ਭਾਜਪਾ ਪ੍ਰਧਾਨ ਦੀ ਕੋਠੀ ਅੱਗੇ ਗਰਜੇ ਕਿਸਾਨ

ਪਠਾਨਕੋਟ : ਕਿਸਾਨ ਵਿਰੋਧੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੇ ਰਾਹ ਪਈ ਮਾਝਾ ਸੰਘਰਸ਼ ਕਮੇਟੀ ਗੁਰਦਾਸਪੁਰ (ਪੰਜਾਬ) ਵਲੋਂ ਅੱਜ ਸੈਂਕੜੇ ਕਿਸਾਨ ਭਰ ਗਰਮੀ ਵਿੱਚ ਹਰਚੋਵਾਲ ਤੋਂ ਗੱਡੀਆਂ ਦੇ ਕਾਫਲੇ ਦੇ ਰੂਪ ਵਿੱਚ ਪਠਾਨਕੋਟ ਪੁੱਜੇ। ਕਿਸਾਨਾਂ ਨੇ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਉਨ੍ਹਾਂ ਦੀ ਕੋਠੀ ਵਿੱਚ ਮੰਗ ਪੱਤਰ ਦਿੱਤਾ। ਉਨ੍ਹਾਂ ਖੇਤੀ ਸੁਧਾਰਾਂ ਦੇ ਨਾਮ ’ਤੇ ਆਰਡੀਨੈਂਸਾਂ ਦੇ ਰੂਪ ਵਿੱਚ ਜਾਰੀ ਤਿੰਨ ਕਾਲੇ ਕਾਨੂੰਨਾਂ ਨੂੰ ਫ਼ੌਰੀ ਰੱਦ ਕਰਨ ਦੀ ਮੰਗ ਕੀਤੀ। ਪੁਲੀਸ ਨੇ ਹਾਲਾਂਕਿ ਅਸ਼ਵਨੀ ਸ਼ਰਮਾ ਦੀ ਕੋਠੀ ਵਾਲੇ ਖੇਤਰ ਨੂੰ ਪੁਲੀਸ ਛਾਉਣੀ ਵਿੱਚ ਬਦਲ ਰੱਖਿਆ ਸੀ।

ਸੰਘਰਸ਼ ਕਮੇਟੀ ਦੀ ਅਗਵਾਈ ਕਰ ਰਹੇ ਪ੍ਰਧਾਨ ਬਲਵਿੰਦਰ ਸਿੰਘ, ਬਲਜੀਤ ਸਿੰਘ, ਰਾਜਿੰਦਰ ਸਿੰਘ, ਦੀਪਇੰਦਰ ਸਿੰਘ, ਬਾਬਾ ਕੰਵਲਜੀਤ ਸਿੰਘ ਪੰਡੋਰੀ ਆਦਿ ਨੇ ਕਿਹਾ ਕਿ ਰਾਹ ਵਿੱਚ ਪੁਲੀਸ ਨੇ ਥਾਂ ਥਾਂ ਰੋਕ ਕੇ ਉਨ੍ਹਾਂ ਦੀ ਭਾਰੀ ਖੱਜਲ ਖੁਆਰੀ ਕੀਤੀ। ਵਾਹਨਾਂ ਦਾ ਕਾਫਲਾ ਪਠਾਨਕੋਟ ਦੇ ਕੋਰਟ ਕੰਪਲੈਕਸ ਕੋਲ ਪੁੱਜਾ ਤਾਂ ਪੁਲੀਸ ਨੇ ਉਨ੍ਹਾਂ ਦੇ ਵਾਹਨ ਊਥੇ ਹੀ ਪਾਰਕ ਕਰਵਾ ਦਿੱਤੇ। ਕਿਸਾਨਾਂ ਨੇ ਇਥੋਂ ਅਸ਼ਵਨੀ ਸ਼ਰਮਾ ਦੀ ਕੋਠੀ ਤੱਕ ਦਾ ਪੈਂਡਾ ਪੈਦਲ ਤੈਅ ਕੀਤਾ। ਜਥੇਬੰਦੀ ਦੇ 10 ਆਗੂਆਂ ਨੇ ਅਸ਼ਵਨੀ ਸ਼ਰਮਾ ਨਾਲ ਕਰੀਬ ਪੌਣਾ ਘੰਟਾ ਗੱਲਬਾਤ ਕੀਤੀ। ਭਾਜਪਾ ਪ੍ਰਦੇਸ਼ ਪ੍ਰਧਾਨ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦੀ ਹਿਤੈਸ਼ੀ ਹੈ ਅਤੇ ਆਰਡੀਨੈਂਸਾਂ ਬਾਰੇ ਕਿਸਾਨਾਂ ਦੇ ਸ਼ੰਕੇ ਦੂਰ ਕੀਤੇ ਜਾਣਗੇ।

