ਐੱਨਜੀਟੀ ਨੇ ਗੇਂਦ ਪੰਜਾਬ ਸਰਕਾਰ ਦੇ ਪਾਲੇ ’ਚ ਸੁੱਟੀ

ਚੰਡੀਗੜ੍ਹ : ਕੌਮੀ ਗਰੀਨ ਟ੍ਰਿਬਿਊਨਲ ਨੇ ਬਠਿੰਡਾ ਥਰਮਲ ਨੂੰ ਪਰਾਲੀ ’ਤੇ ਚਲਾਏ ਜਾਣ ਸਬੰਧੀ ਗੇਂਦ ਪੰਜਾਬ ਸਰਕਾਰ ਦੇ ਪਾਲੇ ਵਿੱਚ ਸੁੱਟ ਦਿੱਤੀ ਹੈ। ਬਠਿੰਡਾ ਦੇ ਲੋਕਾਂ ਨੂੰ ਆਖ਼ਰੀ ਉਮੀਦ ਕੌਮੀ ਗਰੀਨ ਟ੍ਰਿਬਿਊਨਲ ਤੋਂ ਬਚੀ ਸੀ, ਜਿਸ ਨੂੰ ਹੁਣ ਧੱਕਾ ਲੱਗਾ ਹੈ। ਗਰੀਨ ਟ੍ਰਿਬਿਊਨਲ ਨੇ 10 ਅਗਸਤ ਨੂੰ ਆਪਣਾ ਫ਼ੈਸਲਾ ਸੁਣਾ ਦਿੱਤਾ ਹੈ ਕਿ ਬਠਿੰਡਾ ਥਰਮਲ ਨੂੰ ਪਰਾਲੀ ’ਤੇ ਚਲਾਉਣ ਲਈ ਪੰਜਾਬ ਸਰਕਾਰ ਕਾਨੂੰਨ ਮੁਤਾਬਿਕ ਨਾਰਮਜ਼ ਦੇਖ ਕੇ ਢੁਕਵਾਂ ਫ਼ੈਸਲਾ ਕਰ ਸਕਦੀ ਹੈ। ਟ੍ਰਿਬਿਊਨਲ ਨੇ ਮੁੱਖ ਸਕੱਤਰ ਪੰਜਾਬ ਨੂੰ ਹੁਕਮ ਭੇਜ ਦਿੱਤੇ ਹਨ। ਪਾਵਰਕੌਮ ਦੇ ਸੇਵਾਮੁਕਤ ਇੰਜਨੀਅਰ ਦਰਸ਼ਨ ਸਿੰਘ ਤਰਫ਼ੋਂ ਕੌਮੀ ਗਰੀਨ ਟ੍ਰਿਬਿਊਨਲ ਵਿੱਚ ਬਠਿੰਡਾ ਥਰਮਲ ਦੇ ਇੱਕ ਯੂਨਿਟ ਨੂੰ ਪਰਾਲੇ ’ਤੇ ਚਲਾਏ ਜਾਣ ਬਾਰੇ ਪਟੀਸ਼ਨ (ਓ.ਏ 1039 ਆਫ 2019) ਦਾਇਰ ਕੀਤੀ ਗਈ ਸੀ, ਜਿਸ ’ਤੇ ਟ੍ਰਿਬਿਊਨਲ ਨੇ 27 ਜਨਵਰੀ ਨੂੰ ਪਾਵਰਕੌਮ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਪੰਜਾਬ ਊਰਜਾ ਵਿਕਾਸ ਏਜੰਸੀ ਨੂੰ ਨੋਟਿਸ ਜਾਰੀ ਕੀਤਾ ਸੀ। ਟ੍ਰਿਬਿਊਨਲ ਨੇ ਇਨ੍ਹਾਂ ਧਿਰਾਂ ਨੂੰ 3 ਅਪਰੈਲ 2020 ਤੱਕ ਜੁਆਬ ਦੇਣ ਲਈ ਆਖਿਆ ਸੀ।

  ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕੌਮੀ ਟ੍ਰਿਬਿਊਨਲ ਕੋਲ ਆਪਣੀ ਰਿਪੋਰਟ ਦਿੱਤੀ ਹੈ ਜਿਸ ਅਨੁਸਾਰ ਬੋਰਡ ਨੇ ਇੰਜਨੀਅਰਾਂ ਦੀ ਕਮੇਟੀ ਤੋਂ ਬਠਿੰਡਾ ਥਰਮਲ ਨੂੰ ਪਰਾਲੀ ‘ਤੇ ਚਲਾਏ ਜਾਣ ਬਾਰੇ ਸਟੱਡੀ ਕਰਾਈ ਹੈ ਅਤੇ ਇਸ ਕਮੇਟੀ ਨੇ ਦੱਸਿਆ ਹੈ ਕਿ ਇਸ ਨਾਲ ਇੱਕ ਤਾਂ ਪਰਾਲੀ ਦੀ ਢੁਕਵੀਂ ਵਰਤੋਂ ਹੋ ਜਾਵੇਗੀ ਅਤੇ ਨਾਲ ਹੀ ਇਸ ਦੀ ਬਿਜਲੀ ਸਸਤੀ ਵੀ ਪਵੇਗੀ।

