਸਨ। ਅਦਾਲਤ ਦੇ ਹੁਕਮਾਂ ਮੁਤਾਬਿਕ ਇਨ੍ਹਾਂ ਤਿੰਨਾਂ ਨੂੰ 24 ਜੁਲਾਈ ਤੱਕ ਗ੍ਰਿਫ਼ਤਾਰ ਕੀਤਾ ਜਾਣਾ ਸੀ ਪਰ ਕੋਈ ਵੀ ਵਿਅਕਤੀ ਅਜੇ ਤੱਕ ਜਾਂਚ ਟੀਮ ਦੇ ਹੱਥ ਨਹੀਂ ਲੱਗਾ। ਇਨ੍ਹਾਂ ਤਿੰਨੇ ਮੁਲਜ਼ਮਾਂ ਦੀ ਬੇਅਦਬੀ ਕਾਂਡ ਵਿੱਚ ਮੁੱਖ ਭੂਮਿਕਾ ਦੱਸੀ ਜਾ ਰਹੀ ਹੈ। 

#ਗੁਰਦੀਪ ਪੰਧੇਰ #ਬਹਿਬਲ ਕਲਾਂ #ਜੇਲ੍ਹ #ਸੌਦਾ ਸਾਧ #ਗੋਲੀ ਕਾਂਡ

Leave a Reply

Your email address will not be published. Required fields are marked *