ਪੁਲੀਸ ਦੀ ਕਾਰਵਾਈ ਤੋਂ ਖਫ਼ਾ ਔਰਤ ਨੇ ਖ਼ੁਦ ਨੂੰ ਅੱਗ ਲਾਈ

ਸ੍ਰੀ ਗੋਇੰਦਵਾਲ ਸਾਹਿਬ : ਥਾਣਾ ਗੋਇੰਦਵਾਲ ਸਾਹਿਬ ਦੇ ਅਧੀਨ ਆਉਂਦੇ ਪਿੰਡ ਭੈਲ ਢਾਏ ਵਾਲਾ ’ਚ ਹਵੇਲੀ ਨੂੰ ਜਾਂਦੇ ਰਸਤੇ ਨੂੰ ਲੈ ਕੇ ਚੱਲ ਰਹੇ ਵਿਵਾਦ ਦੌਰਾਨ ਬਜ਼ੁਰਗ ਔਰਤ ਨੇ ਪੁਲੀਸ ਦੀ ਇੱਕਤਰਫਾ ਕਾਰਵਾਈ ਤੋਂ ਦੁਖੀ ਹੋ ਕੇ ਪੁਲੀਸ ਦੀ ਹਾਜ਼ਰੀ ਵਿਚ ਖ਼ੁਦ ਨੂੰ ਅੱਗ ਲਗਾ ਲਈ। ਊਸ ਨੂੰ ਗੰਭੀਰ ਹਾਲਤ ’ਚ ਤਰਨ ਤਾਰਨ ਦੇ ਇੱਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਜਾਣਕਾਰੀ ਅਨੁਸਾਰ ਬਲਬੀਰ ਕੌਰ ਪਤਨੀ ਆਤਮਾ ਸਿੰਘ ਵਾਸੀ ਭੈਲ ਢਾਏ ਵਾਲਾ ਦਾ ਹਵੇਲੀ ਨੂੰ ਜਾਂਦੇ ਰਸਤੇ ਨੂੰ ਲੈ ਕੇ ਅਮਰਜੀਤ ਕੌਰ ਪਤਨੀ ਸਵਿੰਦਰ ਸਿੰਘ ਨਾਲ ਵਿਵਾਦ ਹੈ। ਉਕਤ ਗਲੀ ’ਚ ਪੰਚਾਇਤ ਨੇ ਅਗਸਤ 2016 ਵਿੱਚ ਸਰਕਾਰੀ ਇੱਟਾਂ ਲਗਾ ਦਿੱਤੀਆਂ, ਜਿਸ ਸਬੰਧੀ ਬਲਬੀਰ ਕੌਰ ਨੇ ਪੰਚਾਇਤ ਖ਼ਿਲਾਫ਼ ਜਨਵਰੀ 2017 ’ਚ ਅਦਾਲਤ ਵਿੱਚ ਕੇਸ ਕੀਤਾ ਸੀ। ਗਲੀ ਨੂੰ ਨਿੱਜੀ ਜਾਇਦਾਦ ਦੱਸ ਰਹੀ ਬਲਬੀਰ ਕੌਰ ਜਦ ਇਸ ਥਾਂ ’ਤੇ ਗੇਟ ਲਗਾਉਣ ਲੱਗੀ ਤਾਂ ਦੂਜੀ ਧਿਰ ਨੇ ਪੁਲੀਸ ਸੱਦ ਲਈ। ਮੌਕੇ ’ਤੇ ਪਹੁੰਚੀ ਚੌਕੀ ਡੇਹਰਾ ਸਾਹਿਬ ਦੀ ਪੁਲੀਸ ਵੱਲੋਂ ਬਲਬੀਰ ਕੌਰ ਨੂੰ ਗੇਟ ਲਗਾਉਣ ਤੋਂ ਰੋਕਿਆ ਤਾਂ ਊਸ ਨੇ ਪੁਲੀਸ ਦੀ ਹਾਜ਼ਰੀ ਵਿੱਚ ਹੀ ਖ਼ੁਦ ਨੂੰ ਅੱਗ ਲਗਾ ਲਈ।

ਬਲਬੀਰ ਕੌਰ ਦੇ ਲੜਕੇ ਮਨਜੀਤ ਸਿੰਘ ਨੇ ਦੋਸ਼ ਲਾਇਆ ਕਿ ਪੁਲੀਸ ਸਿਆਸੀ ਦਬਾਅ ਕਾਰਨ ਇਕਤਰਫ਼ਾ ਕਾਰਵਾਈ ਕਰ ਰਹੀ ਹੈ, ਜਿਸ ਤੋਂ ਦੁਖੀ ਹੋ ਕੇ ਊਸ ਦੀ ਮਾਂ ਨੇ ਖ਼ੁਦ ਨੂੰ ਅੱਗ ਲਗਾ ਲਈ।

ਡੀਐੱਸਪੀ ਨੇ ਦੋਸ਼ ਨਕਾਰੇ

ਡੀਐੱਸਪੀ ਕਮਲਪ੍ਰੀਤ ਸਿੰਘ ਮੰਡ ਨੇ ਦੱਸਿਆ ਕਿ ਮਾਮਲੇ ’ਚ ਪੁਲੀਸ ਦਾ ਕੋਈ ਦੋਸ਼ ਨਹੀਂ ਹੈ, ਪੁਲੀਸ ਸਿਰਫ਼ ਦੋਵਾਂ ਧਿਰਾਂ ਵਿਚਾਲੇ ਹੋਏ ਤਕਰਾਰ ਦੇ ਮੱਦੇਨਜ਼ਰ ਗਈ ਸੀ। ਥਾਣਾ ਮੁਖੀ ਹਰਿੰਦਰ ਸਿੰਘ ਨੇ ਦੱਸਿਆ ਕਿ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੀ ਔਰਤ ਬਲਬੀਰ ਕੌਰ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *