ਹਲਵਾਰਾ ਹਵਾਈ ਅੱਡਾ: ਸਰਕਾਰ ਨੇ ਉਸਾਰੀ ਵਿਉਂਤੀ, ਕਿਸਾਨਾਂ ਨੇ ਸੰਘਰਸ਼

ਗੁਰੂਸਰ ਸੁਧਾਰ : ਪੰਜਾਬ ਸਰਕਾਰ ਕੌਮਾਂਤਰੀ ਹਵਾਈ ਅੱਡਾ ਹਲਵਾਰਾ ਦੀ ਉਸਾਰੀ ਲਈ ਵਿਉਂਤਬੰਦੀ ਵਿੱਚ ਜੁੱਟ ਗਈ ਹੈ, ਹਾਲਾਂਕਿ ਸਾਰੇ ਕਿਸਾਨਾਂ ਨੂੰ ਹਾਲੇ ਤੱਕ ਉਨ੍ਹਾਂ ਦੀ ਜ਼ਮੀਨ ਦਾ ਮੁਆਵਜ਼ਾ ਅਤੇ ਉਜਾੜਾ ਭੱਤਾ ਵੀ ਅਦਾ ਨਹੀਂ ਕੀਤਾ ਗਿਆ ਤੇ ਪਿੰਡ ਐਤੀਆਣਾ ਦੇ ਕਿਸਾਨਾਂ ਨੇ ਮੁੜ ਸੰਘਰਸ਼ ਦਾ ਰਾਹ ਅਖ਼ਤਿਆਰ ਕਰ ਲਿਆ ਹੈ। ਅੱਜ ਆਮ ਆਦਮੀ ਪਾਰਟੀ ਦੇ ਬਾਗ਼ੀ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੇ ਕਿਸਾਨਾਂ ਦੇ ਇਕੱਠ ਵਿੱਚ ਐਲਾਨ ਕੀਤਾ ਕਿ ਕਿਸਾਨਾਂ ਦੀ ਪਾਈ-ਪਾਈ ਅਦਾ ਕੀਤੇ ਬਗ਼ੈਰ ਅਧਿਕਾਰੀਆਂ ਨੂੰ ਖੇਤਾਂ ਵਿੱਚ ਪੈਰ ਨਹੀਂ ਧਰਨ ਦੇਣਗੇ।

ਕਿਸਾਨਾਂ ਦਾ ਗੁੱਸਾ ਉਸ ਵੇਲੇ ਵਧ ਗ‌ਿਆ ਜਦੋਂ ਦੋ ਦਿਨ ਪਹਿਲਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਇਹ ਐਲਾਨ ਕੀਤਾ ਕਿ 161.27 ਏਕੜ ਜ਼ਮੀਨ ਦਾ ਮੁਆਵਜ਼ਾ ਅਤੇ ਪ੍ਰਭਾਵਿਤ ਕਿਸਾਨ ਪਰਿਵਾਰਾਂ ਨੂੰ ਉਜਾੜਾ ਭੱਤਾ ਅਦਾ ਕਰ ਦਿੱਤਾ ਗਿਆ ਹੈ, ਜਿਸ ਨੂੰ ਪਿੰਡ ਦੇ ਕਿਸਾਨਾਂ ਨੇ ਸਰਕਾਰ ਦੀ ਧੋਖੇਬਾਜ਼ੀ ਕਰਾਰ ਦਿੱਤਾ ਹੈ। ਪਿੰਡ ਦੇ ਸਰਪੰਚ ਲਖਬੀਰ ਸਿੰਘ ਨੇ ਦੱਸਿਆ ਕਿ ਮੁਆਵਜ਼ੇ ਦੇ 40 ਕਰੋੜ ਵਿੱਚੋਂ ਵੀ ਸਿਰਫ਼ 25 ਕਰੋੜ ਦੀ ਅਦਾਇਗੀ ਹੋਈ ਹੈ, ਜਦਕਿ ਉਜਾੜਾ ਭੱਤੇ ਦੀ ਤਾਂ ਦੁੱਕੀ ਵੀ ਕਿਸਾਨਾਂ ਦੇ ਪੱਲੇ ਨਹੀਂ ਪਈ।

