ਆਜ਼ਾਦੀ ਘੁਲਾਟੀਆਂ ਦੇ ਵਾਰਸਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ ਨਾਅਰੇਬਾਜ਼ੀ

ਬਠਿੰਡਾ : ਅੱਜ ਬਠਿੰਡਾ ਵਿਖੇ ਫਰੀਡਮ ਫਾਈਟਰਜ਼ ਉੱਤਰਾਧਿਕਾਰੀ ਜਥੇਬੰਦੀ ਪੰਜਾਬ ਬਠਿੰਡਾ ਦੇ ਹਨੂੰਮਾਨ ਵੱਲੋਂ ਧਰਨਾ ਲਗਾ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਧਰਨੇ ਵਿੱਚ ਸੂਬਾ ਖ਼ਜ਼ਾਨਚੀ ਭਰਪੂਰ ਸਿੰਘ ਰਗੜਿਆ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਰਾਬ ਪੀ ਕੇ ਮਰਨ ਵਾਲੇ ਲੋਕਾਂ ਨੂੰ ਨੌਕਰੀਆਂ ਦੇ ਰਹੀ ਹੈ ਤੇ ਦੂਜੇ ਪਾਸੇ ਦੇਸ਼ ਨੂੰ ਆਜ਼ਾਦੀ ਦਿਵਾਉਣ ਵਾਲਿਆਂ ਦੇ ਵਾਰਸ ਮੰਗਾਂ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਲੋਚਨਾ ਕਰਦੇ ਹੋਏ ਕਿਹਾ ਪਿਛਲੇ ਲੰਮੇ ਸਮੇਂ ਤੋਂ ਫਰੀਡਮ ਫਾਈਟਰ ਪਰਿਵਾਰ ਆਪਣੀਆਂ ਮੰਗਾਂ ਲਈ ਵਿੱਤ ਮੰਤਰੀ ਨੂੰ ਮਿਲ ਚੁੱਕੇ ਹਨ। ਉਨ੍ਹਾਂ ਸੁਨਾਮ ਵਿਖੇ ਸ਼ਹੀਦ ਊਧਮ ਸਿੰਘ ਦੀ ਬਰਸੀ ਸਮਾਗਮ ਮੌਕੇ ਪਰਿਵਾਰਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ 5 ਅਗਸਤ ਤੱਕ ਮੰਨ ਲਈਆਂ ਜਾਣਗੀਆਂ। ਉਨ੍ਹਾਂ ਆਪਣੀਆਂ ਮੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਟੌਲ ਪਲਾਜ਼ਾ ਮੁਫ਼ਤ ਕੀਤਾ ਜਾਵੇਗਾ, 300 ਯੂਨਿਟ ਬਿਜਲੀ ਦੀ ਸਹੂਲਤ ਦਿੱਤੀ ਜਾਵੇ, ਟਿਊਬਵੈੱਲ ਕੁਨੈਕਸ਼ਨ ਦਾ ਬਣਦਾ ਕੋਟਾ ਬਹਾਲ ਕਰ ਕੇ ਪੁੱਤ-ਪੋਤੀਆਂ ਨੂੰ ਸ਼ਾਮਲ ਕੀਤਾ ਜਾਵੇ। ਇਸ ਮੌਕੇ ਯੂਨੀਅਨ ਨੇ ਐਲਾਨ ਕੀਤਾ ਕਿ ਜੇ ਉਨ੍ਹਾਂ ਦੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਆਜ਼ਾਦੀ ਦਿਵਸ ਮੌਕੇ ਝੰਡਾ ਝਲਾਉਣਾ ਤੋਂ ਰੋਕਿਆ ਜਾਵੇਗਾ। ਇਸ ਮੌਕੇ ਬਲਦੇਵ ਸਿੰਘ ਬਠਿੰਡਾ, ਬਲਵਿੰਦਰ ਸਿੰਘ ਜੇਠੂਕੇ, ਸੁਰਜੀਤ ਸਿੰਘ ਸੇਲਬਬਰਾਹ, ਸੱਤਪਾਲ ਸਿੰਘ ਲੌਂਗੋਵਾਲ, ਦਲਜੀਤ ਸਿੰਘ, ਰਾਮ ਰਾਜ ਸੇਵਕ ਫਰੀਦਕੋਟ ਹਾਜ਼ਰ ਸਨ।