ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕੀਆਂ; ਵਿਧਾਇਕਾਂ ਨੂੰ ਮਿਲਣ ਵਾਲਾ ਮੋਬਾਈਲ ਭੱਤਾ ਬੰਦ ਕਰਨ ਦੀ ਮੰਗ

ਨੂਰਪੁਰ ਬੇਦੀ : ਪੰਜਾਬ ਸਰਕਾਰ ਵੱਲੋਂ ਹਰ ਰੋਜ਼ ਮੁਲਾਜ਼ਮ ਵਿਰੋਧੀ ਫੈ਼ਸਲੇ ਲਏ ਜਾਣ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਸ ਦੇ ਰੋਸ ਵੱਜੋਂ ਮਾਸਟਰ ਕੇਡਰ ਯੂਨੀਅਨ ਬਲਾਕ ਨੂਰਪੁਰ ਬੇਦੀ ਦੇ ਅਧਿਆਪਕਾਂ ਨੇ ਕੋਵਿਡ-19 ਸਬੰਧੀ ਹਦਾਇਤਾਂ ਦੀ ਪਾਲਨਾ ਕਰਦੇ ਹੋਏ ਸਥਾਨਕ ਰੈਸਟ ਹਾਊਸ ਵਿਚ ਫਾਊਂਡਰ ਮੈਂਬਰ ਵਸ਼ਿੰਗਟਨ ਸਿੰਘ ਸਮੀਰੋਵਾਲ, ਜ਼ੋਨਲ ਪ੍ਰਧਾਨ ਕਮਲਜੀਤ ਸਿੰਘ ਸਮੀਰੋਵਾਲ ਦੀ ਅਗਵਾਈ ਹੇਠ ਮੁਲਾਜ਼ਮ ਵਿਰੋਧੀ ਨੋਟੀਫਿਕੇਸ਼ਨਾਂ ਦੀਆਂ ਕਾਪੀਆਂ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜਨਰਲ ਸਕੱਤਰ ਭਵਨ ਸਿੰਘ ਸੈਣੀ ਨੇ ਦੱਸਿਆ ਕਿ ਮੋਬਾਈਲ ਭੱਤਾ ਕਟੋਤੀ, ਕੇਂਦਰ ਤਨਖਾਹ ਕਮਿਸ਼ਨ ਨੂੰ ਪੰਜਾਬ ਦੇ ਮੁਲਜ਼ਾਮਾਂ ਦੇ ਜਬਰੀ ਥੋਪਣਾ, 15-20-25 ਸੇਵਾ ਚੁੱਕੇ ਮੁਲਾਜ਼ਮਾਂ ਦੀ ਛਾਂਟੀ ਕਰਨ ਦੇ ਮੁਲਾਜ਼ਮ ਵਿਰੋਧੀ ਨੋਟੀਫਿਕੇਸ਼ਨਾਂ ਦਾ ਸਖ਼ਤ ਸ਼ਬਦਾਂ ਵਿੱਚ ਵਿਰੋਧ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਤਜਿੰਦਰ ਸਿੰਘ ਸੈਣੀਮਾਜ਼ਰਾ ਨੇ ਕਿਹਾ ਕਿ ਅੱਜ ਜਦੋਂ ਮੁਲਾਜ਼ਮ ਕਰੋਨਾ ਦੇ ਦੌਰ ਵਿੱਚ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਬਿਨਾਂ ਹਰ ਫਰੰਟ ’ਤੇ ਪੰਜਾਬ ਸਰਕਾਰ ਦਾ ਸਾਥ ਦੇ ਰਹੇ ਹਨ ਤੇ ਸਰਕਾਰ ਨੂੰ ਉਨ੍ਹਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਨਾ ਕਿ ਉਨ੍ਹਾਂ ਦੀਆਂ ਸਹੂਲਤਾਂ ਖੋਹਣੀਆਂ ਚਾਹੀਦੀਆਂ ਹਨ। ਇਨ੍ਹਾਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਲਈ ਸ਼ਰਮ ਦੀ ਗੱਲ ਹੈ ਕਿ ਹੁਣ ਜਦੋਂ ਸਾਰੇ ਅਧਿਆਪਕ ਆਨਲਾਈਨ ਬੱਚਿਆਂ ਦੀ ਪੜ੍ਹਾਈ ਕਰਵਾ ਰਹੇ ਹਨ ਤਾਂ ਸਰਕਾਰ ਮੋਬਾਈਲ ਭੱਤੇ ਦੀ ਕਟੋਤੀ ਕਰ ਰਹੀ ਹੈ। ਜੇਕਰ ਸਰਕਾਰ ਨੇ ਕਟੋਤੀ ਕਰਨੀ ਹੈ ਤਾਂ ਵਿਧਾਇਕਾਂ ਨੂੰ ਦਿੱਤੇ ਜਾਂਦੇ 15000 ਰੁਪਏ ਦੇ ਟੈਲੀਫੋਨ ਭੱਤੇੇ ਨੂੰ ਬੰਦ ਕਰੇ ਅਤੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਇੱਕ ਤੋਂ ਵੱਧ ਜੋ ਪੈਨਸ਼ਨਾਂ ਦੀ ਸਹੂਲਤ ਦਿੱਤੀ ਜਾਂਦੀ ਹੈ ਉਸ ਨੂੰ ਬੰਦ ਕੀਤਾ ਜਾਵੇ ਤਾਂ ਜੋ ਖ਼ਜ਼ਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਨਾ ਲੱਗੇ।

ਚਮਕੌਰ ਸਾਹਿਬ (ਸੰਜੀਵ ਬੱਬੀ): ਪੰਜਾਬ ਸਟੇਟ ਕਰਮਚਾਰੀ ਦਲ ਚਮਕੌਰ ਸਾਹਿਬ ਤੇ ਮੋਰਿੰਡਾ ਦੇ ਪ੍ਰਧਾਨ ਬਲਦੇਵ ਸਿੰਘ ਮਾਣੇਮਾਜਰਾ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਪਰਵਿੰਦਰ ਸਿੰਘ ਨੇ ਸਾਂਝੇ ਬਿਆਨ ਰਾਹੀਂ ਪੰਜਾਬ ਸਰਕਾਰ ਵੱਲੋਂ ਕਰੋਨਾ ਦੇ ਚੱਲਦਿਆਂ ਮੁਲਾਜ਼ਮਾਂ ਦੇ ਮੋਬਾਇਲ ਭੱਤੇ ’ਤੇ ਅਗਸਤ ਮਹੀਨੇ ਤੋਂ ਕੱਟ ਲਗਾਉਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪਹਿਲਾਂ ਹੀ ਹਰ ਮਹੀਨੇ 200 ਰੁਪਏ ਵਿਕਾਸ ਟੈਕਸ ਦੇ ਨਾਮ ’ਤੇ ਮੁਲਾਜ਼ਮਾਂ ਤੋਂ ਵਸੂਲ ਰਹੀ ਹੈ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮੋਬਾਈਲ ਭੱਤੇ ਦੇ ਹੁਕਮ ਵਾਪਸ ਲਏ ਜਾਣ।  

#ਨੋਟੀਫਿਕੇਸ਼ਨ #ਕਾਪੀਆਂ #ਮੁਲਾਜ਼ਮ #ਅਧਿਆਪਕ

Leave a Reply

Your email address will not be published. Required fields are marked *