  ਦੱਸਣਯੋਗ ਹੈ ਕਿ ਪਾਵਰਕੌਮ ਦੇ ਬੋਰਡ ਆਫ ਡਾਇਰੈਕਟਰਜ਼ ਨੇ 13 ਫਰਵਰੀ 2020 ਨੂੰ ਬਠਿੰਡਾ ਥਰਮਲ ਦੀ ਜ਼ਮੀਨ ਪੁੱਡਾ ਨੂੰ ਸੌਂਪਣ ਦਾ ਮਤਾ ਪਾਸ ਕਰ ਦਿੱਤਾ ਸੀ। ਜਦੋਂਕਿ ਪਹਿਲਾਂ ਪਾਵਰਕੌਮ ਦੇ ਬੋਰਡ ਆਫ ਡਾਇਰੈਕਟਰਜ਼ ਨੇ ਹੀ 21 ਨਵੰਬਰ 2018 ਨੂੰ ਬਠਿੰਡਾ ਥਰਮਲ ਦੇ ਇੱਕ ਯੂਨਿਟ ਨੂੰ ਪਰਾਲੀ ’ਤੇ ਚਲਾਉਣ ਦਾ ਮਤਾ ਪਾਸ ਕੀਤਾ ਸੀ। ਇਹ ਮਤਾ ਹਾਲੇ ਵੀ ਸਰਕਾਰ ਕੋਲ ਪੈਂਡਿੰਗ ਪਿਆ ਹੈ। ਪਹਿਲਾਂ ਪਾਵਰਕੌਮ ਦੀ ਇੱਕ ਯੂਨਿਟ ਨੂੰ 60 ਮੈਗਾਵਾਟ ਦੀ ਸਮਰੱਥਾ ’ਤੇ ਚਲਾਉਣ ਦੀ ਯੋਜਨਾ ਸੀ।

  ਦੂਸਰੀ ਤਰਫ਼ ਹੁਣ ਪਾਵਰਕੌਮ ਵੱਲੋਂ ਤਾਂ ਥਰਮਲ ਦੇ ਚਾਰੋਂ ਯੂਨਿਟ ਨੂੰ ਈ-ਨਿਲਾਮੀ ਰਾਹੀਂ 20 ਅਗਸਤ 2020 ਨੂੰ ਨਿਲਾਮ ਕਰਨ ਦੀ ਪ੍ਰਕਿਰਿਆ ਵਿੱਢ ਦਿੱਤੀ ਹੈ। ਪੰਜਾਬ ਸਰਕਾਰ ਨੇ ਪਹਿਲੀ ਜਨਵਰੀ 2018 ਨੂੰ ਬਠਿੰਡਾ ਥਰਮਲ ਬੰਦ ਕਰ ਕਰ ਦਿੱਤਾ ਸੀ ਅਤੇ ਮਗਰੋਂ ਇਸ ਥਰਮਲ ਦੀ ਜ਼ਮੀਨ ਵੀ ਪੂਡਾ ਨੂੰ ਟਰਾਂਸਫਰ ਕਰ ਦਿੱਤਾ। ਸੁਪਰੀਮ ਕੋਰਟ ਵੀ ਪਰਾਲੀ ਦੇ ਪ੍ਰਬੰਧਨ ਨੂੰ ਲੈ ਕੇ ਸੂਬਾ ਸਰਕਾਰਾਂ ਨੂੰ ਖਿੱਚ ਰਹੀ ਹੈ।

  ਜ਼ਿਕਰਯੋਗ ਹੈ ਕਿ ਪਾਵਰਕੌਮ ਨੇ 13 ਫਰਵਰੀ 2019 ਨੂੰ ਕੇਂਦਰ ਸਰਕਾਰ ਤੋਂ ਬਠਿੰਡਾ ਥਰਮਲ ਦੇ ਇੱਕ ਯੂਨਿਟ ਨੂੰ ਪਰਾਲੀ ‘ਤੇ ਚਲਾਉਣ ਬਾਰੇ ਮਾਲੀ ਮੱਦਦ ਮੰਗੀ ਸੀ। ਕੇਂਦਰੀ ਨਵਿਆਉਣਯੋਗ ਮੰਤਰਾਲੇ ਨੇ 24 ਜੁਲਾਈ ਨੂੰ ਵੀਡੀਓ ਕਾਨਫਰੰਸ ਜ਼ਰੀਏ ਬਠਿੰਡਾ ਥਰਮਲ ਨੂੰ ਪਰਾਲੀ ‘ਤੇ ਚਲਾਏ ਜਾਣ ਬਾਰੇ ਵਿਚਾਰ ਚਰਚਾ ਕੀਤੀ ਸੀ ਅਤੇ ਪਾਵਰਕੌਮ ਤੋਂ ਮੌਜੂਦਾ ਸਥਿਤੀ ਬਾਰੇ ਰਿਪੋਰਟ ਮੰਗੀ ਸੀ ਪ੍ਰੰਤੂ ਹੁਣ ਇਨ੍ਹਾਂ ਸਾਰੀਆਂ ਉਮੀਦਾਂ ਨੂੰ ਬਰੇਕ ਲੱਗਦੀ ਨਜ਼ਰ ਆ ਰਹੀ ਹੈ।

Leave a Reply

Your email address will not be published. Required fields are marked *