ਬੱਸ ‘ਚ ਮਿਲੀ ਅਣਜਾਣ ਕੁੜੀ ਤੋਂ ਸ਼ੁਰੂ ਹੋਈ ਕਹਾਣੀ,ਬ੍ਰਾਜ਼ੀਲ ‘ਚ ਫਸਿਆ ਪੁੱਤ, ਪਿਓ ਨੂੰ ਆਇਆ ਬ੍ਰੇਨ ਅਟੈਕ

ਜਲੰਧਰ: ਕੈਨੇਡਾ ਵਿਚ ਪੀ. ਆਰ. ਦਿਵਾਉਣ ਦਾ ਝਾਂਸਾ ਦੇ ਕੇ ਇਕ ਏਜੰਟ ਜਲੰਧਰ ਦੇ ਨੌਜਵਾਨ ਨੂੰ ਕੀਨੀਆ ਅਤੇ ਬ੍ਰਾਜ਼ੀਲ ਵਿਚ 2 ਮਹੀਨੇ ਘੁਮਾਉਂਦਾ ਰਿਹਾ। ਉਸਨੇ ਪਰਿਵਾਰ ਕੋਲੋਂ ਮੋਟੀ ਰਕਮ ਵੀ ਲੈ ਲਈ ਪਰ ਇਸਦੇ ਬਾਵਜੂਦ ਨਾ ਤਾਂ ਨੌਜਵਾਨ ਨੂੰ ਕੈਨੇਡਾ ਭੇਜਿਆ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਮੋੜੇ। ਅਜਿਹੇ ਵਿਚ ਪੀੜਤ ਧਿਰ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਤਾਂ ਜਾਂਚ ਤੋਂ ਬਾਅਦ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੇ ਏਜੰਟ ਸੁਰਿੰਦਰਪਾਲ ਪੁੱਤਰ ਗਿਆਨ ਚੰਦ ਨਿਵਾਸੀ ਗੜ੍ਹਾ ਰੋਡ ਫਿਲੌਰ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ। ਫ਼ਿਲਹਾਲ ਏਜੰਟ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ।

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਗੁਰਮੀਤ ਕੌਰ ਪਤਨੀ ਜੋਗਿੰਦਰ ਸਿੰਘ ਨਿਵਾਸੀ ਗੁਰੂ ਨਾਨਕਪੁਰਾ ਈਸਟ ਨੇ ਦੱਸਿਆ ਕਿ 2018 ਨੂੰ ਜਦੋਂ ਉਹ ਨਕੋਦਰ ਨੂੰ ਜਾ ਰਹੀ ਸੀ, ਉਸਨੂੰ ਬੱਸ ਵਿਚ ਇਕ ਅਣਜਾਣ ਕੁੜੀ ਮਿਲੀ, ਜਿਹੜੀ ਇਮੀਗ੍ਰੇਸ਼ਨ ਦਾ ਕੰਮ ਕਰਦੀ ਸੀ। ਉਸ ਨੇ ਆਪਣੇ ਪੁੱਤਰ ਗਗਨਦੀਪ ਨੂੰ ਵਿਦੇਸ਼ ਭੇਜਣ ਦੀ ਗੱਲ ਕਹੀ ਤਾਂ ਕੁੜੀ ਨੇ ਗੁਰਮੀਤ ਕੌਰ ਦਾ ਨੰਬਰ ਲੈ ਲਿਆ। ਉਸ ਤੋਂ ਬਾਅਦ ਉਕਤ ਕੁੜੀ ਰੋਜ਼ਾਨਾ ਗੁਰਮੀਤ ਕੌਰ ਨੂੰ ਫੋਨ ਕਰਨ ਲੱਗੀ।

ਅਜਿਹੇ ਵਿਚ ਉਸਨੂੰ ਇਕ ਏਜੰਟ ਨਾਲ ਮੀਟਿੰਗ ਕਰਵਾਉਣ ਦੀ ਗੱਲ ਕਹੀ ਤਾਂ ਕੁੜੀ ਏਜੰਟ ਸੁਰਿੰਦਰਪਾਲ ਨੂੰ ਨਾਲ ਲੈ ਕੇ ਪੁਲਸ ਲਾਈਨ ਵਿਚ ਸਥਿਤ ਇਕ ਰੈਸਟੋਰੈਂਟ ਵਿਚ ਆ ਗਈ। ਏਜੰਟ ਨੇ ਉਸ ਨੂੰ ਭਰੋਸਾ ਦਿੱਤਾ ਕਿ ਗਗਨਦੀਪ ਅਤੇ ਉਸਦੀ ਪਤਨੀ ਨੂੰ ਉਹ ਯੂਰਪ ਭੇਜ ਦੇਵੇਗਾ ਅਤੇ ਸਾਰੇ ਪੈਸੇ ਵੀਜ਼ਾ ਆਉਣ ਤੋਂ ਬਾਅਦ ਹੀ ਲਵੇਗਾ। ਅਪਲਾਈ ਕਰਨ ’ਤੇ ਦੋਵਾਂ ਦਾ ਵੀਜ਼ਾ ਰਿਜੈਕਟ ਹੋ ਗਿਆ। ਸੁਰਿੰਦਰਪਾਲ ਦੁਬਾਰਾ ਉਨ੍ਹਾਂ ਨੂੰ ਮਿਲਿਆ ਤੇ ਭਰੋਸਾ ਦਿੱਤਾ ਕਿ ਉਹ ਇਕੱਲੇ ਗਗਨਦੀਪ ਨੂੰ ਕੈਨੇਡਾ ਭੇਜ ਦੇਵੇਗਾ ਪਰ ਉਸ ਲਈ ਉਸ ਨੂੰ ਇਕ ਮਹੀਨਾ ਬ੍ਰਾਜ਼ੀਲ ’ਚ ਰਹਿਣਾ ਪਵੇਗਾ, ਜਿਸ ਤੋਂ ਬਾਅਦ ਉਸ ਦੀ ਪੀ. ਆਰ. ਵੀ ਲੁਆ ਦੇਵੇਗਾ।

ਬ੍ਰਾਜ਼ੀਲ ਭੇਜਣ ਲਈ ਏਜੰਟ ਨੇ ਗੁਰਮੀਤ ਕੌਰ ਕੋਲੋਂ ਟਿਕਟ ਦੇ 2.5 ਲੱਖ ਰੁਪਏ ਮੰਗੇ ਤੇ ਕਿਹਾ ਕਿ ਵੀਜ਼ਾ ਦੇ ਪੈਸੇ ਉਹ ਬਾਅਦ ’ਚ ਲੈ ਲਵੇਗਾ। 10 ਦਸੰਬਰ 2018 ਨੂੰ ਪੈਸੇ ਲੈਣ ਤੋਂ ਬਾਅਦ ਸੁਰਿੰਦਰਪਾਲ ਨੇ ਗਗਨਦੀਪ ਦੀ 26 ਦਸੰਬਰ 2018 ਨੂੰ ਕੀਨੀਆ ਦੀ ਟਿਕਟ ਕਰਵਾ ਦਿੱਤੀ। ਦੋਸ਼ ਹੈ ਕਿ ਗਗਨਦੀਪ ਨੂੰ ਇਕ ਮਹੀਨਾ ਕੀਨੀਆ ਦੇ ਇਕ ਹੋਟਲ ਵਿਚ ਰੱਖਿਆ ਗਿਆ ਅਤੇ ਸਾਰਾ ਖ਼ਰਚਾ ਵੀ ਉਨ੍ਹਾਂ ਨੂੰ ਹੀ ਕਰਨਾ ਪਿਆ। ਜਦੋਂ ਉਨ੍ਹਾਂ ਗਗਨਦੀਪ ਨੂੰ ਬ੍ਰਾਜ਼ੀਲ ਭੇਜਣ ਦੀ ਮੰਗ ਕੀਤੀ ਤਾਂ ਏਜੰਟ ਵੀਜ਼ਾ ਲੁਆਉਣ ਲਈ ਪੀੜਤ ਧਿਰ ਕੋਲੋਂ 4 ਲੱਖ ਰੁਪਏ ਮੰਗਣ ਲੱਗਾ। ਪੁੱਤ ਨੂੰ ਫਸਿਆ ਵੇਖ ਉਸਦੀ ਮਾਂ ਨੇ ਏਜੰਟ ਨੂੰ 4 ਲੱਖ ਰੁਪਏ ਵੀ ਦੇ ਦਿੱਤੇ, ਜਿਸ ਤੋਂ ਬਾਅਦ ਗਗਨਦੀਪ ਬ੍ਰਾਜ਼ੀਲ ਤਾਂ ਪਹੁੰਚ ਗਿਆ ਪਰ ਉਸਨੂੰ ਕੈਨੇਡਾ ਨਹੀਂ ਭੇਜਿਆ ਗਿਆ।

ਗੱਲਾਂ ਵਿਚ ਲਾ ਕੇ ਪੀੜਤ ਧਿਰ ਨੇ ਏਜੰਟ ਨੂੰ ਘਰ ਬੁਲਾ ਕੇ ਉਸ ਦੇ 2 ਚੈੱਕ ਰੱਖ ਲਏ। ਖ਼ੁਦ ਨੂੰ ਫਸਿਆ ਦੇਖ ਏਜੰਟ ਨੇ 1.75 ਲੱਖ ਰੁਪਏ ਤਾਂ ਮੋੜ ਦਿੱਤੇ ਪਰ ਗਗਨਦੀਪ ਨੂੰ ਕੈਨੇਡਾ ਨਹੀਂ ਭੇਜਿਆ ਤੇ ਬਾਕੀ ਦੇ 1.75 ਲੱਖ ਰੁਪਏ ਵੀ ਨਹੀਂ ਮੋੜੇ। ਇਸ ਦੌਰਾਨ ਪੁੱਤ ਦੀ ਟੈਨਸ਼ਨ ਕਾਰਨ ਗਗਨਦੀਪ ਦੇ ਪਿਤਾ ਜੋਗਿੰਦਰ ਸਿੰਘ ਨੂੰ ਬ੍ਰੇਨ ਦਾ ਅਟੈਕ ਆ ਗਿਆ। ਗਗਨਦੀਪ ਬ੍ਰਾਜ਼ੀਲ ਵਿਚ ਫਸ ਗਿਆ ਸੀ, ਜਿਸ ਕਾਰਨ ਗੁਰਮੀਤ ਕੌਰ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਅਤੇ ਲੰਮੀ ਜਾਂਚ ਤੋਂ ਬਾਅਦ ਮੁਲਜ਼ਮ ਏਜੰਟ ਸੁਰਿੰਦਰਪਾਲ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਗਿਆ।

Leave a Reply

Your email address will not be published. Required fields are marked *