ਉਨ੍ਹਾਂ ਵਫ਼ਦ ਨੂੰ ਭਰੋਸਾ ਦਿੱਤਾ ਕਿ ਦਿੱਲੀ ਜਾ ਕੇ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਮੁਲਾਕਾਤ ਕਰਵਾਉਣਗੇ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਅੱਜ ਦਾ ਐਕਸ਼ਨ ਮਹਿਜ਼ ਟਰੇਲਰ ਸੀ ਅਤੇ ਅੱਗੇ ਜਾ ਕੇ ਦਿੱਲੀ ਨੂੰ ਘੇਰਿਆ ਜਾਵੇਗਾ। ਕਿਸਾਨ ਆਗੂਆਂ ਨੇ ਸਾਫ਼ ਕਰ ਦਿੱਤਾ ਕਿ ਇਹ ਆਰਡੀਨੈਂਸ ਕਿਸੇ ਵੀ ਤਰ੍ਹਾਂ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹਨ ਅਤੇ ਕੇਂਦਰ ਦੀ ਮੋਦੀ ਸਰਕਾਰ ਵੱਡੀਆਂ ਕੰਪਨੀਆਂ ਰਾਹੀਂ ਕਿਸਾਨਾਂ ਦੀ ਲੁੱਟ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਵਾਮੀਨਾਥਨ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਕਰਨ ਦਾ ਵਾਅਦਾ ਕੀਤਾ ਸੀ, ਜਿਸ ਨੂੰ ਪੁਗਾਉਣਾ ਤਾ ਕੀ ਸੀ, ਉਲਟਾ ਆਰਡੀਨੈਂਸ ਲੈ ਆਂਦਾ। ਭਾਜਪਾ ਪ੍ਰਧਾਨ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਵਿਰੋਧੀ ਪਾਰਟੀਆਂ ਦੇ ਬਹਿਕਾਵੇ ਵਿੱਚ ਨਾ ਆਉਣ। ਉਨ੍ਹਾਂ ਪੰਜਾਬ ਦੀ ਕੈਪਟਨ ਸਰਕਾਰ ਉਪਰ ਨਿਸ਼ਾਨਾ ਸੇਧਦਿਆਂ ਕਿਹਾ ਕਿ ਹਿਮਾਚਲ ਸਰਕਾਰ ਨੇ ਤਾਂ ਜਿਣਸਾਂ ਦੇ ਰੇਟ ਕੁੱਝ ਠੀਕ ਕੀਤੇ ਹਨ, ਪਰ ਪੰਜਾਬ ਸਰਕਾਰ ਆਪਣੇ ਕੋਲੋਂ ਕੁਝ ਨਹੀਂ ਕਰ ਰਹੀ।

ਕਿਸਾਨ ਮਜ਼ਦੂਰ ਕਮੇਟੀ ਸੰਘਰਸ਼ ਵੱਲੋਂ ਸੰਘਰਸ਼ ਦਾ ਐਲਾਨ

ਅੰਮ੍ਰਿਤਸਰ : ਕੇਂਦਰੀ ਖੇਤੀ ਬਿੱਲਾਂ ਦਾ ਵਿਰੋਧ ਕਰ ਰਹੀ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅੱਜ ਸੂਬਾ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿੱਚ ਕੇਂਦਰੀ ਬਿਲ ਰੱਦ ਕਰਾਉਣ ਵਾਸਤੇ 7 ਸਤੰਬਰ ਤੋਂ ਸੂਬੇ ਵਿੱਚ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਬਾਹਰ ਪੱਕੇ ਧਰਨੇ ਲਾਉਣ ਅਤੇ ਜੇਲ੍ਹ ਭਰੋ ਮੋਰਚਾ ਸ਼ੁਰੂ ਕਰਨ ਦਾ ਫ਼ੈਸਲਾ ਲਿਆ। ਜਥੇਬੰਦੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਅੱਜ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਕੇਂਦਰੀ ਬਿੱਲ ਰੱਦ ਕਰਾਉਣ ਲਈ ਤਿੱਖਾ ਸੰਘਰਸ਼ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ, ਜਿਸ ਤਹਿਤ ਸੱਤ ਸਤੰਬਰ ਤੋਂ ਸੂਬੇ ਦੇ ਨੌਂ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਬਾਹਰ ਪੱਕੇ ਧਰਨੇ ਲਾਏ ਜਾਣਗੇ। ਪੱਕੇ ਧਰਨੇ ਲਾਉਣ ਮਗਰੋਂ ਜੇਲ੍ਹ ਭਰੋ ਮੋਰਚਾ ਸ਼ੁਰੂ ਕੀਤਾ ਜਾਵੇਗਾ ਅਤੇ ਰੋਜ਼ਾਨਾ ਗ੍ਰਿਫ਼ਤਾਰੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਗ੍ਰਿਫ਼ਤਾਰੀਆਂ ਨਾ ਕੀਤੀਆਂ ਤਾਂ ਹੋਰ ਤਿੱਖੇ ਐਕਸ਼ਨ ਦਾ ਫ਼ੈਸਲਾ ਲਿਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਇਸ ਸਬੰਧ ਵਿੱਚ ਲੋਕਾਂ ਨੂੰ ਲਾਮਬੰਦ ਕਰਨ ਲਈ 31 ਜੁਲਾਈ ਤੱਕ ਜ਼ਿਲ੍ਹਾ ਮੀਟਿੰਗਾਂ ਕੀਤੀਆਂ ਜਾਣਗੀਆਂ। ਮੀਟਿੰਗ ਵਿੱਚ ਜਥੇਬੰਦੀ ਨੇ ਤਿੰਨੋਂ ਕੇਂਦਰੀ ਬਿੱਲਾਂ ਸਣੇ ਬਿਜਲੀ ਸੋਧ ਬਿੱਲ-2020 ਨੂੰ ਵੀ ਰੱਦ ਕਰ ਦਿੱਤਾ ਹੈ।

Leave a Reply

Your email address will not be published. Required fields are marked *