ਸਰਪੰਚ ਲਖਬੀਰ ਸਿੰਘ ਅਨੁਸਾਰ ਪਿਛਲੇ ਡੇਢ ਮਹੀਨੇ ਤੋਂ ਉਹ ਦਫ਼ਤਰਾਂ ਦੇ ਚੱਕਰ ਮਾਰ-ਮਾਰ ਕੇ ਹੰਭ ਗਏ ਹਨ। ਗਲਾਡਾ ਅਤੇ ਮਾਲ ਵਿਭਾਗ ਦੇ ਅਧਿਕਾਰੀ ਇਕ ਦੂਜੇ ਦੇ ਸਿਰ ਠੀਕਰਾ ਭੰਨਣ ਲੱਗੇ ਹੋਏ ਹਨ, ਪਰ ਪ੍ਰਸ਼ਾਸਨ ਹਾਲੇ ਤੱਕ ਕਿਸੇ ਦੀ ਜ਼ਿੰਮੇਵਾਰੀ ਤੈਅ ਨਹੀਂ ਕਰ ਸਕਿਆ। ਉਧਰ ਹਲਕਾ ਵਿਧਾਇਕ ਜੱਗਾ ਹਿੱਸੋਵਾਲ ਨੇ ਦੋਸ਼ ਲਾਇਆ ਕਿ ਗਲਾਡਾ ਅਧਿਕਾਰੀਆਂ ਅਤੇ ਵਿਚੋਲਾ ਕੰਪਨੀ ਟਿੱਲਾ ਨੇ ਕਿਸਾਨਾਂ ਨੂੰ ਪਹਿਲਾਂ 50 ਤੋਂ 55 ਲੱਖ ਦਾ ਲੌਲੀਪੌਪ ਦਿਖਾ ਕੇ ਦਿੱਤਾ ਸਿਰਫ਼ 20 ਲੱਖ ਹੀ ਹੈ।

ਉਜਾੜਾ ਭੱਤੇ ਦੀ ਪ੍ਰਵਾਨਗੀ ਲਈ ਫਾਈਲ ਭੇਜੀ: ਕੁਲੈਕਟਰ

ਗਲਾਡਾ ਦੇ ਭੂਮੀ ਗ੍ਰਹਿਣ ਕੁਲੈਕਟਰ ਭੁਪਿੰਦਰ ਸਿੰਘ ਨੇ ਕਿਹਾ ਕਿ ਮਾਲ ਵਿਭਾਗ ਨੇ ਜ਼ਮੀਨੀ ਰਿਕਾਰਡ ਵਿੱਚ ਦਰੁਸਤੀ ਕਰ ਕੇ ਅੱਜ ਹੀ ਫਾਈਲ ਭੇਜੀ ਹੈ, ਹੁਣ ਉਹ ਮੰਗਲਵਾਰ ਤੱਕ ਰਹਿੰਦੇ ਚੈੱਕ ਤਿਆਰ ਕਰ ਦੇਣਗੇ। ਉਨ੍ਹਾਂ ਇਹ ਵੀ ਕਿਹਾ ਕਿ 116 ਪਰਿਵਾਰਾਂ ਨੂੰ ਉਜਾੜਾ ਭੱਤੇ ਦੀ ਪ੍ਰਵਾਨਗੀ ਲਈ ਫਾਈਲ ਪ੍ਰਮੁੱਖ ਸਕੱਤਰ ਕੋਲ ਭੇਜੀ ਗਈ ਹੈ ਅਤੇ ਜਲਦੀ ਹੀ ਉਹ ਅਦਾਇਗੀ ਵੀ ਕਰ ਦਿੱਤੀ ਜਾਵੇਗੀ।

#ਹਵਾਈ ਅੱਡਾ ਹਲਵਾਰਾ #ਕਿਸਾਨ #ਮੁਆਵਜ਼ਾ #ਉਜਾੜਾ ਭੱਤਾ

Leave a Reply

Your email address will not be published. Required fields are marked *