ਪੰਜਾਬ ਦੀ ਕਾਨੂੰਨ-ਵਿਵਸਥਾ ਨੂੰ ਲੈ ਕੇ ਸੁਖਜਿੰਦਰ ਰੰਧਾਵਾ ਨੇ ‘ਆਪ’ ਸਰਕਾਰ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ

ਟਾਂਡਾ ਉੜਮੁੜ: ਆਮ ਆਦਮੀ ਪਾਰਟੀ ਸਰਕਾਰ ਦੀ ਨਾਲਾਇਕੀ ਦੇ ਚਲਦਿਆਂ ਪੰਜਾਬ ’ਚ ਕਾਨੂੰਨ-ਵਿਵਸਥਾ ਦੇ ਹਾਲਾਤ ਬੇਹੱਦ ਅਣਸੁਖਾਵੇਂ ਬਣੇ  ਹੋਏ ਹਨ, ਜਿਸ ਕਾਰਨ ਲੋਕਾਂ ’ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਡਿਪਟੀ ਸੀ. ਐੱਮ. ਅਤੇ ਮੌਜੂਦਾ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਟਾਂਡਾ ’ਚ ਕੀਤਾ। ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਦੀ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੰਧਾਵਾ ਨੇ ਆਖਿਆ ਕਿ ਪੰਜਾਬ ’ਚ ਨਿੱਤ ਦਿਨ ਕਤਲ, ਲੁੱਟ ਅਤੇ ਗੁੰਡਾਗਰਦੀ ਦੀਆਂ ਵਾਪਰ ਰਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਬੇਖੌਫ਼ ਹੋਏ ਗੁੰਡਿਆਂ ਨੂੰ ਪੁਲਸ ਤੇ ਸਰਕਾਰ ਦਾ ਕੋਈ ਡਰ ਨਹੀਂ ਹੈ, ਜਿਸ ਦੇ ਚਲਦਿਆਂ ਦਿਨ ਬ ਦਿਨ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ।

ਉਨ੍ਹਾਂ ਆਖਿਆ ਕਿ ਪੰਜਾਬ ਦੀ ਬਦਕਿਸਮਤੀ ਹੈ ਕਿ ਰੋਜ਼ ਕਤਲ ਅਤੇ ਕਾਨੂੰਨ ਵਿਵਸਥਾ ਦੇ ਘਟੀਆ ਹਾਲਾਤ ਦੇ ਬਾਵਜੂਦ ਸੂਬੇ ਦੇ ਮੁੱਖ ਮੰਤਰੀ ਦਾ ਕੋਈ ਬਿਆਨ ਨਹੀਂ ਆਇਆ ਹੈ, ਉਲਟਾ ਉਹ ਆਪਣੇ ਮੰਤਰੀ ਤੇ ਵਿਧਾਇਕਾਂ ਨੂੰ ਨਾਲ ਲੈ ਕੇ ਆਪਣੇ ਆਕਾ ਦੀਆਂ ਸਿਆਸੀ ਖਾਹਿਸ਼ਾ ਨੂੰ ਪੂਰਾ ਕਰਨ ਲਈ ਗੁਜਰਾਤ ਅਤੇ ਹਿਮਾਚਲ ਦੀਆਂ ਚੋਣਾਂ ’ਚ ਜੁਟੇ ਹੋਏ ਹਨ, ਜਦਕਿ ਉਨ੍ਹਾਂ ਨੇ ਪੰਜਾਬ ਦੇ ਲੋਕਾਂ ’ਚ ਸੁਰੱਖਿਆ ਦੀ ਭਾਵਨਾ ਲਈ ਵਿਸ਼ਵਾਸ ਪੈਦਾ ਕਰਨਾ ਅਤੇ ਕਾਨੂੰਨ ਵਿਵਸਥਾ ਨੂੰ ਸੁਧਾਰਾਨ ਦੇ ਸੰਜੀਦਾ ਉੱਦਮ ਕਰਨੇ ਸਨ , ਜੋ ਨਹੀਂ ਹੋਇਆ ਹੈ । ਰੰਧਾਵਾ ਨੇ ਇਸ ਮੌਕੇ ਪੰਜਾਬ ਦੇ ਹਾਲਾਤ ’ਤੇ ਚਿੰਤਾ ਪ੍ਰਗਟ ਕਰਦਿਆਂ ਪੰਜਾਬ ਦੇ ਲੋਕਾਂ ਨੂੰ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਆਖਿਆ ਕਿ ਜਿਵੇਂ ਪਹਿਲਾਂ ਵੀ ਬਾਹਰਲੀਆਂ-ਅੰਦਰਲੀਆਂ ਤਾਕਤਾਂ ਨੇ ਇਸ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਆਖਿਆ ਕਿ ਜਿਵੇਂ ਪਹਿਲਾਂ ਪੰਜਾਬੀਆਂ ਨੇ ਉਨ੍ਹਾਂ ਨੂੰ ਨਾਕਾਮ ਕੀਤਾ, ਹੁਣ ਵੀ ਮਿਲ ਕੇ ਕਰਨਾ ਚਾਹੀਦਾ ਹੈ।

ਐਕਸਾਈਜ਼ ਡਿਪਾਰਟਮੈਂਟ ਵਿਚ ਆਈ. ਏ. ਐੱਸ. ਅਫਸਰਾਂ ਤੇ ਸੀ. ਬੀ. ਆਈ. ਅਤੇ ਈ. ਡੀ. ਦੀਆਂ ਹੋਈਆਂ ਰੇਡਾਂ ਦਾ ਹਵਾਲਾ ਦਿੰਦੇ ਹੋਏ ਰੰਧਾਵਾ ਨੇ ਆਖਿਆ ਕਿ ਇਸ ਮੁੱਦੇ ’ਤੇ ਪੰਜਾਬ ਸਰਕਾਰ ਦੇ ਨਾ ਬੋਲਣ ਅਤੇ ਨਾ ਸਟੈਂਡ ਲੈਣ ਨਾਲ ਵੀ ਪੰਜਾਬ ਪੁਲਸ ਦਾ ਮਨੋਬਲ ਡਿੱਗਿਆ ਹੈ। ਇਸ ਮੌਕੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਸਾਬਕਾ ਵਿਧਾਇਕ ਇੰਦੂ ਬਾਲਾ, ਮਾਸਟਰ ਰਮੇਸ਼ ਕੁਮਾਰ, ਪ੍ਰਿੰਸੀਪਲ ਗੁਰਦਿਆਲ ਸਿੰਘ, ਕੰਵਲਜੀਤ ਸਿੰਘ, ਅਨਿਲ ਪਿੰਕਾ ਆਦਿ ਮੌਜੂਦ ਸਨ।

Leave a Reply

Your email address will not be published. Required fields are marked *