ਪੰਜਾਬ ’ਚ ਜਿਮ ਤੇ ਕੋਚਿੰਗ ਸੈਂਟਰ ਖੋਲ੍ਹਣ ਬਾਰੇ ਫ਼ੈਸਲਾ ਅਜੇ ਨਹੀਂ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਨਲੌਕ 3.0 ਦੇ ਕੇਂਦਰੀ ਦਿਸ਼ਾ-ਨਿਰਦੇਸ਼ਾਂ ਮਗਰੋਂ ਜਿਮ ਅਤੇ ਕੋਚਿੰਗ ਸੈਂਟਰ ਖੋਲ੍ਹਣ ਬਾਰੇ ਡਿਪਟੀ ਕਮਿਸ਼ਨਰਾਂ ਦੇ ਸੁਝਾਅ ਮੰਗੇ ਹਨ ਤਾਂ ਜੋ ਇਸ ਸਬੰਧੀ ਅਤੇ ਅਨਲੌਕ 3.0 ਦੀਆਂ ਹੋਰ ਛੋਟਾਂ ਬਾਰੇ ਅੰਤਿਮ ਫ਼ੈਸਲਾ ਲਿਆ ਜਾ ਸਕੇ। ਮੁੱਖ ਮੰਤਰੀ ਨੇ ਅੱਜ ਕੋਵਿਡ-19 ਮਹਾਮਾਰੀ ਉੱਤੇ ਕਾਬੂ ਪਾਉਣ ਅਤੇ ਪ੍ਰਬੰਧਾਂ ਬਾਰੇ ਸਿਹਤ ਅਧਿਕਾਰੀਆਂ ਅਤੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਸਮੀਖਿਆ ਮੀਟਿੰਗ ਦੌਰਾਨ ਕਿਹਾ ਕਿ ਕੇਂਦਰ ਦੇ ਦਿਸ਼ਾ-ਨਿਰਦੇਸ਼ਾਂ ਦੇ ਮੱਦੇਨਜ਼ਰ ਜਿਮ ਆਦਿ ਖੋਲ੍ਹੇ ਜਾਣ ਬਾਰੇ ਫ਼ੈਸਲਾ ਜ਼ਮੀਨੀ ਹਕੀਕਤ ਜਾਣਨ ਮਗਰੋਂ ਹੀ ਲਿਆ ਜਾਵੇਗਾ।

ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਇਸ ਸਬੰਧੀ ਗਹਿਰਾਈ ਨਾਲ ਸੋਚ-ਵਿਚਾਰ ਕਰਕੇ ਆਪਣੇ ਸੁਝਾਅ ਅਤੇ ਵਿਚਾਰ ਮੁੱਖ ਸਕੱਤਰ ਵਿਨੀ ਮਹਾਜਨ ਤੱਕ ਪਹੁੰਚਾਉਣ ਲਈ ਆਖਿਆ ਹੈ ਤਾਂ ਜੋ ਅਗਲਾ ਫ਼ੈਸਲਾ ਲਿਆ ਜਾ ਸਕੇ। ਉਨ੍ਹਾਂ ਪੰਜਾਬ ਵਿਚ ਕਰੋਨਾਵਾਇਰਸ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਸਖ਼ਤੀ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਹਾਲਾਂਕਿ ਨੌਜਵਾਨਾਂ ਵੱਲੋਂ ਜਿਮ ਅਤੇ ਕੋਚਿੰਗ ਸੰਸਥਾਨ ਖੋਲ੍ਹੇ ਜਾਣ ਦੀ ਮੰਗ ਕੀਤੀ ਜਾ ਰਹੀ ਸੀ ਪਰ ਇਸ ਸਬੰਧੀ ਰੂਪ-ਰੇਖਾ ਉਲੀਕਣ ਲਈ ਗੰਭੀਰਤਾ ਨਾਲ ਸੋਚ-ਵਿਚਾਰ ਮਗਰੋਂ ਸਾਰੇ ਬਦਲਾਂ ਉੱਤੇ ਗੌਰ ਕੀਤਾ ਜਾਣਾ ਜ਼ਰੂਰੀ ਹੈ। ਕੈਪਟਨ ਨੇ ਕੁਝ ਦੁਕਾਨਦਾਰਾਂ ਵੱਲੋਂ ਕੋਵਿਡ ਪ੍ਰੋਟੋਕੋਲ ਅਤੇ ਸਮਾਜਿਕ ਦੂਰੀ ਦੇ ਨੇਮਾਂ ਦੀ ਉਲੰਘਣਾ ਕਰਨ ਸਬੰਧੀ ਰਿਪੋਰਟਾਂ ਦਾ ਗੰਭੀਰ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਕਿ ਪਹਿਲੀ ਗ਼ਲਤੀ ਹੋਣ ’ਤੇ ਤਿੰਨ ਦਿਨ ਲਈ ਦੁਕਾਨਾਂ ਬੰਦ ਕੀਤੀਆਂ ਜਾਣ ਅਤੇ ਗਲਤੀ ਦੁਹਰਾਏ ਜਾਣ ’ਤੇ ਇਹ ਕਾਰਵਾਈ ਵੱਧ ਦਿਨਾਂ ਲਈ ਕੀਤੀ ਜਾਵੇ। ਇਸ ਮੌਕੇ ਡਾ. ਕੇ.ਕੇ. ਤਲਵਾੜ ਨੇ ਕਿਹਾ ਕਿ ਮਾਸਕ ਪਾਉਣਾ ਲੌਕਡਾਊਨ ਵਾਂਗ ਹੀ ਅਸਰਦਾਰ ਹੈ। ਵਧਦੀ ਮੌਤ ਦਰ ’ਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਇਸ ਦਰ ਨੂੰ ਘਟਾਉਣ ਲਈ ਠੋਸ ਕਦਮ ਚੁੱਕਣ ਲਈ ਆਖਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਸਥਿਤੀ ਹੋਰਨਾਂ ਸੂਬਿਆਂ ਨਾਲੋਂ ਬਿਹਤਰ ਹੈ ਪਰ ਕੇਸਾਂ ਦਾ ਵਧਣਾ ਡੂੰਘੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰਾਂ ਨੂੰ ਲੋਕਾਂ ਖਾਸ ਕਰਕੇ ਧਾਰਮਿਕ ਆਗੂਆਂ ਤੇ ਸਮਾਜਿਕ ਸੰਸਥਾਵਾਂ ਤੋਂ ਸਹਿਯੋਗ ਅਤੇ ਮਦਦ ਲੈਣ ਲਈ ਸਿਹਤ ਵਿਭਾਗ ਅਤੇ ਪੁਲੀਸ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਵੱਧ ਪ੍ਰਭਾਵਿਤ ਜ਼ਿਲ੍ਹਿਆਂ ’ਚੋਂ ਅੰਮ੍ਰਿਤਸਰ, ਜਲੰਧਰ, ਪਟਿਆਲਾ ਅਤੇ ਮੁਹਾਲੀ ਦੇ ਡਿਪਟੀ ਕਮਿਸ਼ਨਰਾਂ ਨੇ ਆਪੋ-ਆਪਣੇ ਜ਼ਿਲ੍ਹਿਆਂ ਦੀ ਸਥਿਤੀ ਅਤੇ ਲੋਕਾਂ ਦੀ ਨਿਗਰਾਨੀ, ਟਰੈਕ, ਟੈਸਟ ਅਤੇ ਇਲਾਜ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਜਾਣੂ ਕਰਵਾਇਆ। ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਆਪਣੇ ਸਮੇਤ ਸਰਕਾਰੀ ਦਫ਼ਤਰਾਂ ਵਿੱਚ ਸਮਾਜਿਕ ਦੂਰੀ ਦੇ ਨੇਮਾਂ ਨੂੰ ਅਪਣਾ ਕੇ ਮਿਸਾਲ ਕਾਇਮ ਕਰਨ ਲਈ ਆਖਿਆ। ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਲੋੜਵੰਦਾਂ ਨੂੰ ਮੁਫ਼ਤ ਮਾਸਕ ਵੰਡਣ ਅਤੇ ਜਨਤਕ ਥਾਵਾਂ ’ਤੇ ਸੈਨੀਟਾਈਜ਼ਰ ਤੇ ਮਾਸਕ ਮੁਹੱਈਆ ਕਰਵਾਉਣ ਵਾਲੀਆਂ ਮਸ਼ੀਨਾਂ ਲਾਉਣ ਲਈ ਵੀ ਆਖਿਆ।

Leave a Reply

Your email address will not be published. Required fields are marked *