ਮਾਹਮਦਪੁਰ ’ਚ ਨੌਜਵਾਨ ਨੇ ਟਾਵਰ ਤੋਂ ਛਾਲ ਮਾਰੀ

ਸ਼ੇਰਪੁਰ : ਪਿੰਡ ਮਾਹਮਦਪੁਰ ’ਚ ਬੀਤੀ ਰਾਤ ਮੋਬਾਈਲ ਟਾਵਰ ’ਤੇ ਚੜ੍ਹੇ ਬਲਵੀਰ ਸਿੰਘ ਬੀਰਾ (35) ਨੇ ਦੇਰ ਰਾਤ ਉਪਰੋਂ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਸ਼ੇਰਪੁਰ ਪੁਲੀਸ ਨੇ ਮਰਹੂਮ ਦੇ ਪਿਤਾ ਦੇ ਬਿਆਨਾਂ ’ਤੇ ਪਿੰਡ ਦੇ ਦੋ ਸਾਬਕਾ ਸਰਪੰਚਾਂ ਸਮੇਤ 7 ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਪਰ ਪੀੜਤ ਪਰਿਵਾਰ ਨੇ ਮੁਲਜ਼ਮਾਂ ਦੀ ਤੁਰੰਤ ਗ੍ਰਿਫ਼ਤਾਰੀ ਲਈ ਲਾਸ਼ ਕਾਤਰੋਂ ਚੌਕ ਵਿੱਚ ਰੱਖ ਕੇ ਰੋਸ਼ ਧਰਨਾ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਦੋ ਧੜਿਆਂ ’ਚ ਵੰਡੇ ਪਿੰਡ ਮਾਹਮਦਪੁਰ ’ਚ ਪਹਿਲੀ ਜੁਲਾਈ ਨੂੰ ਜ਼ਹਿਰੀਲੀ ਦਵਾਈ ਪੀ ਕੇ ਅਫ਼ਜ਼ਲ ਮੁਹੰਮਦ ਨੇ ਜਾਨ ਦੇ ਦਿੱਤੀ ਸੀ। ਇਸ ਮਾਮਲੇ ਵਿਚ ਮੌਜੂਦਾ ਸਰਪੰਚ ਦੇ ਪਤੀ ਸਮੇਤ ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਬਲਵਿੰਦਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਮਹੀਨਾ ਪਹਿਲਾਂ ਪਿੰਡ ਦੇ ਅਫ਼ਜ਼ਲ ਮੁਹੰਮਦ ਦੀ ਮੌਤ ਹੋ ਗਈ ਸੀ, ਤਹਿਤ ਉਸ ਦੇ ਪੁੱਤਰ ਜਰਨੈਲ ਸਿੰਘ ਜੈਲਾ ’ਤੇ ਪਰਚਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਉਸ ਦੇ ਦੂਜੇ ਪੁੱਤਰ ਬਲਵੀਰ ਸਿੰਘ ਬੀਰਾ ਨੂੰ ਪਿੰਡ ਦੇ ਸਾਬਕਾ ਸਰਪੰਚ ਗੁਰਮੀਤ ਸਿੰਘ, ਗੁਰਮੀਤ ਸਿੰਘ ਫੌਜੀ, ਨਿਰਭੈ ਸਿੰਘ, ਪੰਚ ਗੋਬਿੰਦ ਸਿੰਘ, ਬਲਵਿੰਦਰ ਸਿੰਘ, ਭਰਭੂਰ ਸਿੰਘ, ਸੁੱਖਾ ਸਿੰਘ ਆਦਿ ਡਰਾਉਂਦੇ ਧਮਕਾਉਂਦੇ ਤੇ ਮਰਨ ਲਈ ਮਜਬੂਰ ਕਰਦੇ ਸਨ। ਬੀਤੀ ਰਾਤ ਉਸ ਦਾ ਪੁੱਤਰ ਘਰੋਂ ਇਹ ਕਹਿ ਕੇ ਚਲਾ ਗਿਆ ਕਿ ਹੁਣ ਉਸ ਨੂੰ ਮਰਨਾ ਹੀ ਪਵੇਗਾ, ਕਿਉਂਕਿ ਉਹ ਉਸ ਦਾ ਖਹਿੜਾ ਨਹੀਂ ਛੱਡਦੇ। ਸਵੇਰ ਸਮੇਂ ਪਤਾ ਲੱਗਿਆ ਕਿ ਉਸਨੇ ਮੋਬਾਈਲ ਟਾਵਰ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪੀੜਤ ਪਰਿਵਾਰ ਤੇ ਉਨ੍ਹਾਂ ਦੇ ਸਮਰਥਕਾਂ ਨੇ ਬਾਅਦ ਦੁਪਹਿਰ ਲਾਸ਼ ਸ਼ੇਰਪੁਰ ਦੇ ਕਾਤਰੋਂ ਚੌਕ ’ਚ ਰੱਖ ਕੇ ਧਰਨਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਮੰਗ ਕੀਤੀ ਕਿ ਨਾਮਜ਼ਦ ਮੁਲਜ਼ਮਾਂ ਨੂੰ ਫੌਰੀ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਸਾਬਕਾ ਸਰਪੰਚ ਸੂਰਜ ਭਾਨ, ਜਰਨੈਲ ਸਿੰਘ ਅਤੇ ਹੋਰਨਾ ’ਤੇ ਦਰਜ ਪਹਿਲੇ ਪਰਚੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਧਰਨਾ ਦੇਰ ਸ਼ਾਮ ਤੱਕ ਜਾਰੀ ਸੀ ਅਤੇ ਪ੍ਰਸ਼ਾਸਨ ਵੱਲੋਂ ਕੋਈ ਸਮਰੱਥ ਅਧਿਕਾਰੀ ਨਹੀਂ ਪੁੱਜਿਆ ਸੀ।

ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲੀਸ ਯਤਨਸ਼ੀਲ: ਡੀਐੱਸਪੀ

ਡੀਐੱਸਪੀ ਪਰਮਜੀਤ ਸਿੰਘ ਨੇ ਕਿਹਾ ਕਿ ਗ੍ਰਿਫ਼ਤਾਰੀ ਲਈ ਪੁਲੀਸ ਸਰਗਰਮ ਹੈ, ਪਹਿਲੇ ਪਰਚੇ ਦੀ ਜਾਂਚ ਸਬੰਧੀ ਐੱਸਪੀ ਨਾਲ ਗੱਲ ਹੋਈ ਹੈ ਤੇ ਉਹ ਪਰਿਵਾਰ ਨਾਲ ਵੀ ਗੱਲ ਕਰ ਰਹੇ ਹਨ।

Leave a Reply

Your email address will not be published. Required fields are marked *