ਰੈਫਰੈਂਡਮ-2020: ਕੈਪਟਨ ਵੱਲੋਂ ਕੈਨੇਡਾ ਸਰਕਾਰ ਦੇ ਫ਼ੈਸਲੇ ਦਾ ਸਵਾਗਤ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖਾਲਿਸਤਾਨ ਪੱਖੀ ਸਮੂਹ ਸਿੱਖਸ ਫਾਰ ਜਸਟਿਸ (ਐੱਸ.ਐੱਫ.ਜੇ.) ਵੱਲੋਂ ਕਰਵਾਏ ਜਾ ਰਹੇ ‘ਰੈਫਰੈਂਡਮ 2020’ ਦੇ ਨਤੀਜਿਆਂ ਨੂੰ ਮਾਨਤਾ ਨਾ ਦੇਣ ਲਈ ਕੈਨੇਡਾ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਵੱਲੋਂ ਇਸ ਮੁੱਦੇ ’ਤੇ ਲਿਆ ਗਿਆ ਸਪੱਸ਼ਟ ਰੁਖ਼ ਮਿਸਾਲੀ ਹੈ ਅਤੇ ਹੋਰ ਮੁਲਕਾਂ ਤੇ ਸਰਕਾਰਾਂ ਨੂੰ ਵੀ ਐੱਸ.ਐੱਫ.ਜੇ. ਵਿਰੁੱਧ ਖੁੱਲ੍ਹ ਕੇ ਸਾਹਮਣੇ ਆਉਣਾ ਚਾਹੀਦਾ ਹੈ। ਐੱਸਐੱਫਜੇ ’ਤੇ ਭਾਰਤ ਨੇ ਅਤਿਵਾਦੀ ਸੰਗਠਨ ਵਜੋਂ ਪਾਬੰਦੀ ਲਗਾਈ ਹੈ ਤੇ ਇਸ ਦੇ ਸੰਸਥਾਪਕ ਗੁਰਪਤਵੰਤ ਸਿੰਘ ਪੰਨੂ ਨੂੰ ਅਤਿਵਾਦੀ ਐਲਾਨਿਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਵੱਖਵਾਦੀ ਐੱਫ.ਐੱਫ.ਜੇ. ਦਾ ਖੁੱਲ੍ਹੇਆਮ ਵਿਰੋਧ ਕਰਨ ’ਚ ਅਸਫ਼ਲ ਰਹਿਣਾ ਕਿਸੇ ਵੀ ਦੇਸ਼ ਲਈ ਖ਼ਤਰਨਾਕ ਮਿਸਾਲ ਬਣ ਸਕਦਾ ਹੈ ਕਿਉਂਕਿ ਇਸ ਨੂੰ ਉਕਤ ਸੰਸਥਾ ਦੇ ਗੁਪਤ ਸਮਰਥਨ ਵਜੋਂ ਦੇਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਦਹਿਸ਼ਤ ਫੈਲਾਉਣ ’ਤੇ ਤੁਲੀਆਂ ਤਾਕਤਾਂ ਨੂੰ ਰੱਦ ਕਰਨਾ ਆਲਮੀ ਸ਼ਾਂਤੀ ਤੇ ਸੁਰੱਖਿਆ ਦੇ ਹਿੱਤ ਵਿੱਚ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿੱਖ ਐੱਸਐੱਫਜੇ ਦੀ ਖਾਲਿਸਤਾਨ ਪੱਖੀ ਲਹਿਰ ਨੂੰ ਪਹਿਲਾਂ ਹੀ ਰੱਦ ਕਰ ਚੁੱਕੇ ਹਨ।

Leave a Reply

Your email address will not be published. Required fields are marked *